ਇਕ ਪਿੰਡ ਵਿਚ ਇਕ ਹੀ ਗੁਰਦਵਾਰਾ ਬਣਾਵੇ ਸੰਗਤ: ਗਿ. ਗੁਰਬਚਨ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਸ ਮੁਹਿੰਮ ਨਾਲ ਘਟਣਗੀਆਂ ਬੇਅਦਬੀ ਦੀਆਂ ਘਟਨਾਵਾਂ

Gurbachan singh 

ਅੰਮ੍ਰਿਤਸਰ, 1 ਮਈ (ਇੰਦਰ ਮੋਹਣ ਸਿੰਘ 'ਅਨਜਾਣ'): ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਮੁੱਖ ਰਖਦਿਆਂ ਅਕਾਲ ਤਖ਼ਤ ਵਲੋਂ ਆਦੇਸ਼ ਕੀਤਾ ਗਿਆ ਸੀ ਕਿ ਪਿੰਡਾਂ ਜਾ ਸ਼ਹਿਰਾਂ ਵਿਚ ਜਾਤ-ਪਾਤ ਦੇ ਅਧਾਰਪੁਰ ਕਾਫ਼ੀ ਗੁਰਦਵਾਰੇ ਬਣਾਏ ਗਏ ਹਨ ਜਾਂ ਪਿੰਡ ਦੇ ਲੋਕਾਂ ਨੇ ਆਪਸੀ ਰੰਜ਼ਸ਼ਾਂ ਕਾਰਨ ਗੁਰਦਵਾਰੇ ਬਣਾਏ ਹੋਏ ਹਨ ਜਿਨਾਂ ਵਿਚ ਕਈ ਥਾਵਾਂ ਪੁਰ ਗ੍ਰੰਥੀ ਸਿੰਘ ਵੀ ਨਹੀਂ ਹਨ। 
ਉਨ੍ਹਾਂ ਕਿਹਾ ਕਿ ਸੰਗਤ ਅਪਣੀਆ ਨਿਜੀ ਰੰਜ਼ਸ਼ਾਂ ਨੂੰ ਭੁਲਾ ਕੇ ਇਕ ਪਿੰਡ ਵਿਚ ਇਕ ਹੀ ਗੁਰਦਵਾਰਾ ਬਣਾਵੇ। ਇਸ ਨਾਲ ਗੁਰਦੁਆਰਾ ਸਾਹਿਬ ਦੀ ਮਹਾਨਤਾ ਵੀ ਵਧਦੀ ਹੈ ਅਤੇ ਬੇਅਦਬੀ ਹੋਣ ਦੀਆਂ ਘਟਨਾਵਾਂ ਨੂੰ ਵੀ ਠੱਲ੍ਹ ਪਾਈ ਜਾ ਸਕਦੀ ਹੈ।

ਉਨ੍ਹਾਂ ਕਿਹਾ ਇਸ ਮੁਹਿੰਮ ਨੂੰ ਉਸ ਵੇਲੇ ਬਹੁਤ ਵੱਡਾ ਹੁੰਗਾਰਾ ਮਿਲਿਆ ਜਦ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਵਿਸ਼ੇਸ਼ ਉਪਰਾਲੇ ਕਰਦਿਆਂ ਸਮਾਗਮਾਂ ਵਿਚ ਇਸ ਸਬੰਧੀ ਪ੍ਰਚਾਰ ਕੀਤਾ ਗਿਆ। ਇਸ ਮੁਹਿੰਮ ਤਹਿਤ ਹੀ ਭਾਈ ਅਮਰੀਕ ਸਿੰਘ ਸ਼ਾਹਪੁਰ ਮੈਂਬਰ ਸ਼੍ਰੋਮਣੀ ਕਮੇਟੀ ਵਲੋਂ ਇਕ ਪਿੰਡ ਵਿਚ ਪੰਜ ਗੁਰਦਵਾਰਿਆਂ ਸਾਹਿਬਾਨਾ ਤੋਂ ਇਕ ਗੁਰਦਵਾਰਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਹਰ ਪਿੰਡ ਸੰਗਤਾਂ ਵਲੋਂ ਇਕ ਗੁਰਦਵਾਰਾ ਹੋਣ ਪੁਰ ਗੁਰਦਵਾਰਾ ਕਮੇਟੀ ਨੂੰ ਸਨਮਾਨਤ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਵਲੋਂ ਯੋਗ ਸਨਮਾਨ ਦਿਤਾ ਜਾਵੇਗਾ।