ਸਿੱਖ ਸੇਵਕ ਸੁਸਾਇਟੀ ਨੇ ਬਲਦੇਵ ਸਿੰਘ ਸੜਕਨਾਮਾ ਵਿਰੁਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੀਤੇ ਦਿਨ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ 'ਸੂਰਜ ਦੀ ਅੱਖ' ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਸਨ ਅਤੇ ਉਕਤ ਲੇਖਕ ਵਿਰੁਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਸੀ

Case registered

 

ਜਲੰਧਰ, 28 ਜੁਲਾਈ (ਮਨਵੀਰ ਸਿੰਘ ਵਾਲੀਆ): ਬੀਤੇ ਦਿਨ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ 'ਸੂਰਜ ਦੀ ਅੱਖ' ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਸਨ ਅਤੇ ਉਕਤ ਲੇਖਕ ਵਿਰੁਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਸੀ।
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਬਲਦੇਵ ਸਿੰਘ ਨੂੰ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਤੇ ਸਿੱਖ ਇਤਿਹਾਸ ਨੂੰ ਨਸ਼ਟ ਕਰਨ ਦੀ ਸਾਜ਼ਸ਼ ਰਚਣ ਵਾਲੇ ਲੇਖਕ ਦਸਦੇ ਹੋਏ ਦੋਸ਼ ਲਗਾਇਆ ਸੀ ਕਿ ਬਲਦੇਵ ਸਿੰਘ ਸੜਕਨਾਮਾ ਨੇ ਅਪਣੇ ਨਾਵਲ 'ਸੂਰਜ ਦੀ ਅੱਖ' ਵਿਚ ਮਹਾਰਾਜਾ ਰਣਜੀਤ ਸਿੰਘ ਬਾਰੇ ਤੇ ਸਿੱਖੀ ਬਾਰੇ ਅਸ਼ਲੀਲ ਟਿਪਣੀਆਂ ਕੀਤੀਆਂ ਹਨ। ਸੁਸਾਇਟੀ ਵਲੋਂ ਇਸ ਸਬੰਧੀ ਪੰਜਾਬ ਪੁਲਿਸ ਜਲੰਧਰ ਦੇ ਕਮਿਸ਼ਨਰ ਪ੍ਰਵੀਨ ਕੁਮਾਰ ਸ਼ਰਮਾ ਨੂੰ ਅੱਜ ਸ਼ਿਕਾਇਤ ਕਰ ਦਿਤੀ ਗਈ। ਇਸ ਮੌਕੇ ਕਮਿਸ਼ਨਰ ਨੇ ਸਿੱਖ ਸੇਵਕ ਸੁਸਾਇਟੀ, ਸਿੱਖ ਸਕਾਲਰ ਫ਼ਰੰਟ, ਅਕਾਲ ਅਕੈਡਮੀ ਬੜੂ ਸਾਹਿਬ, ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਆਵਾਜ਼-ਏ-ਇਨਸਾਫ਼ ਦੇ ਆਗੂਆਂ ਦੀ ਗੱਲ ਧਿਆਨ ਨਾਲ ਸੁਣੀ ਤੇ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕਰਨਗੇ। ਇਸ ਮੌਕੇ ਸਿੱਖ ਆਗੂਆਂ ਨੇ ਮੰਗ ਕੀਤੀ ਕਿ ਉਕਤ ਨਾਵਲ ਦੀਆਂ ਸਾਰੀਆਂ ਕਾਪੀਆਂ ਜ਼ਬਤ ਕੀਤੀਆਂ ਜਾਣ।
ਇਸ ਮੌਕੇ ਪਰਮਿੰਦਰਪਾਲ ਸਿੰਘ ਖ਼ਾਲਸਾ ਸੂਬਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਸੁਰਿੰਦਰਪਾਲ ਸਿੰਘ ਗੋਲਡੀ ਸੀਨੀਅਰ ਮੀਤ ਪ੍ਰਧਾਨ, ਪ੍ਰੋ. ਬਲਵਿੰਦਰਪਾਲ ਸਿੰਘ ਸਕੱਤਰ ਜਨਰਲ, ਕਮਲ ਚਰਨਜੀਤ ਸਿੰਘ ਹੈਪੀ ਜਨਰਲ ਸੈਕਟਰੀ, ਦਵਿੰਦਰ ਸਿੰਘ ਅਨੰਦ ਅਕਾਲ ਅਕੈਡਮੀ ਬੜੂ ਸਾਹਿਬ ਜਲੰਧਰ, ਮੋਹਨ ਸਿੰਘ ਸਹਿਗਲ ਪ੍ਰਧਾਨ ਸਿੱਖ ਸਕਾਲਰਜ਼ ਫ਼ਰੰਟ, ਸ. ਮਹਿੰਦਰ ਸਿੰਘ ਚਮਕ ਸੁਖਮਨੀ ਸੇਵਾ ਸੁਸਾਇਟੀ ਜਲੰਧਰ, ਸੰਦੀਪ ਸਿੰਘ ਚਾਵਲਾ, ਅਰਿੰਦਰਜੀਤ ਸਿੰਘ ਚੱਡਾ, ਗੁਰਪਾਲ ਸਿੰਘ ਰਾਜਾ, ਕੁਲਦੀਪ ਸਿੰਘ ਕੁੱਕੀ ਆਵਾਜ਼-ਏ-ਇਨਸਾਫ਼ ਫ਼ਰੰਟ, ਹਰਦੇਵ ਸਿੰਘ ਗਰਚਾ, ਖ਼ਾਲਸਾ ਮਿਸ਼ਨ ਕੌਂਸਲ ਆਦਿ ਸ਼ਾਮਲ ਸਨ।