ਬਾਦਲ ਪਰਵਾਰ ਦੇ ਵਿਸ਼ਵਾਸਪਾਤਰ ਦਰਬਾਰਾ ਸਿੰਘ ਨੂੰ ਸ਼੍ਰੋਮਣੀ ਕਮੇਟੀ ਦਾ ਮੁੱਖ ਸਕੱਤਰ ਲਾਉਣ ਦੀ ਤਿਆਰੀ!
ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਦਾ ਆਹੁਦਾ ਦਰਬਾਰਾ ਸਿੰਘ ਗੁਰੂ ਨੂੰ ਦੇਣ ਦੀ ਲਗਭਗ ਤਿਆਰ ਹੋ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੇ
ਬਰਨਾਲਾ, 31 ਜੁਲਾਈ (ਜਗਸੀਰ ਸਿੰਘ ਸੰਧੂ) : ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਦਾ ਆਹੁਦਾ ਦਰਬਾਰਾ ਸਿੰਘ ਗੁਰੂ ਨੂੰ ਦੇਣ ਦੀ ਲਗਭਗ ਤਿਆਰ ਹੋ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮੁੱਖ ਸਕੱਤਰ ਹਰਚਰਨ ਸਿੰਘ ਵਲੋਂ ਦਿਤੇ ਗਏ ਅਸਤੀਫ਼ੇ ਪਿੱਛੇ ਵੀ ਇਹੀ ਕਾਰਨ ਹੈ ਕਿ ਬਾਦਲ ਪਰਵਾਰ ਅਪਣੇ ਵਿਸ਼ਵਾਸਪਾਤਰ ਨੂੰ ਇਹ ਅਹੁਦਾ ਸੌਂਪਣਾ ਚਾਹੁੰਦਾ ਸੀ।
ਭਾਵੇਂ ਸ੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਸ. ਪਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਨਤਕ ਤੌਰ 'ਤੇ ਅਕਸਰ ਹੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ ਕਿ ਸ਼੍ਰੋਮਣੀ ਕਮੇਟੀ ਵਿਚ ਉਨ੍ਹਾਂ ਦੀ ਕੋਈ ਦਖ਼ਲਅੰਦਾਜ਼ੀ ਨਹੀਂ ਹੁੰਦੀ ਪਰ ਸਚਾਈ ਇਹ ਹੈ ਕਿ ਪੰਜਾਬ ਦੀ ਸੱਤਾ ਖੁਸਣ ਤੋਂ ਬਾਅਦ ਬਾਦਲ ਪਰਵਾਰ ਨੂੰ ਸ਼੍ਰੋਮਣੀ ਕਮੇਟੀ ਦਾ ਵੱਡਾ ਸਹਾਰਾ ਹੈ ਅਤੇ ਉਹ ਆਉਣ ਵਾਲੇ ਸਮੇਂ ਵਿਚ ਅਪਣੀ ਰਾਜਨੀਤੀ ਨੂੰ ਚਲਾਉਣ ਚਲਦਾ ਰੱਖਣ ਲਈ ਸ਼੍ਰੋਮਣੀ ਕਮੇਟੀ ਨੂੰ ਸਿੱਧੇ ਤੌਰ 'ਤੇ ਅਪਣੇ ਹੱਥਾਂ ਵਿਚ ਲੈਣਾ ਚਾਹੁੰਦੇ ਹਨ। ਇਸ ਕੰਮ ਲਈ ਬਾਦਲ ਪਰਵਾਰ ਨੇ ਅਪਣੇ ਵਿਸ਼ਵਾਸਪਾਤਰ ਅਤੇ ਵਫ਼ਾਦਾਰ ਦਰਬਾਰਾ ਸਿੰਘ ਗੁਰੂ ਦੀ ਚੋਣ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੀਆਂ ਸਰਕਾਰਾਂ ਸਮੇਂ ਮੁੱਖ ਮੰਤਰੀ ਸ. ਬਾਦਲ ਦੇ ਮੁੱਖ ਪ੍ਰਿੰਸੀਪਲ ਸਕੱਤਰ ਵਜੋਂ ਤਾਇਨਾਤ ਰਹੇ ਦਰਬਾਰਾ ਸਿੰਘ ਗੁਰੂ ਨੂੰ ਸੇਵਾ ਮੁਕਤੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਅਪਣੀ ਟਿਕਟ ਦੇ ਕੇ ਦੋ ਵਾਰ ਵਿਧਾਨ ਸਭਾ ਦੀ ਚੋਣ ਵੀ ਲੜਾਈ ਗਈ ਪਰ ਉਹ ਜਿੱਤਣ ਵਿਚ ਕਾਮਯਾਬ ਨਹੀਂ ਹੋ ਸਕੇ। ਹੁਣ ਪੰਜਾਬ ਦੀ ਸੱਤਾ ਹੱਥੋਂ ਨਿਕਲਣ ਤੋਂ ਬਾਅਦ ਬਾਦਲ ਪਰਵਾਰ ਨੇ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਨੂੰ ਪੂਰੀ ਤਰ੍ਹਾਂ ਅਪਣੇ ਕੰਟਰੋਲ ਹੇਠ ਰੱਖਣ ਲਈ ਦਰਬਾਰਾ ਸਿੰਘ ਗੁਰੂ ਦੀ ਚੋਣ ਕਰ ਕੇ ਉਸ ਨੂੰ ਦਾੜ੍ਹੀ ਵਧਾਉਣ ਲਈ ਕਹਿ ਦਿਤਾ ਸੀ ਅਤੇ ਅਪਣੇ ਆਕਾਵਾਂ ਦੇ ਹੁਕਮ 'ਤੇ ਦਰਬਾਰਾ ਸਿੰਘ ਗੁਰੂ ਨੇ ਦਾੜ੍ਹੀ ਕਟਣੀ ਬੰਦ ਕਰ ਦਿਤੀ ਅਤੇ ਸਾਬਤ ਸੂਰਤ ਸਿੱਖ ਦਾ ਸਰੂਪ ਧਾਰ ਲਿਆ ਹੈ। ਸਾਰੀ ਜ਼ਮੀਨ ਤਿਆਰ ਕਰ ਕੇ ਹਰਚਰਨ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਹੁਣ ਆਉਂਦੇ ਦਿਨਾਂ ਵਿਚ ਦਰਬਾਰਾ ਸਿੰਘ ਗੁਰੂ ਨੂੰ ਸ਼੍ਰੋਮਣੀ ਕਮੇਟੀ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਜਾ ਰਿਹਾ ਹੈ।