ਜੋਧਪੁਰ ਦੇ ਨਜ਼ਰਬੰਦਾਂ ਨੂੰ ਇਕਸਾਰ ਮੁਆਵਜ਼ਾ ਦਿਤਾ ਜਾਵੇ : ਪ੍ਰੋ. ਕੁਲਬੀਰ ਸਿੰਘ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਅਤੇ ਪੰਜਾਬ ਮਸਲਿਆਂ ਪ੍ਰਤੀ ਡੂੰਘੀ ਰੁਚੀ ਰਖਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਦੇ ਐਸੋਸੀਏਟ ਪ੍ਰੋਫ਼ੈਸਰ ਅਤੇ ਜੂਨ 1984 ਉਪਰੰਤ ...

Prof. Kulbir Singh

ਚੰਡੀਗੜ੍ਹ: ਸਿੱਖ ਅਤੇ ਪੰਜਾਬ ਮਸਲਿਆਂ ਪ੍ਰਤੀ ਡੂੰਘੀ ਰੁਚੀ ਰਖਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਦੇ ਐਸੋਸੀਏਟ ਪ੍ਰੋਫ਼ੈਸਰ ਅਤੇ ਜੂਨ 1984 ਉਪਰੰਤ ਕਰੀਬ ਸਾਢੇ ਚਾਰ ਸਾਲ ਜੋਧਪੁਰ ਜੇਲ ਵਿਚ ਨਜ਼ਰਬੰਦ ਰਹੇ ਪ੍ਰੋ. ਕੁਲਬੀਰ ਸਿੰਘ ਨੇ ਪ੍ਰੈੱਸ ਨੂੰ ਜਾਰੀ ਇਕ ਬਿਆਨ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ 40 ਜੋਧਪੁਰ ਨਜ਼ਰਬੰਦਾਂ ਨੂੰ ਦਿਤੇ ਗਏ ਅਤੇ ਬਾਕੀਆਂ ਨੂੰ ਦਿਤੇ ਜਾਣ ਵਾਲੇ ਮੁਆਵਜ਼ੇ ਦੀ ਰਾਸ਼ੀ ਨੂੰ ਇਕਸਾਰ ਕੀਤਾ ਜਾਵੇ। 

ਉਨ੍ਹਾਂ ਕਿਹਾ ਕਿ ਸਾਡੇ ਧਿਆਨ ਵਿਚ ਆਇਆ ਹੈ ਕਿ ਅਦਾਲਤ ਦੇ ਫ਼ੈਸਲੇ ਅਨੁਸਾਰ ਪਟੀਸ਼ਨ ਦੀ ਤਰੀਕ ਤੋਂ ਵਿਆਜ਼ ਦੇਣ ਦੇ ਆਦੇਸ਼ ਕਾਰਨ ਅਪੀਲ-ਕਰਤਾਵਾਂ ਵਲੋਂ ਵਿਅਕਤੀਗਤ ਤੌਰ 'ਤੇ ਪਟੀਸ਼ਨ ਦਾਖ਼ਲ ਕਰਨ ਦੀਆਂ ਵੱਖ-ਵੱਖ ਤਰੀਕਾਂ ਤੋਂ ਵਿਆਜ਼ ਦਾ ਹਿਸਾਬ ਕੀਤਾ ਗਿਆ ਹੈ। ਅਜਿਹਾ ਕਰਨ ਨਾਲ ਵੱਖ-ਵੱਖ ਸਾਥੀਆਂ ਦੇ ਮੁਆਵਜ਼ੇ ਦੀ ਰਕਮ ਵਿਚ ਵੱਡਾ ਫ਼ਰਕ ਪੈ ਗਿਆ ਹੈ।

ਉਨ੍ਹਾਂ ਦਸਿਆ ਕਿ ਇਸ ਕਾਰਨ ਕਈ ਨਜ਼ਰਬੰਦਾਂ ਨੂੰ ਤਿੰਨ ਲੱਖ ਤਕ ਘੱਟ ਰਾਸ਼ੀ ਮਿਲੇਗੀ ਜੋ ਕਿ ਨਿਹਾਇਤ ਬੇਇਨਸਾਫ਼ੀ ਹੈ। ਉਨ੍ਹਾਂ ਕਿਹਾ ਕਿ ਮੇਰੇ ਵਰਗੇ ਨੌਕਰੀਪੇਸ਼ਾ ਜਾਂ ਸਾਡੇ ਉਹ ਸਾਥੀ ਜਿਹੜੇ ਸਿਆਸਤ ਵਿਚ ਪੈਰ ਜਮਾ ਚੁਕੇ ਹਨ, ਨੂੰ ਤਾਂ ਅਜਿਹੇ ਵਾਧੇ-ਘਾਟੇ ਨਾਲ ਕੋਈ ਜ਼ਿਆਦਾ ਫ਼ਰਕ ਨਹੀਂ ਪੈਂਦਾ ਪਰ ਸਾਡੇ ਉਨ੍ਹਾਂ ਭਰਾਵਾਂ ਜਾਂ ਉਨ੍ਹਾਂ ਦੀਆਂ ਵਾਰਸ ਮਾਤਾਵਾਂ, ਭੈਣਾਂ, ਜੀਵਨ-ਸਾਥਣਾਂ, ਬਜ਼ੁਰਗਾਂ ਜਿਨ੍ਹਾਂ ਦੀ ਆਰਥਕ ਸਥਿਤੀ ਬੇਹੱਦ ਪਤਲੀ ਜਾਂ ਡਾਵਾਂਡੋਲ ਹੈ, ਲਈ ਇਹ ਪਾੜਾ ਵੱਡਾ ਮਾਲੀ ਘਾਟਾ ਹੈ ਜੋ ਉਨ੍ਹਾਂ ਲਈ ਮਾਨਸਿਕ ਪੀੜਾ ਦਾ ਸਬੱਬ ਬਣੇਗਾ।

ਉਨ੍ਹਾਂ ਮੰਗ ਕੀਤੀ ਕਿ 40 ਨਜ਼ਰਬੰਦਾਂ ਨੂੰ ਦਿਤੀ ਗਈ ਰਾਸ਼ੀ ਵਿਚਲੀ ਇਹ ਬੇਕਾਇਦਗੀ ਦਰੁਸਤ ਕਰ ਕੇ ਪ੍ਰਭਾਵਤ ਵਿਅਕਤੀਆਂ ਨੂੰ ਬਕਾਇਆ ਰਕਮ ਤੁਰਤ ਅਦਾ ਕੀਤੀ ਜਾਵੇ।ਉਨ੍ਹਾਂ ਮੁੱਖ ਮੰਤਰੀ ਵਲੋਂ ਮੁਆਵਜ਼ਾ ਦੇਣ ਲਈ ਕੀਤੀ ਦਲੇਰਾਨਾ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਜਦੋਂ ਕਿ ਮੁੱਖ ਮੰਤਰੀ ਨੇ ਅਪਣੇ ਪੱਧਰ 'ਤੇ ਹੀ ਸੱਭ ਨਜ਼ਰਬੰਦਾਂ ਨੂੰ ਇਕ-ਸਮਾਨ ਮੁਆਵਜ਼ਾ ਦੇਣ ਦਾ ਵੱਡਾ ਧੜੱਲੇਦਾਰ ਐਲਾਨ ਕਰ ਦਿਤਾ ਹੈ ਤਾਂ ਇਸ ਉਪਰੰਤ ਅਦਾਲਤੀ ਫ਼ੈਸਲੇ ਦੇ ਤਕਨੀਕੀ ਨੁਕਤਿਆਂ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ।