'ਉੱਚਾ ਦਰ ਬਾਬੇ ਨਾਨਕ ਦਾ' ਨੂੰ ਬਾਬੇ ਨਾਨਕ ਦੇ ਜਨਮ-ਪੁਰਬ ਤਕ ਚਲਾਉਣ ਲਈ ਹਰ ਕੁਰਬਾਨੀ ਕਰਾਂਗੇ- ਮੈਂਬਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

'ਉੱਚਾ ਦਰ ਬਾਬੇ ਨਾਨਕ ਦਾ' ਬਪਰੌਰ ਵਿਖੇ ਅੱਜ ਉੱਚਾ ਦਰ ਬਾਬੇ ਨਾਨਕ ਦਾ ਟਰੱਸਟ ਦੇ ਮੈਂਬਰਾਂ ਦੀ ਭਰਵੀਂ ਮਾਸਕ ਮੀਟਿੰਗ ਵਿਚ ਸਾਂਝਾ ਐਲਾਨ ਕੀਤਾ ਗਿਆ...........

While addressing the members of the 'Ucha Dar Babe Nanak Da', S: Joginder Singh

'ਉੱਚਾ ਦਰ ਬਾਬੇ ਨਾਨਕ ਦਾ' ਬਪਰੌਰ ਵਿਖੇ ਅੱਜ ਉੱਚਾ ਦਰ ਬਾਬੇ ਨਾਨਕ ਦਾ ਟਰੱਸਟ ਦੇ ਮੈਂਬਰਾਂ ਦੀ ਭਰਵੀਂ ਮਾਸਕ ਮੀਟਿੰਗ ਵਿਚ ਸਾਂਝਾ ਐਲਾਨ ਕੀਤਾ ਗਿਆ ਕਿ ਜਿੰਨੀ ਵੀ ਕੁਰਬਾਨੀ ਕਰਨ ਦੀ ਲੋੜ ਪਈ, ਕੀਤੀ ਜਾਵੇਗੀ ਅਤੇ ਹਰ ਹਾਲ ਵਿਚ ਬਾਕੀ ਰਹਿੰਦਾ ਕੰਮ ਪੂਰਾ ਕਰ ਕੇ, ਬਾਬਾ ਨਾਨਕ ਜੀ ਦੇ 550ਵੇਂ ਆਗਮਨ ਪੁਰਬ 'ਤੇ 'ਉੱਚਾ ਦਰ' ਨੂੰ ਜਨਤਾ ਲਈ ਖੋਲ੍ਹ ਦਿਤਾ ਜਾਏਗਾ ਤੇ ਬਾਬੇ ਨਾਨਕ ਦੀ ਅਸਲ ਵਿਚਾਰਧਾਰਾ ਉੁਤੇ ਪੁਜਾਰੀ ਸ਼੍ਰੇਣੀ ਵਲੋਂ ਪਾਇਆ ਗਿਆ ਪਰਦਾ ਹਟਾਉਣ ਦਾ ਕੰਮ ਆਰੰਭ ਕਰ ਦਿਤਾ ਜਾਵੇਗਾ। ਗਿਣਤੀਆਂ ਮਿਣਤੀਆਂ ਵਿਚ ਪਏ ਬਿਨਾਂ, 10-12 ਕਰੋੜ ਦੀ ਬਾਕੀ ਲੋੜੀਂਦੀ ਰਕਮ ਪੂਰੀ ਕਰਨ ਲਈ

