ਭਾਰਤ ਸਰਕਾਰ ਸੰਗਤਾਂ ਨੂੰ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਛੇਤੀ ਇਜਾਜ਼ਤ ਦੇਵੇ : ਸ਼ਰਧਾਲੂ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਕਾਰਨ ਕੀਤਾ ਗਿਆ ਸੀ ਕਰਤਾਰਪੁਰ ਦਾ ਲਾਂਘਾ ਬੰਦ

Kartarpur Sahib

ਡੇਰਾ ਬਾਬਾ ਨਾਨਕ (ਹੀਰਾ ਸਿੰਘ ਮਾਂਗਟ): ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਖਲ੍ਹੋ ਕੇ ਕਰੀਬ 18 ਸਾਲ ਤੋਂ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਲਈ ਅਰਦਾਸਾਂ ਕੀਤੀਆਂ ਗਈਆਂ ਤੇ ਜਿਨ੍ਹਾਂ ਅਰਦਾਸਾਂ ਸਦਕਾ ਇਸ ਵਿਛੜੇ ਗੁਰਧਾਮ ਨੂੰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਬੀਤੇ ਸਾਲ ਖੋਲ੍ਹ ਦਿਤਾ ਗਿਆ ਸੀ ਪਰ ਬੀਤੇ ਕੁੱਝ ਮਹੀਨੇ ਪਹਿਲਾਂ ਦੁਨੀਆਂ ਵਿਚ ਫੈਲੀ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸਰਕਾਰ ਵਲੋਂ ਦੇਸ਼ ਅੰਦਰ ਕੀਤੇ ਗਏ ਲਾਕਡਾਊਨ ਦੌਰਾਨ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਇਸ ਇਤਿਹਾਸਕ ਸਥਾਨ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਦੀ ਅੰਤਰਰਾਸ਼ਟਰੀ ਸਰਹੱਦ ਤੇ ਬਣਾਏ ਗਏ ਕਰਤਾਰਪੁਰ ਸਾਹਿਬ ਲਾਂਘੇ ਨੂੰ ਅਗਲੇ ਹੁਕਮਾਂ ਤਕ ਬੰਦ ਕਰ ਦਿਤਾ ਗਿਆ ਸੀ।

ਭਾਵੇਂ ਕਿ ਪਾਕਿਸਤਾਨ ਸਰਕਾਰ ਵਲੋਂ ਇਸ ਨੂੰ ਦੁਬਾਰਾ ਖੋਲ੍ਹ ਦੇਣ ਦਾ ਐਲਾਨ ਕਰ ਦਿਤਾ ਗਿਆ ਹੈ ਪਰ ਭਾਰਤ ਸਰਕਾਰ ਵਲੋਂ ਇਸ ਲਾਂਘੇ ਨੂੰ ਖੋਲ੍ਹਣ ਲਈ ਅਜੇ ਤਕ ਕੋਈ ਵੀ ਨਵਾਂ ਹੁਕਮ ਜਾਰੀ ਨਹੀ ਕੀਤਾ ਗਿਆ, ਜਿਸ ਕਰ ਕੇ ਸੰਗਤਾਂ ਹੁਣ ਹਿੰਦ ਪਾਕਿ ਸਰਹੱਦ 'ਤੇ ਖਲ੍ਹੋ ਕੇ ਹੀ ਦੂਰੋਂ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਸੰਗਤ ਮਜਬੂਰ ਹਨ।

ਅੱਜ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਡੇਰਾ ਬਾਬਾ ਨਾਨਕ ਵਿਖੇ ਪੁੱਜੇ ਸ਼ਰਧਾਲੂ ਕੁਲਦੀਪ ਸਿੰਘ ਬਠਿੰਡਾ, ਮਨਜੀਤ ਸਿੰਘ, ਕੁਲਜੀਤ ਸਿੰਘ ਜਲੰਧਰ, ਮਨਪ੍ਰੀਤ ਸਿੰਘ ਤੇ ਮੰਗਲ ਸਿੰਘ ਮੁਕਤਸਰ ਆਦਿ ਸੰਗਤਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਅਸੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਅੱਜ ਡੇਰਾ ਬਾਬਾ ਨਾਨਕ ਵਿਖੇ ਆਏ ਹਾਂ।

ਉਨ੍ਹਾਂ ਕਿਹਾ ਕਿ ਸਾਡੇ ਮਨ ਦੀ ਇੱਛਾ ਸੀ ਕਿ ਸਾਰੇ ਪ੍ਰਵਾਰ ਸਮੇਤ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕੀਤੇ ਜਾਣ ਪਰ ਲਾਂਘਾ ਬੰਦ ਹੋਣ ਕਾਰਨ ਅਸੀ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਵਲੋਂ ਹੋਰ ਇਤਿਹਾਸਕ ਅਸਥਾਨਾਂ ਦੀ ਯਾਤਰਾ ਕਰਨ ਤੋਂ ਪਾਬੰਦੀ ਹਟਾ ਦਿਤੀ ਗਈ ਹੈ ਤੇ ਸ਼ਰਧਾਲੂਆਂ ਨੂੰ ਸਰਕਾਰੀ ਹਦਾਇਤਾਂ ਨੂੰ ਧਿਆਨ ਵਿਚ ਰਖਦਿਆਂ ਹੋਇਆਂ ਯਾਤਰਾ ਕਰਨ ਦੀ ਆਗਿਆ ਦੇ ਦਿਤੀ ਗਈ ਉਸੇ ਤਰ੍ਹਾਂ ਕਰਤਾਰਪੁਰ ਲਾਂਘੇ ਨੂੰ ਵੀ ਜਲਦ ਚਾਲੂ ਕੀਤਾ ਜਾਵੇ ਤਾਂ ਜੋ ਸੰਗਤਾਂ ਅਪਣੇ ਇਸ ਵਿਛੜੇ ਗੁਰਧਾਮ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕਣ।