ਅੰਤਰਰਾਸ਼ਟਰੀ ਸਿੱਖ ਸਟੱਡੀ ਸੈਂਟਰ ਦੀ ਉਸਾਰੀ ਆ ਸਕਦੀ ਹੈ ਸਵਾਲਾਂ ਦੇ ਘੇਰੇ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਚ ਉਸਾਰੇ ਜਾ ਰਹੇ 'ਅੰਤਰਰਾਸ਼ਟਰੀ ਸਿੱਖ ਸਟੱਡੀ ਸੈਂਟਰ' ਲਈ ਮਿਲੀ ਮਾਲੀ ਮਦਦ ਤੇ..

Inder Mohan Singh

 

ਨਵੀਂ ਦਿੱਲੀ, 28 ਜੁਲਾਈ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਚ ਉਸਾਰੇ ਜਾ ਰਹੇ 'ਅੰਤਰਰਾਸ਼ਟਰੀ ਸਿੱਖ ਸਟੱਡੀ ਸੈਂਟਰ' ਲਈ ਮਿਲੀ ਮਾਲੀ ਮਦਦ ਤੇ ਇਸ ਪ੍ਰਾਜੈਕਟ ਤੇ ਹੁਣ ਤਕ ਕੀਤੇ ਗਏ ਖ਼ਰਚੇ ਸੰਬਧੀ ਜਾਣਕਾਰੀ ਸਵਾਲਾਂ ਦੇ ਘੇਰੇ ਵਿਚ ਆ ਸਕਦੀ ਹੈ।
ਇਸ ਸਬੰਧੀ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਅਤੇ ਦਿੱਲੀ ਗੁਰਦਵਾਰਾ ਚੋਣਾਂ ਮਾਮਲੇ ਦੇ ਜਾਣਕਾਰ ਇੰਦਰ ਮੋਹਨ ਸਿੰਘ ਨੇ ਦਸਿਆ ਕਿ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੇ ਤਕਰੀਬਨ ਦੋ ਵਰ੍ਹੇ ਪਹਿਲਾਂ ਗੁਰਦਵਾਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਚ 15 ਵਰ੍ਹੇ ਤੋਂ ਵੱਧ ਸਮਾਂ ਪਹਿਲਾਂ ਉਸਾਰੇ ਗਏ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਦੀ ਇਮਾਰਤ ਨੂੰ ਢਹਿ-ਢੇਰੀ ਕਰ ਕੇ ਇਕ ਅੰਤਰਰਾਸ਼ਟਰੀ ਸਿੱਖ ਸਟਡੀ ਸੈਂਟਰ ਦੀ ਉਸਾਰੀ ਕਰਨ ਦਾ ਫ਼ੈਸਲਾ ਕੀਤਾ ਸੀ। ਉਨ੍ਹਾਂ ਦਸਿਆ ਕਿ ਇਸ ਪ੍ਰਾਜੈਕਟ ਲਈ ਅਮਰੀਕਾ ਦੇ ਉਘੇ ਕਾਰੋਬਾਰੀ ਸੰਤ ਸਿੰਘ ਛਤਵਾਲ ਵਲੋਂ ਦਿਤੀ ਜਾਣ ਵਾਲੀ 1 ਮਿਲੀਅਨ ਡਾਲਰ ਅਰਥਾਤ ਤਕਰੀਬਨ 7 ਕਰੋੜ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਵੀ ਕੀਤਾ ਗਿਆ ਸੀ ਜਿਸ ਦਾ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਨੇ ਮੀਡੀਆ ਵਿਚ ਭਰਪੂਰ ਪ੍ਰਚਾਰ ਕੀਤਾ ਸੀ।
ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਹਾਲ ਹੀ ਵਿਚ ਹੈਰਾਨੀਕੁਨ ਲਿਖਤੀ ਜਾਣਕਾਰੀ ਦਿਤੀ ਹੈ ਕਿ ਦਿੱਲੀ ਕਮੇਟੀ ਨੂੰ ਸ. ਛਤਵਾਲ ਵਲੋਂ ਇਸ ਪ੍ਰਾਜੈਕਟ ਲਈ ਕੋਈ ਮਾਲੀ ਮਦਦ ਨਹੀਂ ਦਿਤੀ ਗਈ। ਇੰਦਰ ਮੋਹਨ ਸਿੰਘ ਨੇ ਖਦਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਹੋ ਸਕਦਾ ਹੈ ਕਿ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਦੀ ਕਾਰਗੁਜ਼ਾਰੀ ਦੇ ਚਲਦਿਆਂ ਸੰਤ ਸਿੰਘ ਛਤਵਾਲ ਨੇ ਮਾਲੀ ਮਦਦ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ ਹੋਵੇ ਤੇ ਜਾਂ ਇਸ ਰਕਮ ਦੀ ਵਰਤੋਂ ਪ੍ਰਬੰਧਕਾਂ ਨੇ ਹੋਰ ਕੰਮਾਂ ਲਈ ਕਰ ਲਈ ਹੋਵੇ।
ਉਨ੍ਹਾਂ ਦਸਿਆ ਕਿ ਆਰ.ਟੀ.ਆਈ.ਅਰਜ਼ੀਆਂ ਤੇ ਅਪੀਲਾਂ ਦਾਖ਼ਲ ਕਰਨ ਦੇ ਬਾਵਜੂਦ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਕੀਤੇ ਕੰਮਾਂ ਦਾ ਵੇਰਵਾ ਦੇਣ ਤੋਂ ਪਾਸਾ ਵਟਿਆ ਹੋਇਆ ਹੈ। ਇੰਦਰ ਮੋਹਨ ਸਿੰਘ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਉਹ ਜਨਤਕ ਕਰਨ ਕਿ ਸ. ਛਤਵਾਲ ਵਲੋਂ ਐਲਾਣਨ ਤੋਂ ਬਾਅਦ ਉਨ੍ਹਾਂ ਵਲੋਂ 7 ਕਰੋੜ ਦੀ ਮਾਲੀ ਮਦਦ ਦੇਣ ਤੋਂ ਇਨਕਾਰ ਕਰਨ ਦਾ ਕੀ ਕਾਰਨ ਸੀ?