ਕਈ ਮੈਂਬਰਾਂ ਨੇ 10-10 ਲੱਖ ਅਪਣੇ ਕੋਲੋਂ ਦੇਣ ਦਾ ਐਲਾਨ ਕੀਤਾ ਤੇ 2 ਹਫ਼ਤੇ ਬਾਅਦ, 14 ਨੂੰ ਟਰੱਸਟੀਆਂ ਤੇ ਗਵਰਨਿੰਗ ਕੌਂਸਲ ਦੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਸੱਦ ਲਈ ਗਈ ਹੈ ਜਿਸ ਵਿਚ ਸੰਵਿਧਾਨ ਵਿਚ ਕੁੱਝ ਜ਼ਰੂਰੀ ਸੋਧਾਂ ਕਰਨ ਅਤੇ 'ਉੱਚਾ ਦਰ' ਨੂੰ ਹਰ ਹਾਲਤ ਵਿਚ ਜਨਤਾ ਲਈ ਖੋਲ੍ਹਣ ਬਾਰੇ ਅਗਲੀਆਂ ਵਿਚਾਰਾਂ ਕੀਤੀਆਂ ਜਾਣਗੀਆਂ। ਇਹ ਵੀ ਫ਼ੈਸਲਾ ਕੀਤਾ ਗਿਆ 'ਉੱਚਾ ਦਰ' ਦੇ ਸਾਰੇ 2500 ਮੈਂਬਰਾਂ ਲਈ ਜ਼ਰੂਰੀ ਬਣਾਇਆ ਜਾਏ ਕਿ ਉਹ ਇਸ ਆਖ਼ਰੀ ਹੱਲੇ ਵਿਚ 50 ਹਜ਼ਾਰ ਤੋਂ ਲੈ ਕੇ ਇਕ ਲੱਖ ਦਾ ਉਧਾਰ ਤੁਰਤ ਦੇਣ ਤੇ ਇਸ ਤਰ੍ਹਾਂ ਬਾਕੀ ਲੋੜੀਂਦੇ ਪੈਸੇ ਨੂੰ ਘਰ ਅੰਦਰੋਂ ਹੀ ਪੂਰਾ ਕਰਨ ਦਾ ਉਪਰਾਲਾ ਕੀਤਾ ਜਾਏ।

ਬਪਰੌਰ/'ਉੱਚਾ ਦਰ ਬਾਬੇ ਨਾਨਕ ਦਾ : 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਮਾਸਿਕ ਮੀਟਿੰਗ ਦੌਰਾਨ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੇ ਆਖਿਆ ਕਿ ਅੱਜ ਦੁਨੀਆਂ ਭਰ 'ਚ ਜਿਹੜੀਆਂ ਗ਼ੈਰ ਸਿੱਖ ਕੌਮਾਂ ਪੁਜਾਰੀਵਾਦੀ ਸਿਸਟਮ ਨੂੰ ਛੱਡ ਕੇ ਆਪਣੇ ਧਰਮ ਤੇ ਕੌਮ ਲਈ ਕਾਰਜ ਕਰ ਰਹੀਆਂ ਹਨ, ਉਨ੍ਹਾਂ ਨੂੰ ਸਫ਼ਲਤਾ ਵੀ ਮਿਲ ਰਹੀ ਹੈ ਪਰ ਹੁਣ ਦੁਨੀਆਂ ਦੇ ਕੋਨੇ ਕੋਨੇ 'ਚ ਬੈਠੇ ਸਿੱਖਾਂ ਅਤੇ ਹੋਰ ਕੌਮਾਂ ਨਾਲ ਸਬੰਧਤ ਜਾਗਰੂਕ ਲੋਕਾਂ ਨੂੰ 'ਉੱਚਾ ਦਰ..' ਬਾਰੇ ਸਾਰੀ ਸਮਝ ਆ ਜਾਣ ਦੇ ਬਾਵਜੂਦ ਵੀ ਇਸ ਨੂੰ ਮੁਕੰਮਲ ਕਰਨ ਵਿਚ ਸਹਿਯੋਗ ਨਾ ਦੇਣ ਵਾਲੀ ਗੱਲ ਰੜਕਦੀ ਜ਼ਰੂਰ ਹੈ

ਕਿਉਂਕਿ ਪਹਿਲਾਂ ਡੇਰਾਵਾਦ ਅਤੇ ਪੁਜਾਰੀਵਾਦ ਨੇ 'ਉੱਚਾ ਦਰ..' ਦਾ ਜੋ ਬੇਲੋੜਾ ਵਿਰੋਧ ਕੀਤਾ ਅਤੇ ਸਾਡੇ ਕਈ ਭੈਣ ਭਰਾਵਾਂ ਨੇ ਉਸ ਕੂੜ ਪ੍ਰਚਾਰ ਦੇ ਬਹਿਕਾਵੇ 'ਚ ਆ ਕੇ ਬਿਨਾਂ ਸੋਚੇ ਸਮਝੇ ਰੋਜ਼ਾਨਾ ਸਪੋਕਸਮੈਨ ਤੇ 'ਉੱਚਾ ਦਰ..' ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ, ਹੁਣ ਉਨ੍ਹਾਂ ਨੂੰ ਵੀ ਸਮਝ ਆ ਗਈ ਹੈ ਕਿ 'ਉੱਚਾ ਦਰ..' ਦੀ ਲੋੜ ਕਿਉਂ ਪਈ ਅਤੇ ਪੰਜਾਬ-ਪੰਜਾਬੀ-ਪੰਜਾਬੀਅਤ ਨੂੰ ਸੁਰੱਖਿਅਤ ਰੱਖਣ ਅਤੇ ਬਾਬੇ ਨਾਨਕ ਦੇ ਅਸਲ ਫ਼ਲਸਫ਼ੇ ਨੂੰ ਦੁਨੀਆਂ ਦੇ ਕੋਨੇ-ਕੋਨੇ ਤਕ ਪਹੁੰਚਾਉਣ ਲਈ ਅਜਿਹੇ ਅਜੂਬਿਆਂ ਦੀ ਸਖ਼ਤ ਲੋੜ ਹੈ।

