ਮੋਗਾ ਦੇ ਪਿੰਡ ਰੋਡੇ 'ਚ ਮਨਾਇਆ ਗਿਆ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਨ ਦਿਹਾੜਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਹਿਲਾਂ ਸ਼੍ਰੋਮਣੀ ਅਕਾਲੀ ਦੇ ਮੁੱਖ ਏਜੰਡੇ ਸੰਵਿਧਾਨ 'ਚ ਪੰਥ ਤੇ ਗੁਰਦੁਆਰੇ ਸਨ ਪਰ ਰਾਜਸੀ ਸੋਚ ਨੇ ਇਹਨਾਂ ਨੂੰ ਮਨਫੀ ਕਰ ਦਿੱਤਾ

photo

 

ਰੋਡੇ: ਅੱਜ ਮੋਗਾ ਜਿਲ੍ਹੇ ਦੇ ਪਿੰਡ ਰੋਡੇ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਵੱਡੀ ਗਿਣਤੀ ਵਿਚ ਸਿੱਖ ਸ਼ਖਸੀਅਤਾਂ ਅਤੇ ਸੰਗਤ ਨੇ ਸ਼ਿਰਕਤ ਕੀਤੀ। ਇਸ ਮੌਕੇ ਆਈਆਂ ਸੰਗਤ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਸਮਾਗਮ 'ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸ਼ਿਰਕਤ ਕੀਤੀ। 

ਗਿਆਨੀ ਹਰਪ੍ਰੀਤ ਸਿੰਘ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਹਰ ਅੰਮ੍ਰਿਤਧਾਰੀ ਸਿੱਖ ਨੂੰ ਧਰਮ ਦਾ ਪ੍ਰਚਾਰਕ ਬਣ ਕੇ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਲਈ ਮੁਹਿੰਮ ਚਲਾਉਣੀ ਚਾਹੀਦੀ ਹੈ, ਜਿਨ੍ਹਾਂ ਨੇ ਕਿਸੇ ਵਹਿਮ-ਭਰਮ ਕਾਰਨ ਨਸ਼ਿਆਂ ਨੂੰ ਚੁਣਿਆ ਅਤੇ ਸਿੱਖੀ ਨੂੰ ਛੱਡ ਦਿਤਾ ਸੀ। ਜੋ ਵੀ ਸਿੱਖ ਅੰਮ੍ਰਿਤਧਾਰੀ ਮੁਹਿੰਮ ਦਾ ਹਿੱਸਾ ਬਣ ਕੇ ਵਾਪਸ ਸਿੱਖੀ ਨਾਲ ਜੁੜਨਗੇ, ਉਹਨਾਂ ਦਾ ਸਤਿਕਾਰ ਕੀਤਾ ਜਾਵੇਗਾ।

 ਜਥੇਦਾਰ ਨੇ ਇਸ ਦੌਰਾਨ ਅਕਾਲੀ ਦਲ 'ਤੇ ਵੀ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਾ 50 ਸਾਲ  ਪੁਰਾਣਾ ਸੰਵਿਧਾਨ ਪੜ੍ਹ ਕੇ ਵੇਖ ਲਵੋ। 50 ਸਾਲ ਪੁਰਾਣੇ ਸੰਵਿਧਾਨ 'ਚ  ਉਹਨਾਂ ਦੇ ਪੰਥ ਤੇ ਗੁਰਦੁਆਰੇ ਮੁੱਖ ਏਜੰਡੇ ਹੁੰਦੇ ਸਨ।  ਅੱਜ ਰਾਜਸੀ ਸੋਚ ਨੇ ਸਿੱਖ ਪੰਥ ਤੇ ਗੁਰਦੁਆਰਿਆਂ ਨੂੰ ਮਨਫੀ ਕਰ ਦਿਤਾ। ਅਕਾਲੀ ਦਲ ਅਪਣੇ ਮਕਸਦ ਤੋਂ ਭਟਕ ਗਿਆ ਹੈ। ਇਹ ਸਾਡੀ ਕਮਜ਼ੋਰੀ ਹੈ। ਜੇ ਅਸੀਂ ਤਾਕਤਵਾਰ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼਼ੂਰੀ 'ਚ ਅਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਪਵੇਗਾ। ਸੰਸਥਾਵਾਂ ਸਿੱਖ ਕੌਮਾਂ ਦੀ ਰੀਡ ਦੀਆਂ ਹੱਡੀਆਂ ਹੁੰਦੀਆਂ ਹਨ ਜੇ ਇਹ ਸੰਸਥਾਵਾਂ ਕਮਜ਼ੋਰ ਹੋ ਗਈਆਂ ਫਿਰ ਕੌਮ ਨੂੰ ਕਮਜ਼ੋਰ ਹੋਣ ਤੋਂ ਕੋਈ  ਨਹੀਂ ਬਚਾ ਸਕਦਾ।

ਇਸ ਮੌਕੇ ਜਸਬੀਰ ਸਿੰਘ ਰੋਡੇ ਨੇ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ 'ਤੇ  ਸਵਾਲ ਚੁੱਕੇ ਹਨ ਕਿ ਸਰਕਾਰਾਂ ਸਿਰਫ਼ ਆਪਣਾ ਉੱਲੂ ਸਿੱਧਾ ਕਰ ਰਹੀਆਂ ਹਨ ਅਤੇ ਸਾਨੂੰ ਇਨਸਾਫ਼ ਦੇਣ ਦੀ ਬਜਾਏ ਛੋਟੇ-ਮੋਟੇ ਕੇਸਾਂ 'ਚ ਉਲਝਾ ਰਹੀਆਂ ਹਨ। ਜੋ ਕੰਮ ਕਰਨੇ ਚਾਹੀਦੇ ਹਨ, ਉਸ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਕੁਝ ਨੌਜਵਾਨ ਨਸ਼ੇ ਦੇ ਦਰਿਆ ਵਿਚ ਡੁੱਬ ਰਹੇ ਹਨ ਤੇ ਕੁਝ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ। ਇਸ ਲਈ ਅਸੀਂ ਆਪਣੇ ਭਾਈਚਾਰੇ ਨੂੰ ਸਿੱਖੀ ਨਾਲ ਜੁੜਨ ਦੀ ਅਪੀਲ ਕੀਤੀ ਹੈ ਤਾਂ ਜੋ ਨਸ਼ਿਆਂ ਤੋਂ ਦੂਰ ਰਹਿ ਕੇ ਆਪਣਾ ਭਵਿੱਖ ਤਿਆਰ ਕਰ ਸਕੀਏ।