ਗੁਰਦਵਾਰਾ ਰਕਾਬ ਗੰਜ ਦੇ ਬਾਹਰ ਪੁਲਿਸ ਨੇ ’84 ਦੀਆਂ ਵਿਧਵਾਵਾਂ ਨੂੰ ਘੇਰਾ ਪਾਈ ਰਖਿਆ, ਪਾਰਲੀਮੈਂਟ ਵਲ ਜਾਣਾ ਚਾਹੁੰਦੀਆਂ ਸਨ ਵਿਧਵਾ ਬੀਬੀਆਂ
ਜਿਵੇਂ ਸਾਡੇ ਪ੍ਰਵਾਰਾਂ ਨੂੰ ਟਾਇਰ ਪਾ ਕੇ ਸਾੜਿਆ ਗਿਆ, ਉਵੇਂ ਹੀ ਕਾਤਲਾਂ ਨੂੰ ਸਾੜੋ ਤਾਂ ਸਾਡੀਆਂ ਆਂਦਰਾਂ ਸ਼ਾਂਤ ਹੋਣਗੀਆਂ: ਦਰਸ਼ਨ ਕੌਰ
ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਬਾਹਰ ਅੱਜ ਸਿੱਖ ਕਤਲੇਆਮ ਦੀਆਂ ਚੋਣਵੀਂਆਂ ਵਿਧਵਾ ਬੀਬੀਆਂ ਨੂੰ ਦਿੱਲੀ ਪੁਲਿਸ ਨੇ ਘੇਰਾ ਪਾਈ ਰਖਿਆ, ਜਿਸਦੇ ਵਿਰੋਧ ਵਿਚ ਬੀਬੀਆਂ ਨੇ ਪੁਲਿਸ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ। ਦਰਅਸਲ ਬੀਬੀਆਂ ਗੁਰਦਵਾਰੇ ਦੀ ਹਦੂਰ ਤੋਂ ਮਾਰਚ ਕਰਦੀਆਂ ਬਾਹਰ ਆਈਆਂ ਤੇ ਉਹ ਅੱਗੇ ਪਾਰਲੀਮੈਂਟ ਵਲ ਜਾਣਾ ਚਾਹੁੰਦੀਆਂ ਸਨ, ਪਰ ਪੁਲਿਸ ਫ਼ੋਰਸ ਨੇ ਗੁਰਦਵਾਰੇ ਦੇ ਮੁੱਖ ਗੇਟ ਦੇ ਬਾਹਰ ਹੀ ਬੀਬੀਆਂ ਨੂੰ ਘੇਰਾ ਪਾ ਲਿਆ। ਰੋਹ ’ਚ ਆਈਆਂ ਬੀਬੀਆਂ ਨੇ, ‘ਦਿੱਲੀ ਪੁਲਿਸ, ਹਾਏ-ਹਾਏ’ ਦੇ ਨਾਹਰੇ ਲਾਏ। ਮੌਕੇ ’ਤੇ ‘ਸਪੋਕਸਮੈਨ’ ਦੇ ਇਸ ਪੱਤਰਕਾਰ ਨੇ ਵੇਖਿਆ ਕਿ ਪੁਲਿਸ ਮੁਲਾਜ਼ਮ ਹਰਪ੍ਰੀਤ ਸਿੰਘ ਅੰਦਰੋਂ ਛਬੀਲ ਤੋਂ ਪਾਣੀ ਮੰਗਵਾ ਕੇ, ਬੀਬੀਆਂ ਨੂੰ ਸ਼ਾਂਤ ਕਰਨ ਲਈ ਪਾਣੀ ਪਿਆ ਰਿਹਾ ਸੀ।
84 ਕਤਲੇਆਮ ਦੇ ਮੁੱਖ ਦੋਸ਼ੀਆਂ ’ਚੋਂ ਇਕ ਮਰਹੂਮ ਐਚ.ਕੇ.ਐਲ.ਭਗਤ ਵਿਰੁਧ ਮੁੱਖ ਗਵਾਹ ਰਹੀ 63 ਸਾਲਾ ਬੀਬੀ ਦਰਸ਼ਨ ਕੌਰ ਨੇ ਤਿੱਖੀ ਸੁਰ ’ਚ ਪੁਲਿਸ ਨੂੰ ਕਿਹਾ, “ਪੰਜ ਹਜ਼ਾਰ ਤੋਂ ਵੱਧ ਬੰਦੇ ਮਾਰ ਦਿਤੇ। ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਅੱਗਾਂ ਲਾਈਆਂ ਗਈਆਂ, ਜਿਊਂਦੇ ਜੀਅ ਟਾਇਰ ਪਾ ਕੇ ਸਾਡੇ ਪਰਵਾਰ ਦੇ ਪਰਵਾਰ ਸਾੜ ਦਿਤੇ ਗਏ। ਹੁਣ ਇਨ੍ਹਾਂ (ਪੁਲਿਸ) ਨੂੰ ਸਾਡੇ ਕੋਲੋਂ ਡਰ ਲੱਗ ਰਿਹਾ ਹੈ। 84 ’ਚ ਪੁਲਿਸ ਵਾਲੇ ਵੀ ਸਾਨੂੰ ਮਰਵਾ ਰਹੇ ਸੀ। 41 ਸਾਲ ਹੋ ਗਏ ਸਾਨੂੰ ਇਨਸਾਫ਼ ਨਹੀਂ ਮਿਲਿਆ।’’ ਕਾਂਗਰਸ ਨੇ ਮਾਰਿਆ ਤੇ ਭਾਜਪਾ ਨੇ ਉਨ੍ਹਾਂ ਦੀ ਪਿੱਠ ਥੱਪ ਥਪਾਈ, ਸ਼ਾਬਾਸ਼! ਜਿਵੇਂ ਸਾਡੇ ਜਿਊਂਦੇ ਸਾੜੇ ਸੀ, ਇਨ੍ਹਾਂ ( ਦੋਸ਼ੀਆਂ) ਨੂੰ ਵੀ ਜਿਊਂਦੇ ਸਾੜੋ।
