ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਵਲੋਂ ਅਸਤੀਫ਼ਾ ਚਰਚਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਅੱਜ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਉਨ੍ਹਾਂ ਦਾ ਤਿਆਗ ਪੱਤਰ ਸ਼੍ਰੋਮਣੀ ਕਮੇਟੀ ਨੇ ਪ੍ਰਵਾਨ ਕਰ ਲਿਆ ਹੈ।

Harcharan Singh

 

ਅੰਮ੍ਰਿਤਸਰ, 28 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਅੱਜ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ। ਉਨ੍ਹਾਂ ਦਾ ਤਿਆਗ ਪੱਤਰ ਸ਼੍ਰੋਮਣੀ ਕਮੇਟੀ ਨੇ ਪ੍ਰਵਾਨ ਕਰ ਲਿਆ ਹੈ। ਹਰਚਰਨ ਸਿੰਘ ਨੇ ਕੋਈ ਵੀ ਵੇਰਵੇ ਦੇਣ ਤੋਂ ਸਪੱਸ਼ਟ ਨਾਂਹ ਕਰਦਿਆਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੀ ਸੇਵਾ ਪੂਰੀ ਕਰ ਕੇ ਬੜੀ ਖ਼ੁਸ਼ੀ ਨਾਲ ਵਿਦਾ ਹੋਏ ਹਨ।  
ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੀ ਫ਼ਤਹਿਗੜ੍ਹ ਸਾਹਿਬ ਵਿਖੇ ਮੀਟਿੰਗ ਵਿਚ ਮੁੱਖ ਸਕੱਤਰ ਹਰਚਰਨ ਸਿੰਘ ਦੀਆਂ ਸੇਵਾਵਾਂ ਖ਼ਤਮ ਕਰ ਦਿਤੀਆਂ ਹਨ। ਹਰਚਰਨ ਸਿੰਘ ਦੀ ਨਿਯੁਕਤੀ 27 ਅਗੱਸਤ 2015 ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ 'ਤੇ ਹੋਈ ਸੀ ਤੇ ਉਸ ਸਮੇਂ ਵੀ ਬੜਾ ਤੂਫ਼ਾਨ ਉਠਿਆ ਸੀ। ਉਨ੍ਹਾਂ ਨੂੰ ਤਿੰਨ ਲੱਖ ਰੁਪਏ ਮਹੀਨਾ ਤਨਖ਼ਾਹ, ਗੱਡੀ, ਰਿਹਾਇਸ਼ ਤੇ ਹੋਰ ਸੇਵਾਦਾਰ ਵਖਰੇ ਦੇਣ ਦਾ ਇਕਰਾਰ ਹੋਇਆ ਸੀ ਪਰ ਕੁੱਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਖ਼ੁਦ ਹੀ ਅਪਣੀ ਤਨਖ਼ਾਹ ਘਟਾ ਕੇ ਇਕ ਲੱਖ ਰੁਪਏ ਕਰ ਲਈ ਸੀ। ਇਕ ਲੱਖ ਰੁਪਏ ਤਨਖ਼ਾਹ ਤਾਂ ਸ਼੍ਰੋਮਣੀ ਕਮੇਟੀ ਦਾ ਇਕ ਵਧੀਕ ਸਕੱਤਰ ਵੀ ਲੈ ਰਿਹਾ ਹੈ ਤੇ ਉਸ ਸਮੇਂ ਉਸ ਨੇ ਵਿਅੰਗ ਕਰਦਿਆਂ ਕਿਹਾ ਸੀ ਕਿ ਉਸ ਦੀ ਤਨਖ਼ਾਹ ਵੀ ਘਟਾ ਦਿਤੀ ਜਾਵੇ। ਉਹ ਮੁੱਖ ਸਕੱਤਰ ਦੇ ਬਰਾਬਰ ਤਨਖ਼ਾਹ ਲੈਣ ਦਾ ਹੱਕਦਾਰ ਨਹੀਂ ਹੈ।
ਹਰਚਰਨ ਸਿੰਘ ਦੀ ਤਨਖ਼ਾਹ ਤੇ ਨਿਯੁਕਤੀ ਵਿਰੁਧ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਹਜ਼ੂਰੀ ਰਾਗੀ ਨੇ ਵੀ ਅਦਾਲਤ ਵਿਚ ਕੇਸ ਦਾਇਰ ਕੀਤਾ ਹੋਇਆ ਹੈ। ਭਾਈ ਵਡਾਲਾ ਨੇ ਹਰਚਰਨ ਸਿੰਘ ਦੀ ਕੀਤੀ ਗਈ 'ਛੁੱਟੀ' 'ਤੇ ਖ਼ੁਸ਼ੀ ਪ੍ਰਗਟਾਈ ਹੈ।
ਇਸੇ ਕਾਰਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੀ ਸਿਹਤ ਢਿੱਲੀ ਹੋਣ ਕਾਰਨ ਉਨ੍ਹਾਂ ਦੀ ਥਾਂ ਨਿਯੁਕਤ ਹੋਣ ਵਾਲੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਰਘਬੀਰ ਸਿੰਘ ਦੀ ਨਿਯੁਕਤੀ ਫ਼ਿਲਹਾਲ ਰੋਕ ਦਿਤੀ ਗਈ ਹੈ।
ਇਹ ਵੀ ਚਰਚਾ ਹੈ ਕਿ ਹਰਚਰਨ ਸਿੰਘ ਨੇ ਕਈ ਥਾਵਾਂ 'ਤੇ ਕਾਫ਼ੀ ਸੁਧਾਰ ਕੀਤੇ ਸਨ। ਲੰਗਰ ਵਿਚ ਫ਼ਜ਼ੂਲਖ਼ਰਚੀ ਕਾਫ਼ੀ ਹੱਦ ਤਕ ਕੰਟਰੋਲ ਹੋ ਗਈ ਸੀ ਪਰ ਨੇਕੀ ਤੇ ਬਦੀ ਦੀ ਜਿੱਤ ਅਨੁਸਾਰ ਹਰਚਰਨ ਸਿੰਘ ਨੂੰ ਪ੍ਰਬੰਧ ਸੁਧਾਰਾਂ ਕਾਰਨ ਬਲੀ ਦਾ ਬਕਰਾ ਬਣਨਾ ਪਿਆ। ਜਿਹੜੇ ਤਬਾਦਲੇ ਉਨ੍ਹਾਂ ਕੀਤੇ ਸਨ, ਉਹ ਪ੍ਰਧਾਨ ਦੀ ਸਲਾਹ ਨਾਲ ਕੀਤੇ ਪਰ ਬਲੀ ਦਾ ਬਕਰਾ ਇਕੱਲੇ ਹਰਚਰਨ ਸਿੰਘ ਨੂੰ ਬਣਾਇਆ ਗਿਆ।