ਗੁਰੂ ਤੇਗ ਬਹਾਦਰ ਜੀ ਦੇ ਜੀਉ ਅਤੇ ਜੀਣ ਦਿਉ” ਵਾਲੇ ਫ਼ਲਸਫ਼ੇ ਨੂੰ ਕਿੰਨਾ ਕੁ ਮੰਨਦੇ ਹਾਂ ਅਸੀਂ ਅੱਜ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੱਜ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

Baba Bakala

ਸਿੱਖ ਇਤਿਹਾਸ ਜਿਥੇ ਉੱਤਮ ਆਚਰਣ ਤੇ ਮਨੁੱਖਤਾ ਦੀ ਸੇਵਾ ਸਿਧਾਂਤ ਉਪਰ ਅਧਾਰਤ ਹੈ ਉੱਥੇ ਹੀ ਜਬਰ-ਜ਼ੁਲਮ ਦੇ ਖ਼ਾਤਮੇ ਲਈ ਜੂਝ ਜਾਣ, ਸਵੈ-ਕੁਰਬਾਨੀ ਅਤੇ ਸਵੈ-ਤਿਆਗ ਦਾ ਸਬਕ ਵੀ ਦਿੰਦਾ ਹੈ। ਸਿੱਖ ਗੁਰੂ ਸਾਹਿਬਾਨ ਅਤੇ ਹੋਰ ਸੂਰਬੀਰਾਂ ਵਲੋਂ ਦਿਤੇ ਬਲੀਦਾਨ ਕਿਸੇ ਨਿਜੀ ਸਵਾਰਥ ਜਾ ਕਿਸੇ ਜਾਤੀ ਵਿਸ਼ੇਸ਼ ਨੂੰ ਲਾਭ ਦੇਣ ਵਾਲੀ ਸੋਚ ਦੇ ਧਾਰਨੀ ਬਿਲਕੁਲ ਨਹੀਂ ਸਨ ਕਿਉਂਕਿ ਪਹਿਲੀ ਪਾਤਸ਼ਾਹੀ ਸਤਿਗੁਰੂ ਨਾਨਕ ਦੇਵ ਜੀ ਨੇ ਜਿਸ ਜਨੇਊ ਨੂੰ ਪਹਿਨਣ ਤੋਂ ਇਨਕਾਰ ਕੀਤਾ ਸੀ, ਉਸੇ ਜਨੇਊ (ਜੰਜੂ) ਅਤੇ ਤਿਲਕ ਦੀ ਰਾਖੀ ਖ਼ਾਤਰ ਗੁਰੂ ਤੇਗ ਬਹਾਦਰ ਜੀ ਨੇ ਅਪਣਾ ਬਲੀਦਾਨ ਦਿਤਾ।

ਗੁਰੂ ਸਾਹਿਬ ਦਾ ਇਹ ਵਿਸ਼ਾਲ ਸਿਧਾਂਤ ਕਿਸੇ ਬ੍ਰਾਹਮਣ ਜਾਤੀ ਵਿਰੁਧ ਨਹੀਂ ਸੀ ਬਲਕਿ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਵਿਰੁਧ ਸੀ ਜੋ ਉਸ ਵੇਲੇ ਪਾਖੰਡਵਾਦ, ਜਾਤੀਵਾਦ, ਊਚ-ਨੀਚ ਦੀ ਪ੍ਰਚਾਰਕ ਸੀ। ਪੰਡਤਾਂ ਦੀ ਰਖਿਆ ਕਰ ਕੇ ਉਨ੍ਹਾਂ ਨੇ ਮਨੁੱਖਤਾ ਦੀ ਹੀ ਰਖਿਆ ਕੀਤੀ ਸੀ ਨਾ ਕਿ ਕਿਸੇ ਬ੍ਰਾਹਮਣ ਕੌਮ ਦੀ। ਇਸ ਨਾਲ ਬ੍ਰਾਹਮਣਵਾਦੀ ਤੰਗ ਵਿਚਾਰਧਾਰਾ ਦਾ ਵਿਸ਼ਾਲ ਸਿੱਖੀ ਸਿਧਾਂਤਾਂ ਨਾਲ ਜੁੜਨ ਦਾ ਮੁਢ ਬੱਝਾ ਅਤੇ ਇਸੇ ਨਾਲ ਹੀ 'ਜੀਉ ਤੇ ਜੀਣ ਦਿਉ' ਵਾਲੀ ਲਹਿਰ ਦੀ ਨੀਂਹ ਰੱਖੀ ਗਈ ਸੀ। ਪੂਰੇ ਸੰਸਾਰ ਵਿਚ ਗੁਰੂ ਸਾਹਿਬਾਨ ਦਾ ਇਹ ਕਾਰਨਾਮਾ ਹੀ ਇਹ ਸੰਦੇਸ਼ ਦਿੰਦਾ ਹੈ ਕਿ ਜੇ ਕੋਈ ਧਾਰਮਕ ਮਹਾਂਪੁਰਖ ਅਪਣੇ ਪੈਰੋਕਾਰਾਂ ਨੂੰ ਕਿਸੇ ਉੱਚੇ-ਸੁੱਚੇ ਪਲੇਟਫ਼ਾਰਮ ਨਾਲ ਜੋੜਨਾ ਚਾਹੁੰਦਾ ਹੈ ਤਾਂ ਉਸ ਲਈ ਖ਼ੁਦ ਵੀ 'ਕਥਨੀ ਤੇ ਕਰਨੀ' ਦੇ ਪੱਕੇ ਧਾਰਨੀ ਹੋਣਾ ਅਤਿ ਜ਼ਰੂਰੀ ਹੈ।

