ਸ਼੍ਰੋਮਣੀ ਕਮੇਟੀ ਦੀ ਸੂਚਨਾ ਬ੍ਰਾਂਚ ਨੇ ਆਰ.ਟੀ.ਆਈ. ਦਾ ਉਡਾਇਆ ਮਾਖ਼ੌਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੂਚਨਾ ਅਫ਼ਸਰ ਦੀ ਅਣਗਹਿਲੀ ਨੂੰ ਲੈ ਕੇ ਪ੍ਰਧਾਨ ਨੂੰ ਲਿਖਿਆ ਪੱਤਰ : ਬੁਜਰਕ

RTI activist Brish Bhan Buzark

ਘੱਗਾ/ਸ਼ੁਤਰਾਣਾ : ਸੂਚਨਾ ਅਧਿਕਾਰ ਐਕਟ ਦੇ ਦਾਇਰੇ ਵਿਚ ਆਉਣ ਵਾਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸੂਚਨਾ ਬ੍ਰਾਂਚ ਵਲੋਂ ਵਰਤੀ ਜਾ ਰਹੀ ਅਣਗਹਿਲੀ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸੂਚਨਾ ਅਫ਼ਸਰਾਂ ਵਲੋਂ ਕਥਿਤ ਰੂਪ ਵਿਚ ਅਣਗਹਿਲੀ ਵਰਤਦੇ ਹੋਏ ਮੰਗੀ ਗਈ ਕਿਸੇ ਵੀ ਜਾਣਕਾਰੀ ਦਾ ਕੋਈ ਵੀ ਜਵਾਬ ਨਹੀਂ ਦਿਤਾ ਰਿਹਾ ਜਿਸ ਕਰ ਕੇ ਮਾਮਲੇ ਪੰਜਾਬ ਰਾਜ ਸੂਚਨਾ ਕਮਿਸ਼ਨ ਕੋਲ ਜਾ ਰਹੇ ਹਨ ਅਤੇ ਸੂਚਨਾ ਬ੍ਰਾਂਚ ਵਿਚ ਸੁਧਾਰ ਲਿਆਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਕ ਪੱਤਰ ਵੀ ਲਿਖਿਆ ਗਿਆ ਹੈ। 

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਆਰ.ਟੀ.ਆਈ.ਮਾਹਰ ਬ੍ਰਿਸ ਭਾਨ ਬੁਜਰਕ ਨੇ ਦਸਿਆ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸੂਚਨਾ ਬ੍ਰਾਂਚ ਵਲੋਂ ਮੰਗੀਆਂ ਗਈਆਂ ਜਾਣਕਾਰੀਆਂ ਦਾ ਕੋਈ ਜਵਾਬ ਨਹੀਂ ਦਿਤਾ ਜਾਂਦਾ। 14-9-2018 ਨੂੰ ਕਮੇਟੀ ਦੇ ਸੂਚਨਾ ਅਫ਼ਸਰ ਕੋਲੋਂ ਗੁਰੂ ਘਰਾਂ ਲਈ ਖ਼ਰੀਦੇ ਗਏ ਦੇਸੀ ਘੀ ਦੀ ਮਾਤਰਾ, ਕੁਲ ਕੀਮਤ ਅਤੇ ਦੇਸੀ ਘੀ ਭੇਜਣ ਵਾਲੀਆਂ ਕੰਪਨੀਆਂ ਸਬੰਧੀ ਪੁਛਿਆ ਗਿਆ ਸੀ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਜਵਾਬ ਨਹੀਂ ਦਿਤਾ ਗਿਆ ਜਿਸ ਕਰ ਕੇ ਇਸ ਮਾਮਲੇ ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ ਕੋਲ ਭੇਜਣਾ ਪਿਆ ਅਤੇ 5-2-2019 ਨੂੰ ਮਾਮਲੇ ਦੀ ਸੁਣਵਾਈ ਹੋਈ,ਇਸ ਦੇ ਬਾਵਜੂਦ ਵੀ ਕੋਈ ਜਵਾਬ ਨਹੀਂ ਦਿਤਾ ਗਿਆ। 17-12-2018 ਨੂੰ ਇਕ ਹੋਰ ਸੂਚਨਾ ਦੌਰਾਨ ਮੇਘਾਲਿਆ ਰਾਜ ਦੇ ਸਿਲੌਂਗ ਵਿਚ ਹੋਈ ਹਿੰਸਾ ਦੌਰਾਨ ਸਿੱਖਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਦਿਤੀ ਗਈ ਮਦਦ ਸਬੰਧੀ ਪੁਛਿਆ ਗਿਆ ਸੀ ਪਰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਬਾਅਦ ਇਸ ਦਾ ਵੀ ਕੋਈ ਜਵਾਬ ਨਹੀਂ ਦਿਤਾ ਗਿਆ। 

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਕ ਪੱਤਰ ਲਿਖਿਆ ਹੈ ਜਿਸ ਵਿਚ ਸੂਚਨਾ ਅਫ਼ਸਰਾਂ ਦੀ ਅਣਗਹਿਲੀ ਕਾਰਨ ਸਮਾਂ ਅਤੇ ਪੈਸੇ ਬਰਬਾਦ ਹੋਣ ਤੋਂ ਲੈ ਕੇ ਪੰਜਾਬ ਰਾਜ ਸੂਚਨਾ ਕਮਿਸ਼ਨ ਤਕ ਮਾਮਲੇ ਜਾਣ ਦੇ ਵੇਰਵੇ ਦੇ ਕੇ ਆਰ.ਟੀ.ਆਈ.ਬ੍ਰਾਂਚ ਵਿਚ ਸੁਧਾਰ ਕਰਨ ਦੀ ਮੰਗ ਕੀਤੀ ਗਈ ਹੈ ਜਿਸ ਕਰ ਕੇ ਉਮੀਦ ਹੈ ਕਿ ਸੂਚਨਾ ਬ੍ਰਾਂਚ ਵਿਚ ਸੁਧਾਰ ਲਿਆਉਣ ਲਈ ਜ਼ਰੂਰੀ ਕਦਮ ਚੁਕੇ ਜਾਣਗੇ।