ਸ. ਜੋਗਿੰਦਰ ਸਿੰਘ ਨੇ ਦੁਹਰਾਇਆ ਕਿ ਗੁਰਦਵਾਰਾ ਸਿਸਟਮ ਤੋਂ ਬਿਲਕੁਲ ਵਖਰੇ ਅਤੇ ਅਜੀਬ ਕਿਸਮ ਦੇ ਇਸ ਅਜੂਬੇ 'ਚ ਸਿੱਖਾਂ ਤੋਂ ਇਲਾਵਾ ਹਰ ਧਰਮ ਨਾਲ ਸਬੰਧਤ ਲੋਕਾਂ ਲਈ ਬਾਬੇ ਨਾਨਕ ਦੀ ਬਾਣੀ ਦੇ ਅਸਲ ਅਰਥ ਸਮਝਾਉਣ ਦਾ ਮੁਕੰਮਲ ਪ੍ਰਬੰਧ ਹੋਵੇਗਾ, ਹਰ ਇਮਾਰਤ 'ਚ ਸਮਝਾਉਣ ਵਾਲੇ ਗਾਈਡ ਮੌਜੂਦ ਰਹਿਣਗੇ, ਕੰਪਿਊਟਰਾਈਜ਼ਡ ਤੇ ਮਲਟੀ ਮੀਡੀਆ ਰਾਹੀਂ ਹਰ ਭਾਸ਼ਾ 'ਚ ਗੁਰਬਾਣੀ ਦੇ ਅਰਥਾਂ ਵਾਲੀਆਂ ਫ਼ੋਟੋ ਕਾਪੀਆਂ (ਪ੍ਰਿੰਟ ਆਊਟ) ਦੇਣ ਲਈ ਬਕਾਇਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਸ. ਜੋਗਿੰਦਰ ਸਿੰਘ ਨੇ ਦਸਿਆ ਕਿ ਗ਼ੈਰ ਸਿੱਖ ਕੌਮਾਂ ਨੇ ਤਾਂ ਬਾਬੇ ਨਾਨਕ ਦੀ ਗੁਰਬਾਣੀ ਦਾ ਪ੍ਰਭਾਵ ਕਬੂਲਣਾ ਸ਼ੁਰੂ ਕਰ ਦਿਤਾ ਹੈ ਪਰ ਗੁਰਦਵਾਰਿਆਂ 'ਚ ਘੁਸਪੈਠ ਕਰ ਚੁਕੇ ਪੁਜਾਰੀ ਸਿਸਟਮ ਨੇ ਬਾਬੇ ਨਾਨਕ ਵਲੋਂ ਨਕਾਰੀਆਂ ਫ਼ਜ਼ੂਲ ਰਸਮਾਂ ਅਤੇ ਫ਼ਾਲਤੂ ਰਵਾਇਤਾਂ ਨੂੰ ਫਿਰ ਗੁਰਦਵਾਰਿਆਂ 'ਚ ਹੀ ਪ੍ਰਚਾਰ ਕੇ ਜੋ ਸੰਗਤਾਂ ਨੂੰ ਗੁਮਰਾਹ ਕਰਨ ਦਾ ਸਿਲਸਿਲਾ ਆਰੰਭਿਆ ਹੋਇਆ ਹੈ, ਉਹ ਸਿੱਖ ਕੌਮ ਲਈ ਅਫ਼ਸੋਸਨਾਕ ਜਾਂ ਦੁਖਦਾਇਕ ਹੀ ਨਹੀਂ ਬਲਕਿ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਧਰਮ ਤੋਂ ਦੂਰ ਕਰਨ ਦਾ ਕਾਰਨ ਵੀ ਬਣੇਗਾ

