ਪਿੰਡ ਢੀਂਡਸਾ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਸੰਗਤਾਂ 'ਚ ਰੋਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਣਪਛਾਤਿਆਂ ਵਿਰੁਧ ਮੁਕੱਦਮਾ ਦਰਜ

Pic

ਖੰਨਾ/ਬਰਧਾਲਾਂ : ਅੱਜ ਸਵੇਰੇ ਪੁਲਿਸ ਜ਼ਿਲ੍ਹਾ ਖੰਨਾ ਦੇ ਪਿੰਡ ਢੀਂਡਸਾ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਵਿਅਕਤੀਆਂ ਵਲੋਂ ਗੁਟਕਾ ਸਾਹਿਬ ਦੇ ਅੰਗਾਂ ਨੂੰ ਟੋਟੇ-ਟੋਟੇ ਕਰ ਕੇ ਸੜਕ ਅਤੇ ਪਸ਼ੂਆਂ ਦੇ ਵਾੜੇ ਵਿਚ ਖਿਲਾਰ ਦਿਤਾ ਗਿਆ। ਥਾਣਾ ਸਮਰਾਲਾ ਵਲੋਂ ਇਸ ਘਟਨਾ ਨੂੰ ਲੈ ਕੇ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਨੂੰ ਦਿਤੇ ਬਿਆਨਾਂ ਵਿਚ ਸੁਰਿੰਦਰਪਾਲ ਸਿੰਘ ਨੇ ਦਸਿਆ ਕਿ ਸਵੇਰੇ 7 ਵਜੇ ਉਸ ਨੇ ਦੇਖਿਆ ਕਿ ਉਸ ਦੇ ਘਰ ਦੇ ਬਾਹਰ ਸੜਕ ਉਪਰ ਅਤੇ ਪਸ਼ੂਆਂ ਦੇ ਵਾੜੇ ਵਿਚ ਗੁਟਕਾ ਸਾਹਿਬ ਦੇ ਅੰਗਾਂ ਨੂੰ ਟੋਟੇ-ਟੋਟੇ ਕਰ ਕੇ ਬਿਖੇਰਿਆ ਪਿਆ ਸੀ। ਉਸ ਵਲੋਂ ਤੁਰਤ ਇਹ ਮਾਮਲਾ ਪਿੰਡ ਵਾਸੀਆਂ ਦੇ ਧਿਆਨ ਵਿਚ ਲਿਆਂਦਾ ਅਤੇ ਸਾਰਿਆਂ ਨੇ ਮਿਲ ਕੇ ਥਾਣਾ ਸਮਰਾਲਾ ਨੂੰ ਸੂਚਿਤ ਕੀਤਾ।

ਸੂਚਨਾ ਮਿਲਦਿਆਂ ਹੀ ਐਸ.ਪੀ. (ਡੀ) ਜਸਬੀਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਮੌਕੇ 'ਤੇ ਪੁੱਜ ਗਈ, ਜਿਨ੍ਹਾਂ ਵਲੋਂ ਅਣਪਛਾਤਿਆਂ ਵਿਰੁਧ ਮੁਕੱਦਮਾ ਦਰਜ ਕਰ ਲਿਆ ਗਿਆ। ਇਸ ਮੰਗਭਾਗੀ ਘਟਨਾ ਨੂੰ ਲੈ ਕੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਪੁਲਿਸ ਜ਼ਿਲ੍ਹਾ ਖੰਨਾ ਦੇ ਐਸ.ਐਸ.ਪੀ ਸ. ਗੁਰਸ਼ਰਨਦੀਪ ਸਿੰਘ ਗਰੇਵਾਲ ਦੀਆਂ ਹਦਾਇਤਾਂ ਅਨੁਸਾਰ ਐਸ.ਪੀ (ਡੀ) ਜਸਬੀਰ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਖੰਨਾ ਪੁਲਿਸ ਵਲੋਂ ਪੂਰੀ ਮੁਸਤੈਦੀ ਨਾਲ ਇਸ ਮਾਮਲੇ ਨੂੰ ਲੈ ਕੇ ਪੂਰੀ ਡੂੰਘਾਈ ਨਾਲ ਤਫ਼ਤੀਸ਼ ਕਰਦੇ ਹੋਏ ਪੂਰੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ । 

ਇਸ ਮੌਕੇ ਘਟਨਾ ਸਥਾਨ 'ਤੇ ਹਾਜ਼ਰ ਪਿੰਡ ਵਾਸੀ ਸਾਬਕਾ ਸਰਪੰਚ ਮਨਜੀਤ ਸਿੰਘ, ਕੈਪਟਨ ਮੇਵਾ ਸਿੰਘ, ਰਣਧੀਰ ਸਿੰਘ ਬੁਆਲ, ਸੰਤ ਸਿੰਘ, ਪਰਮਿੰਦਰ ਸਿੰਘ ਆਦਿ ਨੇ ਮੰਗ ਕੀਤੀ ਕਿ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਕੇ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਜਾਵੇ ਅਤੇ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਚਰਨ ਕੰਵਲ ਸਾਹਿਬ ਮਾਛੀਵਾੜਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਮੈਨੇਜਰ ਗੁਰਦੁਆਰਾ ਕਟਾਣਾ ਸਾਹਿਬ ਬੇਅੰਤ ਸਿੰਘ ਅਤੇ ਪ੍ਰਚਾਰਕ ਮਨਜੀਤ ਸਿੰਘ ਵਲੋਂ ਸਿੱਖ ਮਰਿਆਦਾ ਅਨੁਸਾਰ ਗੁਟਕਾ ਸਾਹਿਬ ਦੇ ਅੰਗਾਂ ਨੂੰ ਇਕੱਤਰ ਕਰ ਕੇ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਲਿਆਂਦਾ ਗਿਆ।

ਇਥੇ ਹਾਜ਼ਰ ਸੰਗਤਾਂ ਵਲੋਂ ਅਰਦਾਸ ਕਰ ਕੇ ਗੁਟਕਾ ਸਾਹਿਬ ਦੇ ਅੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿਤੇ। ਇਸ ਸਬੰਧੀ ਐਸ.ਪੀ (ਡੀ) ਜਸਬੀਰ ਸਿੰਘ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ  ਹੈ ਅਤੇ ਦੋਸ਼ੀ ਛੇਤੀ ਹੀ ਕਾਬੂ ਕਰ ਲਏ ਜਾਣਗੇ।