ਇਤਿਹਾਸ ਗਵਾਹ ਹੈ ਕਿ ਜਿਵੇਂ ਗੁਰੂ ਨਾਨਕ ਦੇਵ ਜੀ ਵਲੋਂ ਗ਼ਰੀਬ, ਕਮਜ਼ੋਰ, ਦੱਬੇ-ਕੁਚਲੇ ਲੋਕਾਂ ਨੂੰ ਗਲ ਲਾਉਣਾ ਅਤੇ ਬਾਦਸ਼ਾਹਾਂ, ਧਨਾਢਾਂ ਦੇ ਜ਼ੁਲਮ ਵਿਰੁਧ ਸੰਘਰਸ਼ ਕਰਨਾ, ਹੱਥੀਂ ਕਿਰਤ ਕਰਨਾ ਆਦਿ ਜਿਹੇ ਉਪਦੇਸ਼ ਅਮਲੀ ਰੂਪ ਵਿਚ ਕੀਤੇ ਗਏ ਅਤੇ ਫਿਰ ਪੰਜਵੇਂ ਗੁਰੂ ਅਰਜੁਨ ਦੇਵ ਜੀ ਤੱਤੀ ਤਵੀ 'ਤੇ ਬੈਠੇ, ਨੌਵੇਂ ਗੁਰੂ ਤੇਗ ਬਹਾਦਰ ਜੀ ਵਲੋਂ ਜ਼ਬਰਦਸਤੀ ਕਿਸੇ ਦੇ ਧਾਰਮਕ ਵਿਸ਼ਵਾਸ ਉਤੇ ਪ੍ਰਹਾਰ ਕਰਨ ਵਿਰੁਧ ਸ਼ਹਾਦਤ ਦਿਤੀ ਗਈ ਅਤੇ ਆਖ਼ਰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖਤਾ ਦੀ ਰਾਖੀ ਲਈ ਜੂਝਦੇ ਹੋਏ ਜੰਗਾਂ ਯੁੱਧਾਂ ਵਿਚ ਅਪਣਾ ਸਰਬੰਸ ਹੀ ਕੁਰਬਾਨ ਕਰ ਦਿਤਾ। ਇਨ੍ਹਾਂ ਸੱਭ ਮਹਾਨ ਕੁਰਬਾਨੀਆਂ ਦਾ ਮੁੱਖ ਮਕਸਦ “ਜੀਉ ਅਤੇ ਜੀਉਣ ਦਿਉ” ਦੇ ਫ਼ਲਸਫੇ ਦਾ ਪਾਠ ਮਨੁੱਖਤਾ ਨੂੰ ਪੜ੍ਹਾਉਣਾ ਹੀ ਸੀ।

