Panthak News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਾ ਹੋਣ ਦਾ ਮੁੱਖ ਕਾਰਨ ਵੋਟਾਂ ਦਾ ਨਾ ਬਣਨਾ ਹੈ?
Panthak News: ਚੋਣਾਂ ਕਰਵਾਉਣ ਦੀ ਮੰਗ ਕਰਨ ਵਾਲੇ, ਵੋਟਾਂ ਬਣਾਉਣ ’ਚ ਕੋਈ ਖ਼ਾਸ ਦਿਲਚਸਪੀ ਨਹੀਂ ਲੈ ਰਹੇ
Panthak News : ਸ਼੍ਰੋਮਣੀ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਕਰੀਬ 14 ਸਾਲ ਪਹਿਲਾਂ 2011 ਵਿਚ ਹੋਈਆਂ ਸਨ। ਪਰ ਸਰਕਾਰਾਂ ਨੇ ਕਦੇ ਵੀ ਇਹ ਚੋਣ ਸਮੇਂ ਸਿਰ ਨਹੀ ਕਰਵਾਈ। ਹੁਣ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਚੋਣ ਕਰਵਾਉਣ ਲਈ ਗੰਭੀਰ ਹੈ ਪਰ ਇਸ ਦੀਆਂ ਚੋਣਾਂ ਨਾ ਹੋਣ ਦਾ ਇਕ ਕਾਰਨ ਇਹ ਵੀ ਦਸਿਆ ਜਾ ਰਿਹਾ ਹੈ ਕਿ ਅਜੇ ਤਕ ਵੋਟਾਂ ਹੀ ਬਣ ਨਹੀ ਸਕੀਆਂ। ਇਹ ਕਾਰਜ 31 ਜੁਲਾਈ ਤਕ ਹੋ ਜਾਣਾ ਚਾਹੀਦਾ ਸੀ।
ਸਿੱਖ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ ਐਸ ਐਸ ਸਾਰੋਂ ਨੇ ਇਕ ਚੈਨਲ ’ਤੇ ਦਸਿਆ ਕਿ ਹੁਣ ਤਕ ਕੇਵਲ 28 ਲੱਖ ਹੀ ਵੋਟ ਬਣ ਸਕੇ ਹਨ ਜੋ ਬਹੁਤ ਥੋੜ੍ਹੇ ਹਨ। ਸਾਲ 2011 ’ਚ ਕਰੀਬ 55 ਲੱਖ ਵੋਟ ਬਣੇ ਸਨ ਪਰ ਹੁਣ ਸਿੱਖ ਕੋਈ ਵੀ ਦਿਲਚਸਪੀ ਨਹੀ ਵਿਖਾ ਰਹੇ। ਦੂਸਰਾ ਇਹ ਵੋਟਾਂ ਲੋਕ ਸਭਾ,ਵਿਧਾਨ ਸਭਾ ਵਾਂਗ ਘਰ ਘਰ ਜਾ ਕੇ ਸਰਕਾਰੀ ਮਸ਼ੀਨਰੀ ਨਹੀ ਬਣਾਉਂਦੀ ਸਗੋਂ ਵੋਟ ਬਣਾਉਣ ਵਾਲੇ ਨੂੰ ਖੁਦ ਦਫ਼ਤਰਾਂ ’ਚ ਜਾਣਾਂ ਪੈਂਦਾ ਹੈ।
ਸਰਕਾਰੀ ਮੁਲਾਜ਼ਮ ਕੁਰਸੀ ’ਤੇ ਬੈਠੇ ਹੀ ਵੋਟ ਬਣਾਂ ਦਿੰਦੇ ਹਨ। ਇਹ ਵੀ ਇਕ ਵੱਡਾ ਕਾਰਨ ਹੈ ਕਿ ਵੋਟਰ ਦਫ਼ਤਰਾਂ ਦੇ ਚੱਕਰ ਲਾਉਣ ’ਚ ਅਣਸੁਖਾਵਾਂ ਮਹਿਸੂਸ ਕਰਦਾ ਹੈ। ਸਾਰੋਂ ਮੁਤਾਬਕ ਘਰ ਘਰ ਜਾ ਕੇ ਵੋਟ ਬਣਾਉਣ ਲਈ ਸਰਕਾਰ ਕੋਲ ਪਹੁੰਚ ਕੀਤੀ ਹੈ। ਵੋਟ ਬਣਾਉਣ ਦੀ ਉਮਰ 21 ਸਾਲ ਹੈ। 18 ਸਾਲ ਦੀ ਉਮਰ ਕਰਨ ਲਈ ਸਰਕਾਰ ਦੇ ਧਿਆਨ ਵਿਚ ਲਿਆਂਦਾ ਹੈ।
ਇਸ ਤੇ ਸਹਿਜਧਾਰੀਆਂ ਦੀਆਂ ਵੋਟਾਂ ਨਾਲ ਬਣਨ ਕਾਰਨ ਵੀ ਵੋਟ ਰਜਿਸਟ੍ਰੇਸ਼ਨ ਘੱਟ ਹੋਈ ਹੈ। ਵੋਟਾ ਰਜਿਸਟ੍ਰੇਸ਼ਨ ਕਰਵਾਉਣ ਲਈ ਸਿੱਖ ਸੰਸਥਾਵਾਂ ਅਤੇ ਸਿੱਖ ਜਨਤਕ ਪ੍ਰਤੀਨਿਧੀਆਂ ਨੂੰ ਅਗਵਾਈ ਕਰਨੀ ਚਾਹੀਦੀ ਹੈ ਤਾਂ ਜੋ ਸ਼੍ਰੋਮਣੀ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣ ਸਕਣ। ਬੀਬੀ ਕਿਰਨਜੋਤ ਕੌਰ ਮੈਬਰ ਸ਼੍ਰੋਮਣੀ ਕਮੇਟੀ ਨੇ ਵੋਟ ਬਣਾਉਣ ਦਾ ਕੰਮ ਸੌਖਾ ਕਰਨ ਦੀ ਮੰਗ ਕੀਤੀ ਹੈ।