Panthak News: ਸ੍ਰੀ ਅਕਾਲ ਤਖ਼ਤ ਸਾਹਿਬ ਦੀ ‘ਫ਼ਸੀਲ’ ਤੋਂ ਜਾਰੀ ਹੋਇਆ ਹੁਕਮਨਾਮਾ ਜਥੇਦਾਰਾਂ ਲਈ ਬਣਿਆ ਪ੍ਰੇਸ਼ਾਨੀ ਦਾ ਸਬੱਬ
ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ ਵਾਲੇ ਜਥੇਦਾਰਾਂ ਦੀ ਚੁੱਪ ਦਾ ਕੀ ਹੈ ਰਹੱਸ
Panthak News: 2 ਦਸੰਬਰ 2024 ਦਾ ਅਕਾਲ ਤਖ਼ਤ ਸਾਹਿਬ ਦੀ ‘ਫ਼ਸੀਲ’ ਤੋਂ ਜਾਰੀ ਹੋਇਆ ਹੁਕਮਨਾਮਾ ਬਾਦਲ ਦਲ ਦੇ ਆਗੂਆਂ ਲਈ ਗਲੇ ਦੀ ਹੱਡੀ ਬਣਦਾ ਪ੍ਰਤੀਤ ਹੋ ਰਿਹਾ ਹੈ ਕਿਉਂਕਿ ਜੇਕਰ ਬਾਦਲ ਦਲ ਵਾਲੇ ਉਕਤ ਹੁਕਮਨਾਮੇ ਤੋਂ ਮੁਨਕਰ ਹੁੰਦੇ ਹਨ ਜਾਂ ਬਹਾਨੇਬਾਜ਼ੀ ਦਾ ਸਹਾਰਾ ਲੈਂਦੇ ਹਨ ਤਾਂ ਉਨ੍ਹਾਂ ਦੀ ਸਿਆਸੀ ਅਤੇ ਪੰਥਕ ਖੇਤਰ ਵਿਚ ਹਾਲਤ ਦਿਨੋਂ ਦਿਨ ਪਤਲੀ ਹੁੰਦੀ ਜਾ ਰਹੀ ਹੈ। ਬਿਨਾਂ ਸ਼ੱਕ ਉਕਤ ਹੁਕਮਨਾਮੇ ਨੇ ਜਿਥੇ ਬਾਦਲ ਦਲ ਦੇ ਆਗੂਆਂ ਲਈ ਮੁਸੀਬਤ ਖੜੀ ਕੀਤੀ, ਉਥੇ ਤਿੰਨ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਵੀ ਉਹ ਹੁਕਮਨਾਮਾ ਪ੍ਰੇਸ਼ਾਨੀ ਦਾ ਸਬੱਬ ਬਣਿਆ।
ਤਖ਼ਤਾਂ ਦੇ ਜਥੇਦਾਰਾਂ ਨੇ ਸੁਖਬੀਰ ਸਿੰਘ ਬਾਦਲ ਸਮੇਤ ਅਨੇਕਾਂ ਅਕਾਲੀ ਆਗੂਆਂ ਨੂੰ ਕਟਹਿਰੇ ਵਿਚ ਖੜਾ ਕੇ ਤਿੱਖੇ ਸਵਾਲ ਕੀਤੇ ਅਤੇ ਸਿਰਫ਼ ਹਾਂ ਜਾਂ ਨਾਂਹ ਵਿਚ ਜਵਾਬ ਮੰਗਿਆ। ਬਾਦਲ ਦਲ ਦੇ ਆਗੂਆਂ ਅਤੇ ਨਰਾਜ਼ ਆਗੂਆਂ ਨੇ ਸਾਰੀਆਂ ਗ਼ਲਤੀਆਂ ਤੇ ਗੁਨਾਹਾਂ ਨੂੰ ਝੋਲੀ ਵਿਚ ਪਾਇਆ ਤਾਂ ਤਖ਼ਤਾਂ ਦੇ ਜਥੇਦਾਰਾਂ ਨੇ ਹੁਕਮਨਾਮੇ ਵਿਚ ਲਿਖਤੀ ਤੌਰ ’ਤੇ ਦਰਜ ਕੀਤਾ ਕਿ ਇਨ੍ਹਾਂ ਗੁਨਾਹਾਂ ਕਰ ਕੇ ਮੌਜੂਦਾ ਲੀਡਰਸ਼ਿਪ ਕੌਮ ਦੀ ਅਗਵਾਈ ਕਰਨ ਦਾ ਨੈਤਿਕ ਆਧਾਰ ਗੁਆ ਚੁੱਕੀ ਹੈ। ਨਵੀਂ ਭਰਤੀ ਮੁਹਿੰਮ ਲਈ ਦਾਗ਼ੀ ਅਕਾਲੀਆਂ ਦੀ ਬਜਾਇ ਹੋਰਨਾਂ ਆਗੂਆਂ ਦੀ 7 ਮੈਂਬਰੀ ਕਮੇਟੀ ਦਾ ਗਠਨ ਕਰਨ ਦੇ ਨਾਲ ਨਾਲ ਤਿੰਨ ਤਖ਼ਤਾਂ ਦੇ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਵਿਰੁਧ ਵੀ ਕਾਰਵਾਈ ਦਾ ਆਦੇਸ਼ ਦਿੰਦਿਆਂ ਆਖਿਆ ਕਿ ਇਨ੍ਹਾਂ ਦੀਆਂ ਸਾਰੀਆਂ ਸਹੂਲਤਾਂ ਵਾਪਸ ਲਈਆਂ ਜਾਣ ਪਰ ਉਸ ਤੋਂ ਬਾਅਦ ਇਹ ਮਾਮਲਾ ਠੰਢਾ ਪੈ ਗਿਆ।
ਪੰਥਕ ਹਲਕੇ ਮੰਗ ਕਰਦੇ ਹਨ ਕਿ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਾਲੇ ਉਨ੍ਹਾਂ ਸਾਰੇ ਤਖ਼ਤਾਂ ਦੇ ਜਥੇਦਾਰਾਂ ਨੂੰ ਤਲਬ ਕਰ ਕੇ ਅਸਲੀਅਤ ਸੰਗਤ ਦੀ ਕਚਹਿਰੀ ਵਿਚ ਜਨਤਕ ਕੀਤੀ ਜਾਵੇ ਕਿ ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਕਿਉਂ ਦਿਤੀ ਗਈ? ਉਸ ਮਾਫ਼ੀ ਨੂੰ ਸਹੀ ਠਹਿਰਾਉਣ ਲਈ ਗੁਰੂ ਦੀ ਗੋਲਕ ਵਿਚੋਂ 92 ਲੱਖ ਰੁਪਏ ਇਸ਼ਤਿਹਾਰਬਾਜ਼ੀ ’ਤੇ ਖ਼ਰਚਣ ਦੀ ਮਜਬੂਰੀ ਕੀ ਸੀ? ਸੰਗਤ ਦੇ ਵਿਰੋਧ ਅਤੇ ਦਬਾਅ ਤੋਂ ਬਾਅਦ ਮਾਫ਼ੀਨਾਮੇ ਵਾਲਾ ਆਦੇਸ਼ ਵਾਪਸ ਲੈਣ ਦੇ ਬਾਵਜੂਦ ਵੀ ਡੇਰਾ ਸਿਰਸਾ ਦੇ ਪੇ੍ਰਮੀਆਂ ਨਾਲ ਅਕਾਲੀ ਆਗੂਆਂ ਨੇ ਨੇੜਤਾ ਕਿਉਂ ਬਣਾਈ ਰੱਖੀ? ਡੇਰਾ ਪੇ੍ਰਮੀ ਪ੍ਰਦੀਪ ਕਲੇਰ ਦੇ ਅਹਿਮ ਪ੍ਰਗਟਾਵਿਆਂ ਤੋਂ ਬਾਅਦ ਵੀ ਤਖ਼ਤਾਂ ਦੇ ਜਥੇਦਾਰਾਂ ਨੇ ਚੁੱਪੀ ਕਿਉਂ ਸਾਧੀ ਰੱਖੀ?