ਪਰ ਇਹ ਸੋਚਣ ਵਾਲੀ ਵਿਸ਼ੇਸ ਗੱਲ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਕਰੀਬ ਸਾਢੇ ਤਿੰਨ ਸੌ ਸਾਲ ਬਾਅਦ ਵੀ ਅੱਜ ਅਸੀਂ ਗੁਰੂ ਸਾਹਿਬਾਨ ਦੇ ਸ਼ਰਧਾਲੂ ਕਹਾਉਂਦੇ ਲੋਕ ਇਨ੍ਹਾਂ ਸੰਦੇਸ਼ਾਂ ਉੱਤੇ ਕਿੰਨਾ ਕੁ ਅਮਲ ਕਰ ਰਹੇ ਹਾਂ? ਜਾਪਦਾ ਹੈ ਕਿ ਇਸ ਦਾ ਜਵਾਬ ਮਨਫ਼ੀ ਵਿਚ ਹੀ ਹੋਵੇਗਾ ਕਿਉਂਕਿ ਇਸ ਦੇ ਪ੍ਰਤੱਖ ਪ੍ਰਮਾਣ ਹਨ ਸਾਡੇ ਆਸ-ਪਾਸ ਵਾਪਰ ਰਹੀਆਂ ਮਨੁੱਖਤਾ ਨੂੰ ਖ਼ਤਮ ਕਰ ਦੇਣ ਵਾਲੀਆਂ ਘਟਨਾਵਾਂ ਜਿਨ੍ਹਾਂ ਵਿਚ ਬਾਬਾ ਨਾਨਕ ਜੀ ਦੇ ਭਾਈ ਮਰਦਾਨਿਆਂ ਅਤੇ ਭਾਈ ਲਾਲੋਆਂ, ਰੰਘਰੇਟੇ ਗੁਰੂ ਕੇ ਬੇਟਿਆਂ (ਦਲਿਤਾਂ) ਨੂੰ ਨੀਵੀਂ ਜਾਤੀ ਕਿਹਾ ਜਾ ਰਿਹਾ ਹੈ, ਖ਼ਾਸਕਰ ਉਸ ਪੰਜਾਬ ਵਿਚ ਜੋ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਮੰਨੀ ਜਾਂਦੀ ਹੈ।

ਇਹ ਜ਼ੁਲਮੀ ਕਾਰਨਾਮੇ ਵੀ ਪੰਜਾਬ ਦੇ ਉਹ ਲੋਕ ਕਰ ਰਹੇ ਹਨ ਜੋ ਉੱਚ ਜਾਤੀ ਦੇ ਜ਼ਿਮੀਂਦਾਰ ਅਤੇ ਅਪਣੇ ਆਪ ਨੂੰ ਗੁਰੂਆਂ ਦੇ ਅਸਲੀ ਸਿੱਖ, ਵੱਡੇ ਸ਼ਰਧਾਲੂ ਅਤੇ ਧਰਮ ਦੇ ਠੇਕੇਦਾਰ ਹੋਣ ਦੀ ਹਉਮੇ ਵਿਚ ਫਸੇ ਫਿਰਦੇ ਹਨ ਪਰ ਨੌਵੇਂ ਗੁਰੂ ਜੀ ਦੇ ਇਸ ਸੰਦੇਸ਼ ਕਿ 'ਭੈ ਕਾਹੂੰ ਕੋ ਦੇਤ ਨਹਿੰ, ਨਹਿੰ ਭੈ ਮਾਨਤ ਆਨ' ਅਰਥਾਤ ਨਾ ਡਰੋ ਨਾ ਡਰਾਉ ਭਾਵ ਕਿ 'ਜੀਉ ਤੇ ਜੀਣ ਦਿਉ' ਵਾਲੇ ਸਿਧਾਂਤ ਅਤੇ ਬਾਬਾ ਨਾਨਕ ਜੀ ਦੇ ਉਪਦੇਸ਼ 'ਜਿਥੇ ਨੀਚ ਸਮਾਲੀਅਨ ਤਿਥੇ ਨਦਰ ਤੇਰੀ ਬਖਸੀਸ' ਦੇ ਸੰਦੇਸ਼ ਅਤੇ ਦਸਮੇਸ਼ ਗੁਰੂ ਜੀ ਦੇ ਫ਼ਲਸਫ਼ੇ 'ਮਾਨਸ ਕੀ ਜਾਤ ਸਭੈ ਏਕੋ ਹੀ ਪਹਿਚਾਨਬੋ' ਤੋਂ ਕੋਹਾਂ ਦੂਰ ਹੋ ਕੇ ਭਟਕੇ ਫਿਰਦੇ ਹਨ।

