ਪੰਥਕ ਸ਼ਕਤੀ ਨੂੰ ਮਜ਼ਬੂਤ ਕਰਨ 'ਚ ਜਥੇਦਾਰ ਟੌਹੜਾ ਦਾ ਅਹਿਮ ਯੋਗਦਾਨ : ਭਾਈ ਲੌਂਗੋਵਾਲ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੋਚ ਪੰਥਕ ਹੋਣ ਦੇ ਨਾਲ-ਨਾਲ ਰਾਜਸੀ ਚੇਤਨਾ ਭਰਪੂਰ ਸੀ
ਸ੍ਰੀ ਫ਼ਤਿਹਗੜ੍ਹ ਸਾਹਿਬ, 1 ਅਪ੍ਰੈਲ (ਸੁਰਜੀਤ ਸਿੰਘ ਸਾਹੀ) : ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 14ਵੀਂ ਬਰਸੀ ਗਿਆਨੀ ਦਿੱਤ ਆਡੀਟੋਰੀਅਮ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਸੁਸਾਇਟੀ ਵਲੋਂ ਢਾਡੀ ਦਰਬਾਰ ਕਰਵਾ ਕੇ ਮਨਾਈ ਗਈ।
ਇਸ ਮੌਕੇ ਮੁੱਖ ਮਹਿਮਾਨ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਮੂਹ ਪੰਥਕ ਜਥੇਬੰਦੀਆਂ ਨੂੰ ਇਕ ਪਲੇਟਫ਼ਾਰਮ ਦੇ ਇਕੱਠੇ ਹੋਣ ਦਾ ਸੱਦਾ ਦਿੰਦਿਆਂ ਧਰਮ ਪ੍ਰਚਾਰ ਲਹਿਰ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੋਚ ਪੰਥਕ ਹੋਣ ਦੇ ਨਾਲ-ਨਾਲ ਰਾਜਸੀ ਚੇਤਨਾ ਭਰਪੂਰ ਸੀ ਜਿਸ ਕਰ ਕੇ ਉਨ੍ਹਾਂ ਨੇ ਹਰ ਵਰਕਰ ਨੂੰ ਗਲ ਨਾਲ ਲਗਾ ਕੇ ਪੰਥ ਦੀ ਸ਼ਕਤੀ ਨੂੰ ਇਕਮੁਠ ਰਖਿਆ। ਭਾਈ ਲੌਂਗੋਵਾਲ ਨੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੂੰ ਜਥੇਦਾਰ ਟੌਹੜਾ ਦਾ ਨਾਦੀ ਪੁੱਤਰ ਦਸਦਿਆ ਕਿਹਾ ਕਿ ਉਹ ਜਥੇਦਾਰ ਟੌਹੜਾ ਦੀ ਪੰਥਕ ਵਿਚਾਰਧਾਰਾ ਦਾ ਸਹੀ ਵਾਰਸ ਹੈ। ਇਸ ਮੌਕੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇਕ ਮਤੇ ਰਾਹੀਂ ਲੰਮੇ ਸਮੇਂ ਤੋਂ ਜੇਲਾਂ ਵਿਚ ਬੰਦ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ, ਵਿਦੇਸ਼ਾਂ ਵਿਚ ਜਾ ਕੇ ਵੱਸ ਚੁਕੇ ਸਿੱਖ ਜੁਝਾਰੂਆਂ ਦੀ ਕਾਲੀ ਸੂਚੀ ਸਮਾਪਤ ਕਰਨ, ਸਿੱਖਾਂ ਦੀ ਵਿਲੱਖਣ ਪਹਿਚਾਣ ਕਾਇਮ ਰਖਣ ਲਈ ਸਮੂਹ ਪੰਥਕ ਦਰਦੀਆਂ ਨੂੰ ਯਤਨਸ਼ੀਲ ਹੋਣ ਦੀ ਅਪੀਲ ਕੀਤੀ। ਸਮੂਹ ਸੰਗਤਾਂ ਨੇ ਉਕਤ ਮਤਿਆਂ ਨੂੰ ਜੈਕਾਰਿਆਂ ਦੀ ਗੂੰਜ ਵਿਚ ਹੱਥ ਖੜੇ ਕਰ ਕੇ ਪ੍ਰਵਾਨ ਕੀਤਾ। ਇਸ ਮੋਕੇ ਢਾਡੀ ਦਰਬਾਰ ਵਿਚ ਪੰਥਕ ਢਾਡੀ ਭਾਈ ਮਿਲਖਾ ਸਿੰਘ ਮੌਜੀ ਨੇ ਸਾਕਾ ਨਨਕਾਣਾ ਸਾਹਿਬ ਦੇ ਵਿਸ਼ੇ ਉਪਰ ਅਤੇ ਭਾਈ ਨਿਰਮਲ ਸਿੰਘ ਨੂਰ ਨੇ ਪੰਥਕ ਜਰਨੈਲ ਹਰੀ ਸਿੰਘ ਨਲੂਆ ਬਾਰੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਭਾਈ ਵਰਿਆਮ ਸਿੰਘ ਜੋ ਕਿ ਪਿਛਲੇ 26 ਸਾਲ ਤੋਂ ਯੂ.ਪੀ. ਦੀ ਬਰੇਲੀ ਜੇਲ ਤੋਂ ਰਿਹਾਅ ਹੋ ਕੇ ਆਏ ਸਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇ. ਸਵਰਨ ਸਿੰਘ ਚਨਾਰਥਲ ਪ੍ਰਧਾਨ ਜਿਲਾ ਅਕਾਲੀ ਜਥਾ, ਦੀਦਾਰ ਸਿੰਘ ਭੱਟੀ ਸਾਬਕਾ ਐਮ.ਐਲ ਏ, ਹਰਬੰਸ ਸਿੰਘ ਮੰਝਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਸੁਰਜੀਤ ਸਿੰਘ ਗੜੀ ਮੈਂਬਰ ਸ਼੍ਰੋਮਣੀ ਕਮੇਟੀ, ਗੁਰਵਿੰਦਰ ਸਿੰਘ ਡੂਮਛੇੜੀ ਯੂਥ ਆਗੂ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਹਰਵੇਲ ਸਿੰਘ ਮਾਧੋਪੁਰ ਪ੍ਰਧਾਨ ਦਲਿਤ ਦਲ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਦਰਬਾਰਾ ਸਿੰਘ ਗੁਰੂ, ਰਣਜੀਤ ਸਿੰਘ ਲਿਬੜਾ, ਬੀਬੀ ਮਨਪ੍ਰੀਤ ਕੋਰ ਹੁੰਦਲ ਪ੍ਰਧਾਨ ਇਸਤਰੀ ਅਕਾਲੀ ਦਲ ਫਤਹਿਗੜ੍ਹ ਸਾਹਿਬ, ਉਧਮ ਸਿੰਘ ਸਾਬਕਾ ਮੈਨੇਜਰ,ਜਗਜੀਤ ਸਿੰਘ ਰਤਨਗੜ ਸਾਬਕਾ ਮੈਂਬਰ ਸ੍ਰੋਮਣੀ ਕਮੇਟੀ, ਗੁਰਦੀਪ ਸਿੰਘ ਦੀਪ ਮਾਨਸਾ, ਰਘਬੀਰ ਸਿਘ ਮਾਨਸਾ, ਨਰੰਗ ਸਿੰਘ ਲਾਡੇਵਾਲ, ਸੁਖਦੇਵ ਸਿੰਘ ਭਲਵਾਨ, ਸਤਵਿੰਦਰ ਸਿੰਘ ਸੰਗਰੂਰ ਆਦਿ ਹਾਜ਼ਰ ਸਨ।