ਬਲਾਕ ਭੂੰਗਾ ਦੇ ਪਿੰਡ ਫਾਂਬੜਾ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
ਪੁਲਿਸ ਨੇ ਇਕ ਸ਼ੱਕੀ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਗੜ੍ਹਦੀਵਾਲਾ (ਹਰਪਾਲ ਸਿੰਘ) : ਗੁਰਦਵਾਰਾ ਸਿੰਘ ਸਭਾ ਪਿੰਡ ਫਾਂਬੜਾ ਵਿਖੇ ਗੁਰੂ ਗ੍ਰਥ ਸਾਹਿਬ ਦੀ ਬੇਅਦਬੀ ਹੋਣ ਦਾ ਸਮਾਚਾਰ ਹੈ। ਪਿੰਡ ਵਾਸੀਆਂ ਨੇ ਦਸਿਆ ਕਿ ਜਦੋਂ ਬਾਬਾ ਲਖਵਿੰਦਰ ਸਿੰਘ ਸਵੇਰੇ 10 ਕੁ ਵਜੇ ਗੁਰਦਵਾਰਾ ਸਾਹਿਬ ਅੰਦਰ ਗਏ ਤਾਂ ਉਨ੍ਹਾਂ ਵੇਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਕਿਸੇ ਨੇ ਬੇਅਦਬੀ ਕੀਤੀ ਹੋਈ ਸੀ।
ਪਿੰਡ ਵਾਸੀਆਂ ਨੇ ਤੁਰਤ ਇਸ ਦੀ ਜਾਣਕਾਰੀ ਪੁਲਸ ਚੌਕੀ ਭੂੰਗਾ ਨੂੰ ਦਿਤੀ। ਪੁਲਸ ਚੌਕੀ ਭੂੰਗਾ ਤੋਂ ਏ.ਐਸ.ਆਈ.ਰਾਜਵਿੰਦਰ ਸਿੰਘ ਅਤੇ ਹਰਿਆਣਾ ਤੋਂ ਐਸ.ਐਚ.ਓ. ਹਰਗੁਰਦੇਵ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚ ਕੇ ਤਫਤੀਸ ਸ਼ੁਰੂ ਕੀਤੀ। ਪੁਲਸ ਨੇ ਪ੍ਰਧਾਨ ਸਤਨਾਮ ਸਿੰਘ ਦੇ ਘਰ ਡੀ.ਵੀ.ਆਰ. ਦੀ ਸੀਸੀਟੀਵੀ ਫ਼ੁਟੇਜ਼ ਮੁਤਾਬਕ ਵੇਖਿਆ ਕਿ ਸਵੇਰੇ 6 ਵੱਜ ਕੇ 21 ਮਿੰਟ 'ਤੇ ਸਿਰ 'ਤੇ ਟੋਪੀ ਅਤੇ ਜੈਕਟ ਪਾਈ ਹੋਏ ਇਕ ਨੌਜਵਾਨ ਨੇ ਗੁਰੂ ਗ੍ਰਥ ਸਾਹਿਬ ਦੀ ਬੇਅਦਬੀ ਕਰਦਾ ਵਿਖਾਈ ਦਿਤਾ।
ਪੁਲਸ ਨੇ ਸ਼ੱਕ ਦੇ ਅਧਾਰ 'ਤੇ ਇਕ 15 ਸਾਲ ਦੇ ਨੌਜਵਾਨ ਨੂੰ ਕਾਬੂ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ। ਪਿੰਡ ਵਾਸੀਆਂ ਨੇ ਇਹ ਵੀ ਕਿਹਾ ਕਿ ਇਸ ਘਟਨਾ ਦੀ ਜਾਂਚ ਜਲਦੀ ਕੀਤੀ ਜਾਵੇ, ਨਹੀਂ ਤਾਂ ਪਿੰਡ ਵਾਸੀ ਤਿੱਖ ਸੰਘਰਸ਼ ਕਰਨਗੇ। ਇਸ ਮੌਕੇ ਸਥਿਤੀ ਕਾਫ਼ੀ ਗਰਮਾ ਗਰਮੀ ਵਾਲੀ ਬਣੀ ਹੋਈ ਸੀ। ਇਸ ਸਬੰਧੀ ਪੁਲਿਸ ਚੌਕੀ ਭੂੰਗਾ ਇੰਚਾਰਜ ਰਾਜਵਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਕਰਨ ਵਾਲੇ ਵਿਆਕਤੀ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।
ਐਸ.ਐਚ.ਓ. ਹਰਗੁਰਦੇਵ ਸਿੰਘ ਨੇ ਦਸਿਆ ਕਿ ਇਸ ਮਾਮਲੇ ਸਬੰਧੀ ਇਕ 15 ਸਾਲ ਦੇ ਨੌਜਵਾਨ ਨੂੰ ਕਾਬੂ ਕਰ ਲਿਆ ਹੈ ਤੇ ਉਸ ਤੋਂ ਪੁਛਗਿਛ ਕੀਤੀ ਜਾ ਰਹੀ ਹੈ। ਇਸ ਮੌਕੇ ਹਰਜਿੰਦਰ ਸਿੰਘ ਧਾਮੀ ਆਨਰੇਰੀ ਮੁੱਖ ਸਕੱਤਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮਟੀ, ਐਸ.ਪੀ.(ਡੀ) ਰਵਿੰਦਰਪਾਲ ਸਿੰਘ ਸਿੱਧੂ, ਡੀ.ਐਸ.ਪੀ. (ਆਰ) ਪ੍ਰੇਮ ਸਿੰਘ, ਗੁਰਦਵਾਰਾ ਸਿੰਘ ਸਭਾ ਫਾਂਬੜਾ ਤੋਂ ਪ੍ਰਧਾਨ ਸਤਨਾਮ ਸਿੰਘ, ਰਾਮ ਆਸਰਾ, ਕੁਲਵਿੰਦਰ ਸਿੰਘ, ਪਲਵਿੰਦਰ ਸਿੰਘ, ਸੂਬੇਦਾਰ ਦਰਸ਼ਨ ਸਿੰਘ ਕਮੇਟੀ ਮੈਂਬਰ, ਕੁਲਵੰਤ ਸਿੰਘ ਜੋਸ਼, ਪਰਮਜੀਤ ਸਿੰਘ ਪੰਮੀ ਭੂੰਗਾ ਅਤੇ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ।