ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੰਥਕ ਧਿਰਾਂ ਵਲੋਂ 30 ਦਿਨਾਂ ਦਾ ਅਲਟੀਮੇਟਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਦਲਾਂ ਅਤੇ ਸੈਣੀ ਦੀ ਗਿ੍ਰਫ਼ਤਾਰੀ ਦੀ ਮੰਗ ਨੂੰ ਲੈ ਕੇ ਲੱਗੇਗਾ ਮੋਰਚਾ : ਮਾਨ, ਪਰ ਆਪਸ ਵਿਚ ਵੀ ਉਲਝ ਪਏ ਆਗੂ ਲੋਕ

Beadbi Kand

ਕੋਟਕਪੂਰਾ (ਗੁਰਿੰਦਰ ਸਿੰਘ) : ਪਾਵਨ ਸਰੂਪ ਚੋਰੀ ਕਰਨ, ਭੜਕਾਊ ਪੋਸਟਰ ਲਾਉਣ, ਬੇਅਦਬੀ ਕਾਂਡ ਨੂੰ ਅੰਜਾਮ ਦੇਣ, ਕੋਟਕਪੂਰਾ ਅਤੇ ਬਹਿਬਲ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਪੁਲਿਸੀਆ ਅਤਿਆਚਾਰ ਢਾਹੁਣ ਵਾਲੀਆਂ ਸਾਰੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਅੱਜ ਗੁਰਦਵਾਰਾ ਪਾਤਸ਼ਾਹੀ ਦਸਵੀਂ ਬਰਗਾੜੀ ਦੇ ਮੰਚ ਤੋਂ 30 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਜੇਕਰ ਬਾਦਲ ਪਿਉ-ਪੁੱਤਰ ਅਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਵਿਰੁਧ ਕਾਰਵਾਈ ਨਾ ਹੋਈ ਤਾਂ 1 ਜੁਲਾਈ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਰ੍ਹਾਂ ਲਾਇਆ ਗਿਆ ਮੋਰਚਾ ਲੱਗੇਗਾ, ਜੋ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤਕ ਜਾਰੀ ਰਹੇਗਾ। 

ਉਨ੍ਹਾਂ ਮੋਰਚੇ ਦਾ ਸਮਾਂ-ਸਥਾਨ ਐਲਾਨਣ ਤੋਂ ਗੁਰੇਜ਼ ਕਰਦਿਆਂ ਆਖਿਆ ਕਿ ਜੇਕਰ ਪਹਿਲਾਂ ਹੀ ਮੋਰਚੇ ਦੇ ਸਥਾਨ ਦਾ ਐਲਾਨ ਕਰ ਦਿਤਾ ਗਿਆ ਤਾਂ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਅੜਿੱਕੇ ਪਾਉਣੇ ਸ਼ੁਰੂ ਕਰ ਦਿਤੇ ਜਾਣਗੇ। ਸ. ਮਾਨ ਨੇ ਪੰਥ ਨੂੰ ਦਰਪੇਸ਼ ਮੁਸ਼ਕਲਾਂ ਦੇ ਮੌਜੂਦਾ ਅਤੇ ਪੁਰਾਤਨ ਹਵਾਲੇ ਦਿੰਦਿਆਂ ਏਕਤਾ ਬਣਾਈ ਰੱਖਣ ’ਤੇ ਜ਼ੋਰ ਦਿਤਾ। 

ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਵੀ ਦੋਸ਼ੀਆਂ ਨਾਲ ਸਜ਼ਾਵਾਂ ਅਤੇ ਪੀੜਤ ਪਰਵਾਰਾਂ ਨੂੰ ਇਨਸਾਫ਼ ਨਾ ਕਰਨ ਵਾਲੀਆਂ ਦੋਵੇਂ ਧਿਰਾਂ ਅਰਥਾਤ ਅਕਾਲੀ-ਭਾਜਪਾ ਗਠਜੋੜ ਅਤੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਦੋਸ਼ੀਆਂ ਨੂੰ ਬਿਨਾ ਦੇਰੀ ਜੇਲਾਂ ’ਚ ਡੱਕ ਦੇਣਾ ਚਾਹੀਦਾ ਹੈ। 

