ਮਾਮਲਾ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪਾਂ ਦੇ ਗੁੰਮ ਹੋਣ ਦਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਗ੍ਰੰਥ ਸਾਹਿਬ ਦੇ ਪੁਰਤਾਨ ਸਰੂਪਾਂ ਦੀਆਂ 1400 ਪੰਡਾਂ ਵੀ ਰੀਕਾਰਡ 'ਚੋਂ ਗੁੰਮ ਹਨ : ਭਾਈ ਰਣਜੀਤ ਸਿੰਘ

Photo

ਸੰਗਰੂਰ, 1 ਅਗੱਸਤ (ਬਲਵਿੰਦਰ ਸਿੰਘ ਭੁੱਲਰ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ 2016 ਵਿਚ ਹੀ ਪਤਾ ਚਲ ਗਿਆ ਸੀ ਕਿ ਉਨ੍ਹਾਂ ਦੇ ਰੀਕਾਰਡ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਗਾਇਬ ਹਨ ਪਰ ਉਨ੍ਹਾਂ ਇਸ ਗੱਲ ਦੀ ਕਦੇ ਪ੍ਰਵਾਹ ਨਹੀਂ ਕੀਤੀ। ਇਹ ਵਿਚਾਰ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਵਲੋਂ ਉਕਤ 267 ਸਰੂਪ ਗੁੰਮ ਹੋ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੁਆਰਾ ਗੁਰਦਵਾਰਾ ਗੁਰਸਾਗਰ ਸਾਹਿਬ ਮਸਤੂਆਣਾ ਵਿਖੇ ਪਸ਼ਚਾਤਾਪ ਵਜੋਂ ਰਖਵਾਏ ਗਏ ਅਖੰਠ ਪਾਠ ਦੇ ਭੋਗ ਉਪਰੰਤ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਗਟ ਕੀਤੇ।

ਉਨ੍ਹਾਂ ਕਿਹਾ ਕਿ ਇਸ ਕਾਂਡ ਤੋਂ ਪਹਿਲਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਪੁਰਤਾਨ ਸਰੂਪਾਂ ਦੀਆਂ 1400 ਪੰਡਾਂ ਰੀਕਾਰਡ ਵਿਚੋਂ ਗੁੰਮ ਹਨ ਜਿਸ ਦੀ ਪੜਤਾਲ ਲਈ ਬਣਾਈ ਕਮੇਟੀ ਨੇ ਹੁਣ ਤਕ ਕੋਈ ਰੀਪੋਰਟ ਪੇਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲਗਾਤਾਰ ਗ਼ਲਤੀਆਂ ਕਰ ਰਹੀ ਹੈ ਜਿਸ ਦੀ ਅਣਗਹਿਲੀ ਦੌਰਾਨ ਪਹਿਲਾਂ ਵੀ ਗੁਰੂ ਗ੍ਰੰਥ ਸਾਹਿਬ ਦੇ 40 ਸਰੂਪ ਅਗਨ ਭੇਂਟ ਹੋ ਗਏ ਸਨ।

ਉਨ੍ਹਾਂ ਪ੍ਰੈਸ ਨਾਲ ਗੱਲ ਕਰਦਿਆਂ ਇਹ ਵੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਇਨ੍ਹਾਂ 267 ਸਰੂਪਾਂ ਦੇ ਗੁੰਮ ਹੋ ਜਾਣ ਤੋਂ ਬਾਅਦ ਇਹ ਪਸ਼ਚਾਤਾਪ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪੂਰੀ ਸਿੱਖ ਕੌਮ ਨੂੰ ਭਰੋਸੇ ਵਿਚ ਲੈ ਕੇ ਮਨਾਉਣਾ ਚਾਹੀਦਾ ਸੀ ਪਰ ਕਮੇਟੀ ਦਾ ਇਕੋ ਇਕ ਮਕਸਦ ਸਿਰਫ਼ ਬਾਦਲ ਪ੍ਰਵਾਰ ਨੂੰ ਬਚਾਉਣਾ ਹੈ ਅਤੇ ਸਿੱਖ ਸੰਗਤਾਂ ਦੇ ਅੱਖਾਂ ਵਿਚ ਘੱਟਾ ਪਾਉਣਾ ਹੈ। ਜਦੋਂ ਪੱਤਰਕਾਰਾਂ ਵਲੋਂ ਉਨ੍ਹਾਂ ਕੋਲੋਂ ਸੌਦਾ ਸਾਧ ਨੂੰ ਬਾਦਲਾਂ ਵਲੋਂ ਪੁਸ਼ਾਕ ਭੇਜਣ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਜਵਾਬ ਦਿਤਾ ਕਿ ਭਾਵੇਂ ਪੁਸ਼ਾਕ ਦਾ ਮਸਲਾ ਵੀ ਬਹੁਤ ਵੱਡਾ ਗੁਨਾਹ ਸੀ ਪਰ ਸਰੂਪਾਂ ਦੇ ਗੁੰਮ ਹੋ ਜਾਣ ਅਤੇ ਉਨ੍ਹਾਂ ਦੇ ਨਿਰਾਦਰ ਦਾ ਮਸਲਾ ਉਨ੍ਹਾਂ ਸਾਰਿਆਂ ਨਾਲੋਂ ਵੱਧ ਗੰਭੀਰ ਹੈ।