ਇਕ ਸੱਜਣ ਕੁਮਾਰ ਨੂੰ ਸਜ਼ਾ ਦੇਣ ਨਾਲ ਕੁੱਝ ਨਹੀਂ ਹੋਣਾ। ਟਾਈਟਲਰ, ਐਚ.ਕੇ.ਐਲ.ਭਗਤ, ਤਿੰਨ ਬੰਦਿਆਂ ਨੂੰ ਅੱਗੇ ਕਰ ਦਿਤਾ, ਬਾਕੀ ਕਿਥੇ ਮਰ ਗਏ ਨੇ। ਨਰਸਿਮ੍ਹਾ ਰਾਉ (84 ’ਚ) ਗ੍ਰਹਿ ਮੰਤਰੀ ਸੀ, ਉਸ ਨੇ ਕਤਲੇਆਮ ਕਰਵਾਇਆ, ਉਸ ਨੂੰ ਭਾਜਪਾ ਸਰਕਾਰ ਨੇ ਭਾਰਤ ਰਤਨ ਦੇ ਦਿਤਾ। ਜਿਨ੍ਹਾਂ ਇੰਦਰਾ ਗਾਂਧੀ ਨੂੰ ਮਾਰਿਆ, ਉਨ੍ਹਾਂ ਨੂੰ ਜਿਊਂਦਿਆਂ ਫ਼ਾਂਸੀ ਦੇ ਦਿਤੀ ਗਈ, ਪਰ 84 ਦੇ ਕਾਤਲ !” ਪਿਛੋਂ ਬੀਬੀ ਦਰਸ਼ਨ ਕੌਰ, ਜਸਬੀਰ ਕੌਰ, ਬੀਬੀ ਕੁਲਵੰਤ ਕੌਰ, ਬੀਬੀ ਇੰਦਰਾ ਕੌਰ ਆਦਿ ਨੂੰ ਪੀਸੀਆਰ ’ਚ ਪ੍ਰਧਾਨ ਮੰਤਰੀ ਦਫ਼ਤਰ ਲਿਜਾਇਆ ਗਿਆ।
ਜਿਥੇ ਆਲ ਇੰਡੀਆ ਸਿੱਖ ਕਾਨਫ਼ਰੰਸ ਵਲੋਂ ਇਕ ਮੰਗ ਪੱਤਰ ਦੇ ਕੇ, 84 ਦੀ ਵਿੱਥਿਆ ਦੱਸੀ ਗਈ। ਇਸ ਮੌਕੇ ਆਲ ਇੰਡੀਆ ਸਿੱਖ ਕਾਨਫ਼ਰੰਸ ਦੇ ਪ੍ਰਧਾਨ ਗੁਰਚਰਨ ਸਿੰਘ ਬੱਬਰ ਨੇ ਕਿਹਾ, “84 ਵਿਚ ਸਿੱਖਾਂ ਦਾ ਕਤਲੇਆਮ ਕਰ ਕੇ, ਉਨ੍ਹਾਂ ਦੀਆਂ ਲਾਸ਼ਾਂ ਨੂੰ ਟਰੱਕਾਂ ’ਚ ਭਰ ਕੇ ਅਰਾਵਲੀ ਦੀ ਪਹਾੜੀਆਂ ਵਿਚ ਫੂਕ ਦਿਤਾ ਗਿਆ, ਨਾ ਕਿਥੇ ਐਫ਼ਆਈਆਰ ਹੋਈ ਅਤੇ ਕਿਸੇ ਦੋਸ਼ੀ ਨੂੰ ਫ਼ਾਂਸੀ ਤਕ ਨਹੀਂ ਦਿਤੀ ਗਈ?” ਬੱਬਰ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਵਿਧਵਾ ਬੀਬੀਆਂ ਦੀ ਮਾੜੀ ਹਾਲਤ ਤੇ ਘਰਾਂ ਦੇ ਹਾਲਤ ਵੇਖ ਕੇ, ਉਨ੍ਹਾਂ ਨੂੰ ਇਕ ਇਕ ਕਰੋੜ ਦੀ ਰਕਮ ਦਿਤੀ ਜਾਵੇ ਤਾ ਕਿ ਉਹ ਆਪਣਾ ਬੁੱਢਾਪਾ ਕੱਟ ਸਕਣ।
ਫ਼ੋਟੋ ਕੈਪਸ਼ਨ:- ਵਿਧਵਾਵਾਂ ਨੂੰ ਘੇਰਾ ਪਾ ਕੇ, ਖੜੀ ਪੁਲਿਸ ਕੋਲ ਰੋਹ ਪ੍ਰਗਟਾਉਂਦੀ ਹੋਈ ਬੀਬੀ ਦਰਸ਼ਨ ਕੌਰ । ਅਮਨਦੀਪ^ 31 ਅਕਤੂਬਰ^ ਫ਼ੋਟੋ ਫ਼ਾਈਲ਼ ਨੰਬਰ 01 ਤੇ 01 ਏ ਨੱਥੀ ਹਨ।