ਮੰਚ ’ਤੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਅਕਾਲੀ ਦਲ ਯੂਨਾਈਟਿਡ ਦੇ ਜਨਰਲ ਸਕੱਤਰ ਜਤਿੰਦਰ ਸਿੰਘ ਈਸੜੂ ਨੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦੀਆਂ ਉਦਾਹਰਣਾਂ ਦਿੰਦਿਆਂ ਭਾਈ ਧਿਆਨ ਸਿੰਘ ਮੰਡ ਵਲੋਂ ਬਿਨਾ ਕਿਸੇ ਪ੍ਰਾਪਤੀ ਦੇ ਬਰਗਾੜੀ ਇਨਸਾਫ਼ ਮੋਰਚਾ ਚੁੱਕ ਦੇਣ ਦੀ ਗੱਲ ਕੀਤੀ ਤਾਂ ਅਕਾਲੀ ਦਲ ਮਾਨ ਦੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਰੋਸ ਕਰਦਿਆਂ ਆਖਿਆ ਕਿ ਤੁਸੀ ਖ਼ੁਦ ਹੀ ਮੋਰਚਾ ਚੁਕਵਾਉਣ ਦੇ ਜ਼ਿੰਮੇਵਾਰ ਹੋ ਪਰ ਹਰ ਵਾਰ ਭਾਈ ਧਿਆਨ ਸਿੰਘ ਮੰਡ ਨੂੰ ਹੀ ਕਸੂਰਵਾਰ ਠਹਿਰਾਉਣਾ ਜਾਇਜ਼ ਨਹੀਂ।

ਦੋਵਾਂ ਧਿਰਾਂ ਵਿਚ ਭੜਕਾਹਟ ਆ ਗਈ, ਕਰੀਬ 5 ਮਿੰਟ ਤਕ ਸ਼ੋਰ ਸ਼ਰਾਬਾ ਰਿਹਾ ਅਤੇ ਵਾਰ-ਵਾਰ ਸ਼ਾਂਤ ਕਰਨ ਦੇ ਬਾਵਜੂਦ ਵੀ ਜਦੋਂ ਦੋਵੇਂ ਧਿਰਾਂ ਸ਼ਾਂਤ ਨਾ ਹੋਈਆਂ ਤਾਂ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੱੁਝ ਮਿੰਟ ਤਕ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਨੂੰ ਸ਼ਾਂਤ ਕੀਤਾ ਅਤੇ ਜਦੋਂ ਸੰਗਤਾਂ ਬੈਠ ਗਈਆਂ ਤਾਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਉਕਤ ਘਟਨਾ ਪ੍ਰਤੀ ਰੋਸ ਪ੍ਰਗਟਾਉਂਦਿਆਂ ਆਖਿਆ ਕਿ ਮੈਂ ਹਰ ਗੱਲ ਦਾ ਜਵਾਬ ਦੇਵਾਂਗਾ, ਅਜਿਹੀਆਂ ਗੱਲਾਂ ਦਾ ਮੰਚ ਤੋਂ ਵਿਵਾਦ ਨਾ ਬਣਾਇਆ ਜਾਵੇ। 

ਉਕਤ ਹੰਗਾਮੇ ਮੌਕੇ ਕੁੱਝ ਪੱਤਰਕਾਰਾਂ ਨਾਲ ਧੱਕਾਮੁੱਕੀ ਅਤੇ ਬਦਸਲੂਕੀ ਹੋਈ, ਕੱੁਝ ਦੇ ਕੈਮਰੇ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਪੱਤਰਕਾਰਾਂ ਨੇ ਵੀ ਵਿਰੋਧ ਕਰਦਿਆਂ ਬਹੁਤ ਬੁਰਾ ਮਨਾਇਆ। ਫ਼ਿਲਮੀ ਅਦਾਕਾਰ ਦੀਪ ਸਿੱਧੂ ਨੇ ਵੀ ਅਪਣੇ ਸੰਬੋਧਨ ਦੌਰਾਨ ਉਕਤ ਘਟਨਾ ਪ੍ਰਤੀ ਰੋਸ ਪ੍ਰਗਟਾਉਂਦਿਆਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਉਦਾਹਰਨ ਦਿੰਦਿਆਂ ਆਖਿਆ ਕਿ ਉਸ ਸਮੇਂ ਸਿੱਖ ਕੌਮ ਵਿਚ ਜੋ ਜਜ਼ਬਾ ਸੀ, ਉਹ ਅੱਜ ਵੀ ਬਰਕਰਾਰ ਹੈ ਪਰ ਅਜਿਹੇ ਵਿਵਾਦ ਸਿੱਖਾਂ ਅੰਦਰ ਜਜ਼ਬਾ ਖ਼ਤਮ ਕਰਨ ਅਤੇ ਨਿਰਾਸ਼ਾ ਉਪਜਾਉਣ ਦਾ ਸਬੱਬ ਬਣਦੇ ਹਨ। ਉਕਤ ਘਟਨਾ ਤੋਂ ਬਾਅਦ ਤਕਰੀਬਨ ਸਾਰੇ ਬੁਲਾਰਿਆਂ ਨੇ ਪੰਥਕ ਏਕਤਾ ’ਤੇ ਜ਼ੋਰ ਦਿੰਦਿਆਂ ਵਾਰ-ਵਾਰ ਅਜਿਹੇ ਵਿਵਾਦਾਂ ਤੋਂ ਗੁਰੇਜ਼ ਕਰਨ ਦੀ ਨਸੀਹਤ ਦਿਤੀ।