ਪਰ ਅਫ਼ਸੋਸ ਇਸ ਦਾ ਵਿਰੋਧ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਵਾਲਿਆਂ ਨੇ ਹੀ ਉਲਟਾ ਗੁਰਦਵਾਰਿਆਂ 'ਚ ਅੰਧਵਿਸ਼ਵਾਸ, ਕਰਮਕਾਂਡ ਅਤੇ ਵਹਿਮ-ਭਰਮ ਫੈਲਾਉਣ ਦੀ ਖੁੱਲ੍ਹ ਦੇ ਰੱਖੀ ਹੈ। ਉਨ੍ਹਾਂ ਆਖਿਆ ਕਿ ਸਰਕਾਰੀ ਤੌਰ 'ਤੇ ਬਣੀਆਂ ਯਾਦਗਾਰਾਂ ਵਿਚੋਂ ਅੱਜ ਲੋਕਾਂ ਨੂੰ ਨਾ ਤਾਂ ਕੋਈ ਸੁੱਖ ਸਹੂਲਤ ਅਤੇ ਨਾ ਹੀ ਕੋਈ ਜਾਣਕਾਰੀ ਮਿਲ ਰਹੀ ਹੈ

ਪਰ ਉਸ ਤੋਂ ਚੌਥੇ ਜਾਂ ਪੰਜਵੇਂ ਹਿੱਸੇ ਦਾ ਖ਼ਰਚ ਕਰ ਕੇ ਤਿਆਰ ਹੋਣ ਵਾਲੇ 'ਉੱਚਾ ਦਰ..' ਦਾ ਜਿਥੇ ਪੰਜਾਬੀਆਂ ਨੂੰ ਬਹੁਤ ਫ਼ਾਇਦਾ ਹੋਵੇਗਾ, ਉਥੇ ਗ਼ਰੀਬ, ਬੇਵੱਸ, ਲਾਚਾਰ ਤੇ ਜ਼ਰੂਰਤਮੰਦ ਲੋਕਾਂ ਨੂੰ ਇਸ ਤੋਂ ਬਹੁਤ ਸੁੱਖ ਸਹੂਲਤਾਂ ਮੁਹਈਆ ਕਰਾਉਣ ਦਾ ਸਬੱਬ ਬਣੇਗਾ। ਮੀਟਿੰਗ ਦੇ ਏਜੰਡੇ ਮੁਤਾਬਕ ਬਾਬੇ ਨਾਨਕ ਦਾ 550ਵਾਂ ਅਵਤਾਰ ਦਿਹਾੜਾ 'ਉੱਚਾ ਦਰ..' ਵਿਖੇ ਮਨਾਉਣ ਅਤੇ ਉਸ ਤੋਂ ਪਹਿਲਾਂ-ਪਹਿਲਾਂ ਇਹ ਪ੍ਰਾਜੈਕਟ ਮੁਕੰਮਲ ਕਰਨ ਸਬੰਧੀ ਵੱਖ-ਵੱਖ ਬੁਲਾਰਿਆਂ ਨੇ ਅਪਣੇ ਵਿਚਾਰ ਸਾਂਝੇ ਕੀਤੇ। 

ਬਲਵਿੰਦਰ ਸਿੰਘ ਮਿਸ਼ਨਰੀ ਨੇ ਆਖਿਆ ਕਿ 2019 ਦੀ ਸ਼ੁਰੂਆਤ ਤੋਂ ਪਹਿਲਾਂ-ਪਹਿਲਾਂ 'ਉੱਚਾ ਦਰ..' ਮੁਕੰਮਲ ਕਰਨ ਲਈ ਬਣਦੀ ਰਕਮ ਜੁਟਾਉਣ ਦੀ ਇਸ ਲਈ ਜ਼ਰੂਰਤ ਹੈ ਕਿਉਂਕਿ ਪੁਰਾਣੀ ਰਵਾਇਤ ਅਤੇ ਪੁਜਾਰੀਵਾਦੀ ਸਿਸਟਮ ਮੁਤਾਬਕ ਬਾਬੇ ਨਾਨਕ ਦਾ 550ਵਾਂ ਅਵਤਾਰ ਪੁਰਬ ਨਵੰਬਰ ਮਹੀਨੇ 'ਚ ਮਨਾਇਆ ਜਾਵੇਗਾ

