'ਡਾ. ਸੁਬਰਾਮਨੀਅਮ ਸੁਆਮੀ ਸਿੱਖਾਂ ਨੂੰ ਖ਼ੁਸ਼ ਕਰਦਿਆਂ ਆਰ.ਐਸ.ਐਸ ਦੀ ਸੋਚ ਵੀ ਵੇਚ ਗਿਆ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਡਾ. ਸੁਬਰਾਮਨੀਅਮ ਸੁਆਮੀ ਦੀ ਅੰਮ੍ਰਿਤਸਰ ਫੇਰੀ ਬਣੀ ਚਰਚਾ ਦਾ ਵਿਸ਼ਾ

Subarmanium

ਅੰਮ੍ਰਿਤਸਰ, 1 ਮਈ (ਸੁਖਵਿੰਦਰਜੀਤ ਸਿੰਘ ਬਹੋੜੂ): ਭਾਰਤੀ ਜਨਤਾ ਪਾਰਟੀ ਦੀ ਚਰਚਿਤ ਸ਼ਖ਼ਸੀਅਤ ਡਾ. ਸੁਬਰਾਮਨੀਅਮ ਸੁਆਮੀ ਸਾਬਕਾ ਕੇਂਦਰੀ ਮੰਤਰੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਦੋਸਤ ਕਰਾਰ ਦੇਣ ਅਤੇ ਖਾਲਿਸਤਾਨ ਦੀ ਮੰਗ ਨਾਲ ਉਨ੍ਹਾਂ ਦਾ ਕੋਈ ਵਾਸਤਾ ਨਾ ਹੋਣ ਸਬੰਧੀ ਬਿਆਨ, ਸਿਆਸੀ ਤੇ ਸਮਾਜਿਕ, ਧਾਰਮਿਕ ਤੇ ਸਿੱਖ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੈ। ਅੰਮ੍ਰਿਤਸਰ ਫੇਰੀ ਦੌਰਾਨ ਡਾ. ਸੁਬਰਾਮਨੀਅਮ ਸੁਆਮੀ ਨੇ ਸਪੱਸ਼ਟ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਬੈਠਕ ਦੌਰਾਨ ਸੰਤਾਂ ਨੇ ਕਿਹਾ ਸੀ ਕਿ ਉਹ ਖਾਲਿਸਤਾਨ ਮੰਗਦੇ ਨਹੀਂ, ਜੇਕਰ ਕੇਂਦਰ ਖਾਲਿਸਤਾਨ ਦੇਵੇਗਾ ਤਾਂ ਇਨਕਾਰ ਵੀ ਨਹੀਂ ਕਰਾਂਗੇ। ਸੁਚੇਤ ਤੇ ਸਿਆਸੀ ਸ਼ਖ਼ਸੀਅਤਾਂ ਖਾਸ ਕਰ ਕੇ ਸਿੱਖ ਆਗੂਆਂ ਦਾ ਮੰਨਣਾ ਹੈ ਕਿ ਡਾ. ਸੁਬਰਾਮਨੀਅਮ ਸੁਆਮੀ ਬਹੁਤ ਖਰਲ ਤੇ ਡਿਪਲੋਮੈਟਕ ਸਿਆਸਤਦਾਨ ਹੈ, ਜੋ ਸਿੱਖ ਵੀ ਖੁਸ਼ ਕਰ ਗਿਆ ਤੇ ਆਰ.ਐਸ.ਐਸ ਦੀ ਥਿਊਰੀ ਵੀ ਵੇਚ ਗਿਆ। ਸਿੱਖ ਹਲਕਿਆਂ ਖਾਸ ਕਰ ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਬੜੀ ਬਰੀਕ ਟਿੱਪਣੀ ਕੀਤੀ ਹੈ ਕਿ ਡਾ. ਸੁਬਰਾਮਨੀਅਮ ਸੁਆਮੀ ਨੇ ਅੰਮ੍ਰਿਤਸਰ ਆ ਕੇ ਆਰ.ਐਸ.ਐਸ ਦੀ ਪ੍ਰਤੀਨਿਧਤਾ ਕਰਦੇ ਹੋਏ ਕਿਹਾ ਹੈ ਕਿ ਦੇਸ਼ ਵਾਸੀਆਂ ਦਾ ਡੀ.ਐਨ.ਏ ਕਰਵਾਲੋ, ਸਭ ਹਿੰਦੂ ਹਨ। ਦਲ ਖਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ ਮੁਤਾਬਿਕ ਡਾ. ਸੁਬਰਾਮਨੀਅਮ ਸੁਆਮੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਭਾਵਨਾਵਾਂ ਦੀ ਥਾਂ ਅੱਖਰਾਂ ਦੀ ਬਿਆਨਬਾਜ਼ੀ ਖਾਲਿਸਤਾਨ ਦੀ ਮੰਗ ਬਾਰੇ ਕੀਤੀ ਹੈ ਕਿ ਉਹ ਖਾਲਿਸਤਾਨ ਨਹੀਂ ਮੰਗਦੇ। ਭਾਈ ਕੰਵਰਪਾਲ ਸਿੰਘ ਨੇ ਸਥਿਤੀ ਸਪੱਸ਼ਟ ਕੀਤੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਇਹ ਕਿਹਾ ਸੀ ਕਿ ਉਹ ਮੰਗਦੇ ਨਹੀਂ, ਪਰ ਜੇਕਰ ਖਾਲਿਸਤਾਨ ਹੁਣ ਕੇਂਦਰ ਦੇਵੇਗਾ  ਤਾਂ ਨਾਂਹ ਨਹੀਂ ਕਰਨਗੇ। ਅਜ਼ਾਦੀ ਬਾਅਦ ਸਿੱਖਾਂ ਨਾਲ ਸਿਰੇ ਦਾ ਵਿਤਕਰਾ ਕੀਤਾ ਜਾ ਰਿਹਾ ਹੈ। ਇਨਸਾਫ ਮੰਗਦੇ ਸਿੱਖਾਂ ਨੂੰ ਨਿਆਂ ਨਹੀਂ ਮਿਲ ਰਿਹਾ, ਜਿਸਦੀ ਸਪੱਸ਼ਟ ਉਦਾਹਰਨ ਸ੍ਰੀ ਹਰਿਮੰਦਰ ਸਾਹਿਬ 'ਤੇ ਫੌਜੀ ਹਮਲਾ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ ਨਾਲ ਉਡਾਉਣਾ, ਦਿੱਲੀ ਵਿਖੇ ਸਿੱਖ ਨਸਲਕੁਸ਼ੀ ਦਾ ਨਿਆਂ ਨਾ ਮਿਲਣਾ, ਪੰਜਾਬੀ ਸੂਬਾ ਬਣਾਉਣ ਸਮੇਂ ਵਿਤਕਰਾ ਕਰਨਾ, ਪੰਜਾਬ ਤੋਂ ਡੈਮਾਂ ਦਾ ਕੰਟਰੋਲ ਖੋਹਣਾ, ਚੰਡੀਗੜ੍ਹ ਰਾਜਧਾਨੀ ਵਾਪਸ ਨਾ ਕਰਨੀ,

ਪੰਜਾਬੀ ਬੋਲਦੇ ਇਲਾਕੇ ਨਾ ਦੇਣੇ, ਦਰਿਆਈ ਪਾਣੀਆਂ ਦਾ ਮਸਲਾ, ਅਦਾਲਤੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖ ਰਿਹਾਅ ਨਾ ਕਰਨੇ ਆਦਿ ਸਾਹਮਣੇ ਹਨ। ਇਹ ਜਿਕਰਯੋਗ ਹੈ ਕਿ ਅਜ਼ਾਦੀ ਲੈਣ ਸਮੇਂ ਉਸ ਸਮੇਂ ਦੇ ਕਾਂਗਰਸੀ ਆਗੂਆ ਮਹਾਤਾਮਾਂ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਪਟੇਲ ਤੇ ਹੋਰਨਾਂ ਨੇ ਸਿੱਖਾਂ ਨੂੰ ਖੁਦਮੁਖਤਿਆਰੀ ਦੇਣ ਸਮੇਤ ਬਹੁਤ ਵਾਅਦੇ ਕੀਤੇ ਸਨ ਪਰ ਅਜ਼ਾਦੀ ਮਿਲਣ ਬਾਅਦ ਉਹ ਮੁੱਕਰ ਗਏ ਕਿ ਹੁਣ ਸਮਾਂ ਲੰਘ ਗਿਆ ਹੈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਜੇ ਫੌਜੀ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਆਪਣੇ-ਆਪ ਰੱਖੀ ਜਾਵੇਗੀ। ਡਾ. ਸੁਬਰਾਮਨੀਅਮ ਸੁਆਮੀ ਮੁਤਾਬਿਕ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰਨ ਪਿੱਛੇ ਵਿਦੇਸ਼ੀ ਤਾਕਤਾਂ ਖਾਸ ਕਰਕੇ ਸੋਵੀਅਤ ਯੂਨੀਅਨ ਦਾ ਹੱਥ ਸੀ। ਡਾ. ਸੁਬਰਾਮਨੀਅਮ ਸੁਆਮੀ ਨੇ ਇਹ ਵੀ ਕਿਹਾ ਹੈ ਕਿ ਸੰਨ 1984 'ਚ ਦਿੱਲੀ ਵਿਚ ਸਿੱਖ ਨਸਲਕੁਸ਼ੀ ਹੋਈ ਹੈ ਪਰ ਤੁਹਾਡਾ ਫੂਲਕਾ ਮੰਨ ਨਹੀਂ ਰਿਹਾ। ਇਸ ਖਿਲਾਫ ਐਚ.ਐਸ ਫੂਲਕਾ ਨੇ ਡਾ. ਸੁਬਰਾਮਨੀਅਮ ਸੁਆਮੀ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਦਿੱਲੀ ਵਿਚ ਸਿੱਖ ਨਸਲਕੁਸ਼ੀ ਹੀ ਹੋਈ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਡਾ. ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਭਾਜਪਾ ਆਗੂ ਅਟਲ ਬਿਹਾਰੀ ਵਾਜਪਈ ਤੇ ਐਲ ਕੇ ਅਡਵਾਨੀ ਨੇ ਫੌਜੀ ਹਮਲੇ ਦੀ ਹਿਮਾਇਤ ਕੀਤੀ ਸੀ। ਸਿੱਖ ਹਲਕਿਆਂ ਅਨੁਸਾਰ ਡਾ. ਸੁਬਰਾਮਨੀਅਮ ਸੁਆਮੀ ਨੇ 32 ਸਾਲ ਬਾਅਦ ਅੰਮ੍ਰਿਤਸਰ ਆ ਕੇ 'ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਪਿੱਛੇ ਸੋਵੀਅਤ ਯੂਨੀਅਨ ਦਾ ਹੱਥ ਹੋਣ ਦਾ ਨਾਮ ਲੈਣਾ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲ ਸੰਕੇਤ ਕਰਨਾ ਕਿ ਉਹ ਸਿੱਖ ਵੱਖਰੇ ਰਾਜ ਦੇ ਹਿਮਾਇਤੀਆਂ ਦੀ ਪਿੱਠ ਠਾਪੜ ਰਿਹਾ ਹੈ' ਆਦਿ ਤੋਂ ਜਾਪਦਾ ਹੈ ਕਿ ਡਾ. ਸੁਬਰਾਮਨੀਅਮ ਸੁਆਮੀ ਦੀ ਗੁੱਝੀ ਸਿਆਸਤ ਦਾ ਵੀ ਕੋਈ ਭੇਦ ਹੈ।