ਇਹ ਬੜੀ ਸੰਤੁਸ਼ਟੀ ਵਾਲੀ ਗੱਲ ਹੈ ਕਿ ਕੁੱਝ ਸਾਲਾਂ ਤੋਂ ਬ੍ਰਾਹਮਣ ਸਮਾਜ ਦੀ ਇਕ ਜਥੇਬੰਦੀ ਵਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ, ਇਕ 'ਰਿਣ ਚੁਕਾਊ ਯਾਤਰਾ' ਕੱਢੀ ਜਾਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਸਾਡੇ ਵੱਡੇ-ਵਡੇਰਿਆਂ ਦੀ ਅਰਜ਼ੋਈ ਸੁਣ ਕੇ ਉਸ ਵੇਲੇ ਗੂਰੂ ਤੇਗ ਬਹਾਦਰ ਜੀ ਅਪਣਾ ਬਲੀਦਾਨ ਨਾ ਦਿੰਦੇ ਤਾਂ ਸਾਡੀ ਤਾਂ ਹੋਂਦ ਹੀ ਖ਼ਤਮ ਹੋ ਜਾਣੀ ਸੀ। ਇਹ ਬਿਲਕੁਲ ਸੱਚਾਈ ਹੈ ਕਿ ਜਿਵੇਂ ਔਰੰਗਜ਼ੇਬ ਇਸ ਜ਼ਿੱਦ ਉਪਰ ਅੜਿਆ ਹੋਇਆ ਸੀ ਕਿ ਸਾਰੇ ਹੀ ਮੰਦਰਾਂ ਨੂੰ ਢਹਿ-ਢੇਰੀ ਕਰ ਕੇ ਮਸਜਿਦਾਂ ਬਣਾ ਦਿਉ, ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾ ਦਿਉ ਅਤੇ ਜੇ ਕਿਸੇ ਤਰੀਕੇ ਵੀ ਨਹੀਂ ਬਣਦੇ ਤਾਂ ਇਨ੍ਹਾਂ ਨੂੰ ਖ਼ਤਮ ਕਰ ਦਿਉ, ਜੋ ਹਿੰਦੂ ਧਰਮ ਦਾ ਨਾਮੋ ਨਿਸ਼ਾਨ ਮਿਟਾਉਣ ਦਾ ਟੀਚਾ ਸੀ।

ਕਸ਼ਮੀਰ ਖੇਤਰ ਨੂੰ ਖ਼ਾਸ ਕਰ ਕੇ ਇਸ ਲਈ ਚੁਣਿਆ ਗਿਆ ਕਿ ਇਥੇ ਸੱਭ ਤੋਂ ਵੱਧ ਬ੍ਰਾਹਮਣ ਰਹਿੰਦੇ ਸਨ ਅਤੇ ਔਰੰਗਜ਼ੇਬ ਦੀ ਇਹ ਸਕੀਮ ਸੀ ਕਿ ਹਿੰਦੂ ਲੋਕਾਂ ਨੂੰ ਵੇਦਾਂ ਅਤੇ ਪੋਥੀਆਂ 'ਚੋਂ ਗਿਆਨ ਦੇਣ ਵਾਲੇ ਬ੍ਰਾਹਮਣ ਨੂੰ ਹੀ ਜੇ ਸੱਭ ਤੋਂ ਪਹਿਲਾਂ ਮੁਸਲਮਾਨ ਬਣਾ ਲਿਆ ਜਾਵੇ ਤਾਂ ਬਾਕੀ ਹਿੰਦੂ ਤਾਂ ਆਪੇ ਹੀ ਬਣ ਜਾਣਗੇ। ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣਨ ਉਪਰੰਤ ਗੁਰੂ ਜੀ ਨੇ ਕਿਹਾ ਕਿ ਜਾਉ ਔਰੰਗਜ਼ੇਬ ਨੂੰ ਕਹਿ ਦਿਉ, ਪਹਿਲਾਂ ਸਾਡੇ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਉ, ਫਿਰ ਅਸੀ ਸਾਰੇ ਹੀ ਮੁਸਲਮਾਨ ਬਣ ਜਾਵਾਂਗੇ। ਇਸ ਨੂੰ ਔਰੰਗਜ਼ੇਬ ਨੇ ਬਹੁਤ ਸੌਖੀ ਗੱਲ ਸਮਝ ਲਿਆ ਸੀ ਕਿ ਇਕ ਆਦਮੀ ਨੂੰ ਤਬਦੀਲ ਕਰ ਕੇ, ਸਮੁੱਚੀ ਗਿਣਤੀ ਮੰਨ ਜਾਣੀ ਹੈ।

ਗੁਰੂ ਜੀ ਤਾਂ ਖ਼ੈਰ ਪਹਿਲਾਂ ਹੀ 20 ਜੁਲਾਈ 1675 ਨੂੰ ਅਪਣੇ ਪੰਜ ਸੇਵਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਜੈਤਾ ਜੀ, ਭਾਈ ਉਦੈ ਜੀ ਸਮੇਤ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਰਵਾਨਾ ਹੋ ਗਏ। 15 ਸਤੰਬਰ ਨੂੰ ਗੁਰੂ ਜੀ ਨੂੰ ਆਗਰਾ ਤੋਂ ਇਨ੍ਹਾਂ ਪੰਜ ਸਿੱਖਾਂ ਸਮੇਤ ਗ੍ਰਿਫ਼ਤਾਰ ਕਰ ਕੇ ਦਿੱਲੀ ਚਾਂਦਨੀ ਚੌਕ ਕੋਤਵਾਲੀ ਵਿਚ ਬੰਦ ਕਰ ਦਿਤਾ ਗਿਆ। ਔਰੰਗਜ਼ੇਬ ਉਨ੍ਹੀਂ ਦਿਨੀਂ ਫ਼ੌਜ ਦੀ ਬਗ਼ਾਵਤ ਨੂੰ ਦਬਾਉਣ ਲਈ ਦਿੱਲੀ ਤੋਂ ਬਾਹਰ ਹਸਨ-ਅਬਦਾਲ ਵਿਖੇ ਗਿਆ ਹੋਇਆ ਸੀ। ਕਾਜ਼ੀ ਅਬਦੁਲ ਵਹਾਬ ਵੋਹਰਾ ਵਲੋਂ ਅਹਿਲਕਾਰ ਭੇਜ ਕੇ ਗੁਰੂ ਜੀ ਦੀ ਮੌਤ ਦੇ ਵਰੰਟ ਅਤੇ ਹੋਰ ਲੋੜੀਂਦੀ ਕਾਰਵਾਈ ਦੀ ਮਨਜ਼ੂਰੀ ਲੈ ਲਈ ਗਈ ਸੀ।

ਇਥੇ ਵਰਨਣਯੋਗ ਹੈ ਕਿ ਦਿੱਲੀ ਚਾਂਦਨੀ ਚੌਂਕ ਦਾ ਕੋਤਵਾਲ ਖ਼ਵਾਜਾ ਅਬਦੁੱਲਾ ਅਤੇ ਔਰੰਗਜ਼ੇਬ ਦੀ ਬੇਟੀ ਜ਼ੈਬੁਨਿਸਾ ਗੁਰੂ ਘਰ ਦੇ ਦਿਲੋਂ ਹਮਦਰਦ ਸਨ। ਸੋ ਉਨ੍ਹਾਂ ਦੀ ਗੁਪਤ ਮਦਦ ਨਾਲ ਹੀ ਭਾਈ ਜੈਤਾ ਜੀ ਅਤੇ ਭਾਈ ਉਦੈ ਨੂੰ ਕੋਈ ਵਾਜਬ ਬਹਾਨਾ ਹਕੂਮਤ ਨੂੰ ਦੱਸ ਕੇ ਫ਼ਰਾਰ ਕਰ ਦਿਤਾ ਗਿਆ, ਜਿਸ ਦਾ ਵੀ ਵਿਸ਼ੇਸ਼ ਮਕਸਦ ਸੀ। ਇਸ ਵਜੋਂ ਭਾਈ ਜੈਤਾ ਨੇ ਅਨੰਦਪੁਰ ਅਤੇ ਦਿੱਲੀ ਵਿਚਕਾਰ ਹਾਲਾਤ ਦਾ ਆਦਾਨ-ਪ੍ਰਦਾਨ ਕਰ ਕੇ, ਦਿੱਲੀ ਦੇ ਪੂਰੇ ਹਾਲਾਤ ਦੀ ਜਾਣਕਾਰੀ ਕੇਵਲ 9 ਸਾਲ ਦੇ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਸਾਹਿਬ ਵਿਖੇ ਦਿਤੀ ਸੀ ਤੇ ਦਸਿਆ ਕਿ ਗੁਰੂ ਜੀ ਦੀ ਸ਼ਹੀਦੀ ਹੋਣੀ ਅਟੱਲ ਹੈ ਅਤੇ ਨਾਲ ਹੀ ਉਨ੍ਹਾਂ ਨੇ ਗੁਰੂ ਜੀ ਵਲੋਂ ਰਚਿਤ 57 ਸਲੋਕ”ਅਤੇ ਗੁਰਗੱਦੀ ਦੀ ਸਮੱਗਰੀ ਵੀ ਪਹੁੰਚਦੀ ਕੀਤੀ ਸੀ। ਹਕੂਮਤ ਵਲੋਂ ਗੁਰੂ ਜੀ ਨੂੰ ਜੇਲ ਵਿਚੋਂ ਕੱਢ ਕੇ ਅਜਿਹੇ ਲੋਹੇ ਦੇ ਪਿੰਜਰੇ ਵਿਚ ਬੰਦ ਕਰ ਦਿਤਾ ਗਿਆ ਸੀ ਜਿਥੇ ਉਹ ਨਾ ਬੈਠ ਸਕਦੇ ਸਨ, ਨਾ ਲੰਮੇ ਪੈ ਸਕਦੇ ਸਨ, ਬੱਸ ਸਿਰਫ਼ ਖੜੇ ਹੀ ਰਹਿ ਸਕਦੇ ਸੀ।

ਧੰਨ ਹਨ ਅਜਿਹੇ ਗੁਰੂ ਅਤੇ ਧੰਨ ਸਨ ਉਨ੍ਹਾਂ ਦੇ ਸਿਦਕੀ ਸਿੱਖ ਜੋ ਗੁਰੂ ਜੀ ਦੀ ਸ਼ਹਾਦਤ ਤੋਂ ਪਹਿਲਾਂ 10 ਨਵੰਬਰ 1675 ਨੂੰ ਹਕੂਮਤ ਵਲੋਂ ਦਿਤੇ ਸੱਭ ਲਾਲਚਾਂ, ਡਰਾਂ ਦੇ ਬਾਵਜੂਦ ਵੀ ਭਾਈ ਮਤੀ ਦਾਸ, ਸਤੀ ਦਾਸ ਅਤੇ ਦਿਆਲਾ ਜੀ ਦੇ ਰੂਪ ਵਿਚ ਬੇਕਿਰਕ ਤਸੀਹੇ ਦੇ ਕੇ ਗੁਰੂ ਜੀ ਦੇ ਸਾਹਮਣੇ ਸ਼ਹੀਦ ਕਰ ਦਿਤੇ ਗਏ ਜਿਸ ਦਾ ਮਕਸਦ ਸੀ, ਗੁਰੂ ਜੀ ਨੂੰ ਭੈਭੀਤ ਕਰਨਾ ਪਰ ਗੁਰੂ ਜੀ ਤਾਂ ਇਕ ਰੂਹਾਨੀ ਜੋਤਿ ਸਰੂਪ ਸਨ, ਉਨ੍ਹਾਂ ਨੇ ਕੀ ਡੋਲਣਾ ਸੀ। ਅਖ਼ੀਰ ਉਨ੍ਹਾਂ ਨੂੰ ਕਰਾਮਾਤ ਵਿਖਾਉਣ, ਧਰਮ ਤਬਦੀਲੀ ਕਬੂਲਣ ਜਾਂ ਮੌਤ ਕਬੂਲ ਕਰਨ ਲਈ ਕਿਹਾ ਗਿਆ। ਗੁਰੂ ਜੀ ਨੇ ਕਰਾਮਾਤ ਨੂੰ ਅਤੇ ਬਾਕੀ ਸ਼ਰਤਾਂ ਨੂੰ ਠੁਕਰਾ ਦਿਤਾ ਅਤੇ ਸਿਰਫ਼ ਮੌਤ ਹੀ ਕਬੂਲ ਕੀਤੀ ਸੀ। ਇਸ ਤਰ੍ਹਾਂ 11 ਨਵੰਬਰ 1675 ਨੂੰ ਉਨ੍ਹਾਂ ਨੂੰ ਸ਼ਹੀਦ ਕਰ ਦਿਤਾ ਗਿਆ।

ਇਤਿਹਾਸਕਾਰ ਗੁਰੂ ਜੀ ਦੀ ਇਸ ਸ਼ਹਾਦਤ ਵੇਲੇ ਦੇ ਹਾਲਾਤ ਨੂੰ ਬੜਾ ਵਚਿੱਤਰ ਦਸਦੇ ਹਨ ਕਿ ਔਰੰਗਜ਼ੇਬ ਦੇ ਸਖ਼ਤ ਜ਼ੁਲਮਾਂ ਭਰੀ ਇਹ ਚੇਤਾਵਨੀ ਸੀ ਕਿ ਜੇ ਕੋਈ ਸਿੱਖ ਗੁਰੂ ਜੀ ਦੇ ਸੀਸ ਦੇ ਨੇੜੇ ਆਉਣ ਦੀ ਹਿੰਮਤ ਵੀ ਕਰੇਗਾ ਤਾਂ ਉਸ ਦਾ ਸਾਰਾ ਪ੍ਰਵਾਰ ਤਸੀਹੇ ਦੇ ਕੇ ਖ਼ਤਮ ਕਰ ਦਿਤਾ ਜਾਵੇਗਾ। ਉਸ ਦਾ ਸਖ਼ਤ ਫ਼ੁਰਮਾਨ ਸੀ ਕਿ ਗੁਰੂ ਦਾ ਸੀਸ ਇੱਥੇ ਹੀ ਰੁਲਦਾ ਰਹੇ ਜੋ ਕਿ ਸਿੱਖ ਕੌਮ ਲਈ ਬਹੁਤ ਵੱਡੀ ਇਮਤਿਹਾਨ ਦੀ ਘੜੀ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦੇ ਭਰੇ ਇਕੱਠ ਵਿਚ ਕਿਸੇ ਅਜਿਹੇ ਸਿੱਖ ਨੂੰ ਅੱਗੇ ਆਉਣ ਲਈ ਕਿਹਾ ਸੀ ਜੋ ਗੁਰੂ ਜੀ ਦਾ ਸੀਸ ਚੁੱਕ ਕੇ ਲੈ ਆਵੇ ਪਰ ਔਰੰਗਜ਼ੇਬ ਦੀ ਦਹਿਸ਼ਤ ਕਾਰਨ ਸੱਭ ਸਿੱਖਾਂ ਨੇ ਨੀਵੀਂਆਂ ਪਾ ਲਈਆਂ ਸਨ।

ਅਜਿਹੇ ਸਖ਼ਤ ਇਮਤਿਹਾਨ ਦੀ ਘੜੀ ਵਿਚ ਗੁਰੂ ਜੀ ਦੇ ਅਨਿਨ ਸੇਵਕ ਭਾਈ ਜੈਤਾ ਜੀ ਨੇ ਹੀ ਉੱਠ ਕੇ ਇਹ ਕਾਰਜ ਨਿਭਾਉਣ ਦੀ ਜ਼ਿੰਮੇਵਾਰੀ ਲਈ ਸੀ ਅਤੇ ਫਿਰ ਗੁਰੂ ਜੀ ਦੀ 11 ਨਵੰਬਰ 1675 ਨੂੰ ਹੋਈ ਸ਼ਹਾਦਤ ਉਪਰੰਤ ਉਸੇ ਰਾਤ ਹੀ ਅਪਣੇ ਪਿਤਾ ਦਾ ਸੀਸ ਕੱਟ ਕੇ ਗੁਰੂ ਸੀਸ ਨਾਲ ਅਦਲ-ਬਦਲ ਕਰ ਕੇ ਇਹ ਪਾਵਨ ਸੀਸ 15 ਨਵੰਬਰ 1675 ਨੂੰ ਅਨੰਦਪੁਰ ਸਾਹਿਬ ਪਹੁੰਚਾ ਦਿਤਾ ਸੀ ਜਿੱਥੇ ਭਾਈ ਜੈਤਾ ਜੀ ਦੀ ਇਸ ਲਾ ਮਿਸਾਲ ਬਹਾਦੁਰੀ ਤੋਂ ਖ਼ੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਗਲਵਕੜੀ ਵਿਚ ਲੈ ਕੇ “ਰੰਘਰੇਟੇ ਗੁਰੂ ਕੇ ਬੇਟੇ” ਦੇ ਮਾਣ ਭਰੇ ਸ਼ਬਦਾਂ ਨਾਲ ਨਵਾਜਿਆ ਸੀ।

ਭਾਈ ਜੈਤਾ ਜੀ ਦੀ ਬਹਾਦੁਰੀ ਉਤੇ ਏਨੇ ਵੱਡੇ ਫ਼ਖ਼ਰ ਦਾ ਕਾਰਨ ਇਹ ਵੀ ਸੀ ਕਿ ਜਦੋਂ ਗੁਰੂ ਗੋਬਿੰਦ ਜੀ ਨੇ ਜੈਤਾ ਜੀ ਤੋਂ ਗੁਰੂ ਜੀ ਦੀ ਸ਼ਹਾਦਤ ਵੇਲੇ ਦਿੱਲੀ ਦੇ ਸਿੱਖਾਂ ਦੀ ਭੂਮਿਕਾ ਬਾਰੇ ਪੁਛਿਆ ਸੀ ਤਾਂ ਜੈਤਾ ਜੀ ਦਾ ਦਸਣਾ ਸੀ ਕਿ ਉੱਥੇ ਸਿੱਖਾਂ ਦੀ ਕੋਈ ਵਖਰੀ ਪਛਾਣ ਨਾ ਹੋਣ ਕਾਰਨ ਉੱਥੇ ਕੋਈ ਸਿੱਖ ਨਜ਼ਰ ਨਹੀਂ ਸੀ ਆਇਆ, ਸ਼ਾਇਦ ਸੱਭ ਔਰੰਗਜ਼ੇਬ ਦੇ ਜ਼ੁਲਮ ਤੋਂ ਡਰਦੇ ਹੋਏ ਲੁਕ-ਛਿਪ ਗਏ ਸਨ। ਇਥੇ ਇਹ ਵੀ ਵਿਸ਼ੇਸ਼ ਜ਼ਿਕਰਯੋਗ ਹੈ ਕਿ ਇਹ ਸੱਚਾਈ ਜਾਣਨ ਉਪਰੰਤ ਹੀ ਦਸਮੇਸ਼ ਗੁਰੂ ਨੇ ਕਿਤੇ ਵੀ ਨਾ ਛੁਪਣ ਵਾਲਾ ਅਤੇ ਵਖਰੀ ਦਿੱਖ ਵਾਲਾ ਸਿੱਖ ਸਾਜਣ ਦਾ ਫ਼ੈਸਲਾ ਕੀਤਾ ਸੀ ਜਿਸ ਵਜੋਂ 9ਵੇਂ ਗੁਰੂ ਜੀ ਦੀ ਇਹ ਸ਼ਹਾਦਤ ਹੀ 13 ਅਪ੍ਰੈਲ 1699 ਦੀ ਵਿਸਾਖੀ ਨੂੰ ਸਾਜੇ ਗਏ ਖ਼ਾਲਸਾ ਸਰੂਪ” ਦੀ ਅਸਲ ਪ੍ਰੇਰਣਾ ਸਰੋਤ ਸੀ।

ਇਸ ਉਪਰੰਤ ਫਿਰ ਅਗਲੇ ਦਿਨ ਸਿੱਖ ਸੰਗਤਾਂ ਦੇ ਦਰਸ਼ਨਾਂ ਉਪਰੰਤ ਗੁਰੂ ਜੀ ਦੇ ਪਵਿੱਤਰ ਸੀਸ ਦਾ 16 ਨਵੰਬਰ 1675 ਨੂੰ ਪੂਰੀ ਸ਼ਰਧਾ ਅਤੇ ਗੁਰਮਰਿਆਦਾ ਸਹਿਤ ਅੰਤਿਮ ਸੰਸਕਾਰ ਕਰ ਦਿਤਾ ਗਿਆ ਸੀ। ਗੁਰੂ ਜੀ ਦੀ ਇਸ ਮਹਾਨ ਸ਼ਹਾਦਤ ਤੋਂ ਅੱਜ ਸਿਰਫ਼ ਸਿੱਖ ਪੰਥ ਨੂੰ ਹੀ ਨਹੀਂ ਬਲਕਿ ਸਮੁੱਚੇ ਦੇਸ਼ਵਾਸੀਆਂ ਨੂੰ ਕਿਸੇ ਵੀ ਅਜੋਕੀ ਸਮਾਜਕ ਬੇਇਨਸਾਫ਼ੀ ਦਾ ਵਿਰੋਧ ਕਰਦੇ ਹੋਏ ਅਤੇ ਅਪਣੇ ਸਿਦਕ, ਸਿਰੜ, ਅੱਟਲ ਇਰਾਦੇ ਉਤੇ ਡਟੇ ਰਹਿ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ, ਅਤੇ ਗੁਰੂ ਜੀ ਦੇ 'ਜੀਉ ਅਤੇ ਜੀਣ ਦਿਉ' ਵਾਲੇ ਮਹਾਨ ਫ਼ਲਸਫ਼ੇ ਉੱਤੇ ਪੂਰੀ ਇਮਾਨਦਾਰੀ ਨਾਲ ਪਹਿਰਾ ਦੇਣਾ ਚਾਹੀਦਾ ਹੈ ਤਾਂ ਹੀ ਗੁਰੂ ਜੀ ਦਾ ਸ਼ਹੀਦੀ ਦਿਹਾੜਾ ਮਨਾਉਣਾ ਸਾਡੇ ਲਈ ਸਫ਼ਲ ਸਿੱਧ ਹੋਵੇਗਾ।
ਸੰਪਰਕ : 99155-21037
ਦਲਬੀਰ ਸਿੰਘ ਧਾਲੀਵਾਲ