ਸ੍ਰੀ ਕੀਰਤਪੁਰ ਸਾਹਿਬ ਦਾ ਸੱਭ ਤੋਂ ਵੱਡਾ ਲੰਗਰ ਗੁਰਦਵਾਰਾ ਪਤਾਲਪੁਰੀ ਵਿਖੇ ਚਲਦੈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰੋਜ਼ਾਨਾ 60 ਹਜ਼ਾਰ ਦੇ ਕਰੀਬ ਸੰਗਤ ਛਕਦੀ ਹੈ ਪ੍ਰਸ਼ਾਦਾ

Gurdwara Patalpuri

ਸ੍ਰੀ ਕੀਰਤਪੁਰ ਸਾਹਿਬ (ਜੰਗ ਬਹਾਦਰ ਸਿੰਘ): ਇਤਿਹਾਸਕ ਗੁਰਦੁਆਰਾ ਪਤਾਲਪੁਰੀ ਸਾਹਿਬ ਜਿਥੇ ਰੋਜ਼ਾਨਾ ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਪੰਜਾਬ ਦੇ ਕੋਨੇ ਕੋਨੇ ਤੋਂ ਨਤਮਸਤਕ ਹੋਣ ਆਉਂਦੀਆਂ ਹਨ, ਤੋਂ ਇਲਾਵਾ ਮ੍ਰਿਤਕ ਪ੍ਰਾਣੀਆਂ ਦੀਆਂ ਅਸਤੀਆਂ ਗੁਰਦੁਆਰਾ ਪਤਾਲਪੁਰੀ ਨਜ਼ਦੀਕ ਸਤਲੁਜ ਦਰਿਆ ਵਿਚ ਜਲ ਪ੍ਰਵਾਹ ਕਰਨ ਲਈ ਸਿੱਖ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਇਥੇ ਆਉਂਦੀਆਂ ਹਨ। ਉਨ੍ਹਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਬਾਅਦ ਦੂਜਾ ਵੱਡਾ ਲੰਗਰ ਗੁਰਦਵਾਰਾ ਪਤਾਲਪੁਰੀ ਆਉਣ ਵਾਲੀ ਸੰਗਤ ਲਈ ਲੰਮੇ ਸਮੇਂ ਤੋਂ ਚਲਾਇਆ ਜਾ ਰਿਹਾ ਹੈ।
ਤਖ਼ਤ ਸ੍ਰੀ ਕੇਸਗੜ੍ਹ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਦੇਸ਼ ਭਰ ਵਿਚ ਚਲ ਰਹੀ ਕੋਰੋਨਾ ਮਹਾਂਮਾਰੀ ਦੌਰਾਨ ਲੰਗਰ ਹਾਲ ਦੇ ਦਰਵਾਜ਼ੇ ਸਾਰਿਆਂ ਲਈ ਖੁਲ੍ਹੇ ਰੱਖੇ ਗਏ ਹਨ। ਲੰਗਰ ਤਿਆਰ ਕਰ ਕੇ ਵੀ ਵੰਡਿਆ ਜਾਂਦਾ ਰਿਹਾ ਹੈ।

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪ੍ਰਬੰਧ ਅਧੀਨ 40 ਦੇ ਕਰੀਬ ਇਤਿਹਾਸਕ ਗੁਰਦੁਆਰੇ ਹਨ। ਜਿਨ੍ਹਾਂ ਵਿਚੋਂ ਪਹਿਲਾ ਵੱਡਾ ਲੰਗਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਤੇ ਦੂਜਾ ਪਤਾਲਪੁਰੀ ਤੇ ਤੀਜਾ ਗੁਰਦੁਆਰਾ ਬਾਬ ਗੁਰਦਿਤਾ ਜੀ ਦਾ ਲੰਗਰ ਹੈ। ਲੰਗਰ ਦਾ ਸਾਰਾ ਸਮਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਭੇਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਦੇ ਸਾਰੇ ਸਟਾਫ਼ ਨੂੰ ਸੰਗਤਾਂ ਦੀ ਆਉ ਭਗਤ ਵਿਚ ਕੋਈ ਕਮੀ ਨਹੀਂ ਆਵੇ ਇਸ ਲਈ ਵਿਸ਼ੇਸ਼ ਹਦਾਇਤ ਕੀਤੀ ਗਈ ਹੈ।

ਲੰਗਰ ਇੰਚਾਰਜ ਗੁਰਚਰਨ ਸਿੰਘ ਨੇ ਦਸਿਆ ਕਿ ਗੁਰਦੁਆਰਾ ਤੇ ਇਸ਼ਨਾਨ ਅਸਤਘਾਟ ਵਿਚਕਾਰ ਲੰਗਰ ਹਾਲ ਵਿਚ ਰੋਜ਼ਾਨਾ 60 ਹਜ਼ਾਰ ਦੇ ਕਰੀਬ ਸੰਗਤ ਪ੍ਰਸਾਦੇ ਛਕਦੀ ਹੈ। ਲੰਗਰ ਵਿਚ ਸਿੰਲਡਰ ਤੇ ਮਸ਼ੀਨਾਂ ਦੇ ਇੰਚਾਰਜ ਨਿਰਵੈ ਸਿੰਘ ਨੇ ਦਸਿਆ ਕਿ ਲੰਗਰ ਬਣਾਉਣ ਲਈ ਗੈਸ ਸਿੰਲਡਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਲੰਗਰ ਦੇ ਆਲੇ ਦੁਆਲੇ ਦਾ ਵਾਤਾਵਰਣ ਪ੍ਰਦੂਸ਼ਤ ਰਹਿਤ ਰਹੇ ਜਿਸ ਨਾਲ ਸੰਗਤਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਉਠਾਉਣੀ ਪਵੇ।

ਇਸ ਸਮੇ ਕੰਵਲ ਸਿੰਘ ਨੇ ਦਸਿਆ ਕਿ ਉਹ ਗੁਰਦਵਾਰਾ ਪਤਾਲਪੁਰੀ ਵਿਖੇ 1990 ਤੋਂ ਕੜਾਹ ਪ੍ਰਸ਼ਾਦ ਦੀ ਦੇਗ ਤੇ ਦਾਲਾ ਆਦਿ ਬਣਾਉਂਦਾ ਆ ਰਿਹਾ ਹੈ। ਹਰਵਿੰਦਰ ਸਿੰਘ ਭੱਲੜੀ ਲੰਗਰ ਸਟੋਰ ਕੀਪਰ ਨੇ ਦਸਿਆ ਕਿ ਪ੍ਰਸਾਦੇ ਬਣਾਉਣ ਲਈ ਰੋਜ਼ਾਨਾ ਸਾਢੇ ਚਾਰ ਕੁਇੰੰਟਲ ਦੇ ਕਰੀਬ ਆਟਾ, ਡੇਢ ਕੁਇੰਟਲ ਦਾਲ,70 ਕਿਲੋ ਚਾਵਲ, 20 ਕਿਲੋ ਘੀ, ਰਿਫ਼ਾਇਡ ਤੇ ਤੇਲ, ਚੀਨੀ, ਚਾਹ ਪੱਤੀ ਦੁੱਧ ਸੁਕਾ ਤੇ ਹੋਰ ਸਬਜ਼ੀ ਲਗਦੀ ਹੈ।