ਜਦਕਿ 'ਉੱਚਾ ਦਰ..' ਦੇ ਗਵਰਨਿੰਗ ਕੌਂਸਲ, ਮੁੱਖ ਸਰਪ੍ਰਸਤ, ਸਰਪ੍ਰਸਤ, ਲਾਈਫ਼ ਮੈਂਬਰਾਂ, ਟਰੱਸਟੀਆਂ ਅਤੇ ਸਪੋਕਸਮੈਨ ਦੇ ਪਾਠਕਾਂ ਨੇ ਅਵਤਾਰ ਦਿਹਾੜਾ 15 ਅਪ੍ਰੈਲ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤਰ੍ਹਾਂ ਜੇਕਰ ਅਕਤੂਬਰ ਅਤੇ ਨਵੰਬਰ ਮਹੀਨੇ 'ਚ ਬਣਦੀ ਰਕਮ ਦਾ ਕੋਟਾ ਪੂਰਾ ਕਰ ਦਿਤਾ ਗਿਆ ਤਾਂ ਹੀ ਅਸੀਂ 15 ਅਪ੍ਰੈਲ ਨੂੰ ਸਮਾਗਮ ਕਰਨ 'ਚ ਕਾਮਯਾਬ ਹੋ ਸਕਾਂਗੇ।

ਪ੍ਰੋ. ਇੰਦਰ ਸਿੰਘ ਘੱਗਾ  ਨੇ  ਪੁਰਾਤਨ ਸਿੱਖ ਇਤਿਹਾਸ ਅਤੇ ਗੁਰਬਾਣੀ ਦੀਆਂ ਅਨੇਕਾਂ ਉਦਾਹਰਣਾਂ ਦਿੰਦਿਆਂ ਦਸਿਆ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਜੋ-ਜੋ ਕੁਰਹਿਤਾਂ ਤੋਂ ਦੂਰ ਰਹਿਣ ਦਾ ਉਪਦੇਸ਼ ਕੀਤਾ, ਫ਼ਾਲਤੂ ਰਸਮਾਂ ਅਤੇ ਕਰਮਕਾਂਡਾਂ ਤੋਂ ਵਰਜਿਆ, ਅਫ਼ਸੋਸ ਸਾਡੇ ਗੁਰਦਵਾਰਿਆਂ ਦੇ ਗ੍ਰੰਥੀਆਂ ਨੇ ਬਾਬੇ ਨਾਨਕ ਦੀਆਂ ਸਾਖੀਆਂ ਦੇ ਗ਼ਲਤ ਅਰਥ ਕਰ ਕੇ ਸਾਨੂੰ ਫਿਰ ਉਸੇ ਖਾਰੇ ਸਮੁੰਦਰ 'ਚ ਸੁੱਟਣ ਵਾਲੀ ਨੌਬਤ ਲਿਆ ਦਿਤੀ ਹੈ। ਉਨ੍ਹਾਂ ਆਖਿਆ ਕਿ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਸਮੇਤ ਹੋਰ ਅਨੇਕਾਂ ਅਜਿਹੀਆਂ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦਾ ਮੁਢਲਾ ਫ਼ਰਜ਼ ਬਣਦਾ ਸੀ

ਕਿ ਉਹ ਅਜਿਹੇ ਪੁਜਾਰੀਵਾਦੀ ਸਿਸਟਮ ਦਾ ਵਿਰੋਧ ਕਰਦੀਆਂ, ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਮੁਤਾਬਕ ਜੀਵਨ ਬਤੀਤ ਕਰਨ ਲਈ ਪ੍ਰੇਰਨਾ ਕਰ ਕੇ ਕਰਮਕਾਂਡਾਂ ਤੋਂ ਵਰਜਦੀਆਂ ਪਰ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਤਾਂ ਅਜਿਹੇ ਡੇਰੇਦਾਰਾਂ ਅਤੇ ਗੁਰਬਾਣੀ ਦੇ ਉਲਟ ਚੱਲਣ ਵਾਲੇ ਪੁਜਾਰੀਆਂ ਦੇ ਸਮਾਗਮਾਂ 'ਚ ਬਕਾਇਦਾ ਹਾਜ਼ਰੀ ਲਵਾਉਣੀ ਸ਼ੁਰੂ ਕਰ ਦਿਤੀ, ਜਿਸ ਨਾਲ ਸੰਗਤਾਂ ਦੇ ਮਨਾ ਅੰਦਰ ਭੰਬਲਭੂਸੇ ਵਾਲੀ ਸਥਿੱਤੀ ਪੈਦਾ ਹੋਣੀ ਸੁਭਾਵਕ ਹੈ।

ਬਲਵਿੰਦਰ ਸਿੰਘ ਅੰਬਰਸਰੀਆ ਅਤੇ ਜੋਗਿੰਦਰ ਸਿੰਘ ਐਸਡੀਓ ਨੇ ਗਵਰਨਿੰਗ ਕੌਂਸਲ ਸਮੇਤ ਹੋਰ ਵੱਖ-ਵੱਖ ਤਰ੍ਹਾਂ ਦੀ ਮੈਂਬਰਸ਼ਿਪ 'ਚ ਮਿਲ ਰਹੀਆਂ ਰਿਆਇਤਾਂ ਦਾ ਜ਼ਿਕਰ ਕਰਦਿਆਂ ਆਖਿਆ ਕਿ ਹਕੂਮਤ ਸਮੇਤ ਪੰਥ ਵਿਰੋਧੀ ਸ਼ਕਤੀਆਂ ਦਾ ਦਲੇਰੀ ਨਾਲ ਮੁਕਾਬਲਾ ਕਰਨ ਵਾਲੇ ਸ. ਜੋਗਿੰਦਰ ਸਿੰਘ ਵਰਗਾ ਕੋਈ ਵਿਰਲਾ ਹੀ ਮਨੁੱਖਤਾ ਦੀ ਭਲਾਈ ਲਈ ਅਜਿਹੀਆਂ ਮੁਸ਼ਕਲਾਂ, ਸਮੱਸਿਆਵਾਂ ਅਤੇ ਚੁਨੌਤੀਆਂ ਦਾ ਸਾਹਮਣਾ ਕਰਦਾ ਹੈ, ਕਿਉਂਕਿ ਜੇਕਰ 76 ਸਾਲ ਦੀ ਉਮਰ 'ਚ ਵੀ ਨੌਜਵਾਨਾਂ ਦੀ ਤਰ੍ਹਾਂ ਦਿਨ ਰਾਤ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਸ. ਜੋਗਿੰਦਰ ਸਿੰਘ ਦੀ ਮਨਸ਼ਾ ਪੂਰੀ ਨਾ ਹੋਈ ਤਾਂ ਭਵਿੱਖ 'ਚ ਕੋਈ ਵੀ ਵਿਅਕਤੀ ਦਲੇਰੀ

ਕਰਨ ਦੀ ਜੁਰਅੱਤ ਨਹੀਂ ਕਰ ਸਕੇਗਾ। ਉਨ੍ਹਾਂ ਸ. ਜੋਗਿੰਦਰ ਸਿੰਘ ਅਤੇ ਮੈਡਮ ਜਗਜੀਤ ਕੌਰ ਵਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ ਸੇਵਾ ਕਾਰਜਾਂ ਦਾ ਸੰਖੇਪ 'ਚ ਜ਼ਿਕਰ ਕਰਦਿਆਂ ਆਖਿਆ ਕਿ ਸਾਨੂੰ ਸੋਚਣਾ ਨਹੀਂ ਚਾਹੀਦਾ ਬਲਕਿ ਹੁਣ ਤੱਕ ਹੋ ਚੁਕੇ ਕੰਮਾਂ ਦਾ ਲੇਖਾ ਜੋਖਾ ਕਰ ਕੇ ਇਹ ਜਰੂਰ ਮਹਿਸੂਸ ਕਰਨਾ ਚਾਹੀਦਾ ਹੈ ਕਿ ਪਿਛਲੇ 50 ਸਾਲਾਂ ਤੋਂ ਖ਼ੁਦ ਇਕ ਕਿਰਾਏ ਦੇ ਮਕਾਨ 'ਚ ਰਹਿਣ ਵਾਲਾ ਵਿਅਕਤੀ 100 ਕਰੋੜੀ ਪ੍ਰਾਜੈਕਟ ਨੂੰ ਕੌਮੀ ਜਾਇਦਾਦ ਬਣਾਉਣ ਵੇਲੇ, ਇਸ ਵਿਚ ਅਪਣਾ ਇਕ ਪੈਸੇ ਜਿੰਨਾ ਹਿੱਸਾ ਵੀ ਰੱਖਣ ਲਈ ਤਿਆਰ ਨਹੀਂ। ਅਜਿਹੀ ਕੁਰਬਾਨੀ ਇਤਿਹਾਸ ਵਿਚ ਤਾਂ ਪਹਿਲਾ ਕਿਸੇ ਨੇ ਨਹੀਂ ਕੀਤੀ ਹੋਵੇਗੀ।

ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਸਟੇਜ ਸੰਚਾਲਨ ਕਰਦਿਆਂ ਸਮੇਂ ਸਮੇਂ ਪ੍ਰਕਾਸ਼ਤ ਹੁੰਦੇ 'ਮੇਰੀ ਨਿਜੀ ਡਾਇਰੀ ਦੇ ਪੰਨੇ' ਅਤੇ ਸੰਪਾਦਕੀਆਂ ਦਾ ਹਵਾਲਾ ਦਿੰਦਿਆਂ ਦਸਿਆ ਕਿ ਇਸ ਕਲਮ ਨੇ ਅਪਣੇ ਵਿਰੋਧੀਆਂ ਦਾ ਨੁਕਸਾਨ ਕਰਨ ਦੀ ਬਜਾਏ ਉਲਟਾ ਉਨ੍ਹਾਂ ਨੂੰ ਪ੍ਰੇਰਨਾ ਦਿਤੀ, ਸਮੇਂ-ਸਮੇਂ ਰਾਹ ਦਿਖਾਇਆ, ਵਿਰੋਧੀਆਂ ਲਈ ਰਾਹਦਸੇਰਾ ਅਤੇ ਪ੍ਰੇਰਨਾ ਸਰੋਤ ਬਣਨ ਲਈ ਸਹਿਜ, ਸੰਜਮ, ਧੀਰਜ, ਸਹਿਣਸ਼ੀਲਤਾ ਅਤੇ ਨਿਮਰਤਾ ਦੀ ਲੋੜ ਹੈ, ਜੋ ਬਿਨਾਂ ਸ਼ੱਕ ਖੂਬੀਆਂ ਸ. ਜੋਗਿੰਦਰ ਸਿੰਘ ਵਿਚ ਮੌਜੂਦ ਹਨ। 

ਮਨਜੀਤ ਸਿੰਘ ਜਗਾਧਰੀ ਨੇ ਦਸਿਆ ਕਿ ਉਨ੍ਹਾਂ ਨੇ ਅਪਣੀ ਬੈਂਕਾਂ 'ਚ ਪਈ ਕਰੀਬ ਡੇਢ ਕਰੋੜ ਰੁਪਏ ਦੀ ਰਕਮ 'ਉੱਚਾ ਦਰ..' ਦੀ ਉਸਾਰੀ ਲਈ ਦੋਸਤਾਨਾ ਕਰਜ਼ੇ ਦੇ ਤੌਰ 'ਤੇ ਬਿਨਾਂ ਵਿਆਜ਼ ਦੇਣ ਦਾ ਫ਼ੈਸਲਾ ਇਸ ਲਈ ਕੀਤਾ ਕਿ ਬੈਂਕਾਂ 'ਚੋਂ ਮਿਲਣ ਵਾਲੀ ਵਿਆਜ਼ ਨਾਲੋਂ ਨਵੀਂ ਪੀੜ੍ਹੀ ਦਾ ਫ਼ਿਕਰ ਕਰਨਾ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਜੇਕਰ ਅਸੀ ਅਪਣੀ ਨਵੀਂ ਪੀੜ੍ਹੀ ਦੇ ਭਵਿੱਖ ਬਾਰੇ ਫ਼ਿਕਰਮੰਦੀ ਨਾ ਕੀਤੀ ਅਤੇ ਪੰਥ ਦੀ ਭਲਾਈ ਲਈ ਕਾਰਜ ਕਰਨ ਵਾਲੇ ਸ੍ਰ ਜੋਗਿੰਦਰ ਸਿੰਘ ਦੀਆਂ ਨੀਤੀਆਂ ਨਾਲ ਸਹਿਮਤ ਨਾ ਹੋਏ ਤਾਂ ਸਾਨੂੰ ਬਿਨਾ ਸ਼ੱਕ ਪਛਤਾਉਣਾ ਪੈ ਸਕਦਾ ਹੈ। 

ਡਾ. ਕੁਲਵੰਤ ਕੌਰ ਨੇ ਬੈਂਕਾਂ ਦੇ ਲਾਕਰਾਂ, ਪੇਟੀਆਂ ਅਤੇ ਸੰਦੂਕਾਂ 'ਚ ਪਏ ਸੋਨੇ ਦੇ ਗਹਿਣਿਆਂ ਦੀਆਂ ਮਾਲਕ ਔਰਤਾਂ ਜਾਂ ਮਰਦਾਂ ਨੂੰ ਹਲੂਣਾ ਦਿੰਦਿਆਂ ਆਖਿਆ ਕਿ ਉਹ ਮੈਡਮ ਜਗਜੀਤ ਕੌਰ ਦੀ ਉਸ ਕੁਰਬਾਨੀ ਤੋਂ ਪ੍ਰੇਰਨਾ ਜਰੂਰ ਲੈਣ, ਜਿਹੜੀ ਕੁਰਬਾਨੀ ਮੈਡਮ ਜਗਜੀਤ ਕੌਰ ਨੇ ਆਪਣੇ ਪੇਕਿਆਂ ਜਾਂ ਸਹੁਰਿਆਂ ਵੱਲੋਂ ਮਿਲੇ ਸਾਰੇ ਗਹਿਣੇ ਆਪਣੇ ਪਤੀ ਦੇ ਕਹਿਣ 'ਤੇ ਕਿਸੇ ਸ਼ਾਹੂਕਾਰ ਕੋਲ ਗਿਰਵੀ ਰੱਖ ਦਿੱਤੇ ਤੇ ਅੱਜ ਤੱਕ ਛੁਡਾ ਨਹੀਂ ਸਕੀ। ਉਕਤ ਗਹਿਣਿਆਂ ਤੋਂ ਮਿਲਣ ਵਾਲੀ ਰਕਮ ਨਾਲ ਸ. ਜੋਗਿੰਦਰ ਸਿੰਘ ਜਾਂ ਮੈਡਮ ਜਗਜੀਤ ਕੌਰ ਨੇ ਅਪਣਾ ਕੋਈ ਕਾਰਜ ਨਹੀਂ ਸੀ

ਸਿਰੇ ਚੜ੍ਹਾਉਣਾ ਬਲਕਿ ਪੰਜਾਬ, ਪੰਜਾਬੀ, ਪੰਜਾਬੀਅਤ, ਸਿੱਖ ਕੌਮ ਅਤੇ ਪੰਥ ਲਈ ਨਵਾਂ ਕਾਰਜ ਵਿੱਢਣ ਲਈ ਅਜਿਹੀ ਕੁਰਬਾਨੀ ਦੀ ਹੋਰ ਕਿਤੇ ਮਿਸਾਲ ਘੱਟ ਹੀ ਮਿਲਦੀ ਹੈ। ਡਾ. ਕੁਲਵੰਤ ਕੌਰ ਨੇ ਆਖਿਆ ਕਿ ਉਹ ਹਰ ਸਾਲ ਕਰਵਾਉਣ ਵਾਲੀਆਂ ਖੇਡਾਂ ਵਾਲਾ ਖ਼ਰਚ ਬਚਾਅ ਕੇ ਸਵਾ ਲੱਖ ਰੁਪਏ 'ਉੱਚਾ ਦਰ..' ਦੀ ਉਸਾਰੀ ਲਈ ਦੇ ਕੇ ਚੱਲੇ ਹਨ ਤੇ ਹੋਰਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਹਨ ਕਿ ਉਹ ਸਮਾਜਸੇਵਾ ਜਾਂ ਧਾਰਮਿਕ ਪ੍ਰੋਗਰਾਮਾਂ 'ਤੇ ਕੀਤੇ ਜਾਣ ਵਾਲੇ ਖ਼ਰਚੇ ਨੂੰ ਬਚਾਅ ਕੇ 'ਉੱਚਾ ਦਰ..' ਦੀ ਉਸਾਰੀ 'ਚ ਯੋਗਦਾਨ ਪਾਵੇ, ਕਿਉਂਕਿ ਹੋਰਾਂ ਕਾਰਜਾਂ ਨਾਲੋਂ ਇਹ ਕਾਰਜ ਪਹਿਲਾਂ ਮੁਕੰਮਲ ਕਰਨਾ ਜ਼ਰੂਰੀ ਹੈ।