Bandi Chhor Divas: ਸਿੱਖ ਪੰਥ ਲਈ ਮਹੱਤਵਪੂਰਨ ਹੈ ਬੰਦੀ ਛੋੜ ਦਿਵਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Bandi Chhor Divas: ਇਹ ਤਿਉਹਾਰ ਦੀਵਾਲੀ ਵਾਲੇ ਦਿਨ ਮਨਾਇਆ ਜਾਂਦਾ ਹੈ

Bandi Chhor Divas is important for the Sikh panth

Bandi Chhor Divas is important for the Sikh panth: ਬੰਦੀ ਛੋੜ ਦਿਵਸ ਸਿੱਖਾਂ ਦਾ ਇਕ ਮਹੱਤਵਪੂਰਨ ਤਿਉਹਾਰ ਹੈ। ਇਹ ਤਿਉਹਾਰ ਦੀਵਾਲੀ ਵਾਲੇ ਦਿਨ ਮਨਾਇਆ ਜਾਂਦਾ ਹੈ। ਸਿੱਖ ਜਗਤ ਵਿਚ ਬੰਦੀ-ਛੋੜ ਦਿਵਸ ਸਿੱਖ ਮਾਨਸਿਕਤਾ ਨਾਲ ਜੁੜਿਆ ਹੋਇਆ ਇਕ ਅਹਿਮ ਦਿਨ ਹੈ।

ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ, ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਵਿਖੇ ਪਹੁੰਚੇ। ਉਸ ਦਿਨ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬੇਮਿਸਾਲ ਤੇ ਸ਼ਾਂਤਮਈ ਸ਼ਹਾਦਤ ਨੇ ਸਿੱਖ ਇਤਿਹਾਸ ਵਿਚ ਇਕ ਕ੍ਰਾਂਤੀਕਾਰੀ ਮੋੜ ਲੈ ਆਂਦਾ। 

ਗੁਰੂ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਪ੍ਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਮੁਤਾਬਿਕ ਬਦਲਿਆ ਅਤੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਜਿਥੇ ਦੀਵਾਨ ਸਜਦੇ ਅਤੇ ਗੁਰਬਾਣੀ ਕੀਰਤਨ ਦੇ ਨਾਲ-ਨਾਲ ਬੀਰਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ।

ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਦਰਸ਼ਨਾਂ ਲਈ ਆਉਂਦੇ ਸਮੇਂ ਚੰਗੇ ਨਸਲੀ ਘੋੜੇ ਅਤੇ ਸ਼ਸਤਰ ਲਿਆਉਣ ਦੇ ਆਦੇਸ਼ ਵੀ ਜਾਰੀ ਕੀਤੇ। ਅਣਖੀਲੇ ਗੱਭਰੂਆਂ ਦੀ ਫੌਜ ਤਿਆਰ ਕਰਕੇ ਉਹਨਾਂ ਨੂੰ ਯੁੱਧ ਦੀ ਸਿਖਲਾਈ ਦਿੱਤੀ ਜਾਣ ਲੱਗੀ।

ਲੋਹਗੜ੍ਹ ਕਿਲੇ ਦੀ ਸਥਾਪਨਾ ਕੀਤੀ। ਗੁਰੂ-ਘਰ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫ਼ਲਸਰੂਪ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਪੰਜਾਬ ਵਿਚ ਬਗ਼ਾਵਤ ਨੂੰ ਸ਼ਹਿ ਦੇਣ ਦੇ ਦੋਸ਼ ਵਿਚ ਗਵਾਲੀਅਰ ਦੇ ਕਿਲੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਗੁਰੂ ਸਾਹਿਬ ਦੇ ਪਹੁੰਚਣ ਨਾਲ ਗਵਾਲੀਅਰ ਦੇ ਕਿਲੇ 'ਚ ਦੋਵੇਂ ਵੇਲੇ ਕੀਰਤਨ ਹੋਣ ਲੱਗਾ। ਉਧਰ ਗੁਰੂ ਸਾਹਿਬ ਦੀ ਨਜ਼ਰਬੰਦੀ ਲੰਬੀ ਹੋ ਜਾਣ ਕਾਰਨ ਸਿੱਖਾਂ ਵਿਚ ਬੇਚੈਨੀ ਵਧਣ ਲੱਗੀ।

ਸਿੱਖ ਸੰਗਤਾਂ ਦਾ ਇਕ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਬਾਬਾ ਬੁੱਢਾ ਜੀ ਦੀ ਅਗਵਾਈ ਵਿੱਚ ਗਵਾਲੀਅਰ ਲਈ ਰਵਾਨਾ ਹੋਇਆ। ਜਦੋਂ ਇਹ ਜਥਾ ਗਵਾਲੀਅਰ ਦੇ ਕਿਲੇ ਅੰਦਰ ਪਹੁੰਚਿਆ ਤਾਂ ਸੰਗਤਾਂ ਨੂੰ ਗੁਰੂ ਸਾਹਿਬ ਨਾਲ ਮੁਲਾਕਾਤ ਜਾਂ ਦਰਸ਼ਨ ਕਰਨ ਦੀ ਇਜਾਜ਼ਤ ਨਾ ਮਿਲ ਸਕੀ। 

ਦੂਜੇ ਪਾਸੇ ਸਾਂਈਂ ਮੀਆਂ ਮੀਰ ਵੱਲੋਂ ਗੁਰੂ ਜੀ ਦੀ ਰਿਹਾਈ ਸਬੰਧੀ ਜਹਾਂਗੀਰ ਨਾਲ ਗੱਲਬਾਤ ਨੂੰ ਕਾਮਯਾਬੀ ਮਿਲੀ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਰਿਹਾਅ ਹੋਣਾ ਸਵੀਕਾਰ ਨਾ ਕੀਤਾ। ਗੁਰੂ ਸਾਹਿਬ ਦੀ ਰਹਿਮਤ ਸਦਕਾ ਕਿਲੇ ਵਿਚ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਇਸ ਦਿਨ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ 'ਬੰਦੀ-ਛੋੜ' ਦਾਤਾ ਦੇ ਨਾਂਅ ਨਾਲ ਵੀ ਜਾਣਿਆ ਜਾਣ ਲੱਗਾ।

ਰਿਹਾਆ ਹੋਣ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪੁੱਜੇ, ਉਸ ਦਿਨ ਦੀਵਾਲੀ ਦਾ ਦਿਨ ਸੀ। ਸਿੱਖ ਸੰਗਤਾਂ ਨੇ ਘਰਾਂ ਵਿਚ ਘਿਓ ਦੇ ਦੀਵੇ ਜਗਾਏ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ।