ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਦੇ ਹੰਗਾਮੇ ਬਾਅਦ ਡੇਰਾ ਪ੍ਰੇਮੀ ਇਕਜੁਟ ਹੋਣੇ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਚ ਸਪੱਸ਼ਟ ਤੌਰ 'ਤੇ ਪੰਜਾਬ 'ਚ ਵਾਪਰੇ ਬਰਗਾੜੀ ਬੇਅਦਬੀ ਕਾਂਡ ਵਿਚ ਡੇਰਾ ਸਮਰਥਕਾਂ ਦੇ ਨਾਮ ਸਾਹਮਣੇ ਆਉਣ.............

Sauda Dera

ਬਠਿੰਡਾ : ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਚ ਸਪੱਸ਼ਟ ਤੌਰ 'ਤੇ ਪੰਜਾਬ 'ਚ ਵਾਪਰੇ ਬਰਗਾੜੀ ਬੇਅਦਬੀ ਕਾਂਡ ਵਿਚ ਡੇਰਾ ਸਮਰਥਕਾਂ ਦੇ ਨਾਮ ਸਾਹਮਣੇ ਆਉਣ ਤੋਂ ਬਾਅਦ ਡੇਰਾ ਪ੍ਰੇਮੀ ਇਕਜੁਟ ਹੋਣੇ ਸ਼ੁਰੂ ਹੋ ਗਏ ਹਨ। ਸੂਬੇ ਦੀਆਂ ਕਈ ਸਿਆਸੀ ਪਾਰਟੀਆਂ ਵਲੋਂ ਇਸ ਕਾਂਡ 'ਚ ਡੇਰਾ ਮੁਖੀ ਰਾਮ ਰਹੀਮ ਨੂੰ ਵੀ ਤਲਬ ਕਰਨ ਦੀ ਮੰਗ ਕਰਨ ਦੇ ਚਲਦੇ ਡੇਰਾ ਪ੍ਰੇਮੀਆਂ ਦੀਆਂ ਕਮੇਟੀਆਂ ਨੇ ਅਗਲੀ ਰਣਨੀਤੀ ਤੈਅ ਕਰਨ ਲਈ ਗੁਪਤ ਮੀਟਿੰਗਾਂ ਸ਼ੁਰੂ ਕਰ ਦਿਤੀਆਂ ਹਨ। ਸੂਤਰਾਂ ਮੁਤਾਬਕ ਡੇਰਾ ਪ੍ਰੇਮੀਆਂ ਨੇ ਇਸ ਮੁਸੀਬਤ ਦਾ ਇਕਜੁਟ ਹੋ ਕੇ ਸਾਹਮਣਾ ਕਰਨ ਦਾ ਫ਼ੈਸਲਾ ਲਿਆ ਹੈ।

ਇਹੀਂ ਨਹੀਂ ਸੂਬੇ 'ਚ ਅਪਣੀ ਸਿਆਸੀ ਹੋਂਦ ਵਿਖਾਉਣ ਲਈ ਕਈ ਥਾਂ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਵੀ ਦਿਤੇ ਗਏ ਹਨ। ਦਸਣਾ ਬਣਦਾ ਹੈ ਕਿ ਬਠਿੰਡਾ ਸਹਿਤ ਮਾਲਵਾ ਪੱਟੀ ਦੇ ਕਈ ਪਿੰਡਾਂ 'ਚ ਸੌਦਾ ਸਾਧ ਦੇ ਪੁਤਲੇ ਫੂਕਣ ਦੀਆਂ ਸੂਚਨਾ ਮਿਲਣ 'ਤੇ ਡੇਰਾ ਪ੍ਰੇਮੀਆਂ ਨੇ ਅੰਦਰਖਾਤੇ ਇਸ ਦਾ ਵਿਰੋਧ ਪ੍ਰਗਟਾਇਆ ਹੈ। ਬੀਤੀ ਸ਼ਾਮ ਵੀ ਬਠਿੰਡਾ ਦੇ ਡੇਰਾ ਪ੍ਰੇਮੀਆਂ ਵਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਸੌਦਾ ਸਾਧ ਦੇ ਪੁਤਲੇ ਫੂਕਣ ਦੀਆਂ ਘਟਨਾਵਾਂ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਡੇਰੇ ਦੀ 45 ਮੈਂਬਰੀ ਕਮੇਟੀ ਦੇ ਆਗੂ ਗੁਰਦੇਵ ਸਿੰਘ ਦੀ ਅਗਵਾਈ ਹੇਠ ਸ਼ਾਮ ਕਰੀਬ ਸੱਤ ਵਜੇਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ 'ਤੇ ਪੁੱਜੇ ਡੇਰਾ ਪ੍ਰੇਮੀਆਂ ਨੇ ਸਿੱਧੇ ਤੌਰ 'ਤੇ ਬਲਜੀਤ ਸਿੰਘ ਦਾਦੂਵਾਲ ਸਹਿਤ ਹੋਰ ਗਰਮਖਿਆਲੀ ਧਿਰਾਂ 'ਤੇ ਦੋਸ਼ ਲਗਾਇਆ ਕਿ ਉਹ ਮਾਹੌਲ ਖ਼ਰਾਬ ਕਰ ਰਹੇ ਹਨ। ਡੀ.ਸੀ ਨੂੰ ਦਿਤੇ ਮੰਗ ਪੱਤਰ ਵਿਚ ਉਨ੍ਹਾਂ ਨੂੰ ਦਾਦੂਵਾਲ ਵਲੋਂ ਘੂਕਿਆਵਾਲੀ ਵਿਖੇ ਸੌਦਾ ਸਾਧ ਉਪਰ ਹਮਲਾ ਕਰਨ ਤੇ ਮੁੜ ਨੀਲੋਖੇੜੀ 'ਚ ਹਮਲਾ ਹੋਣ ਦਾ ਵੀ ਜ਼ਿਕਰ ਅਪਣੇ ਮੰਗ ਪੱਤਰ ਵਿਚ ਕੀਤਾ ਹੈ। ਡੇਰਾ ਵਫ਼ਦ ਨੇ ਦਾਅਵਾ ਕੀਤਾ ਕਿ ਡੇਰਾ ਮੁਖੀ ਤੇ ਉਸਦੇ ਪੈਰੋਕਾਰ ਸਮਾਜ ਭਲਾਈ ਕੰਮਾਂ ਵਿਚ ਲਿਪਤ ਹਨ

ਪ੍ਰੰਤੂ ਉਨ੍ਹਾਂ ਨੂੰ ਝੂਠਾ ਬਦਨਾਮ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਇੱਕ-ਦੋ ਮਹੀਨਿਆਂ ਤੋਂ ਮਾਲਵਾ ਪੱਟੀ 'ਚ ਡੇਰਾ ਪ੍ਰੇਮੀਆਂ ਦੇ ਪ੍ਰਭਾਵ ਵਾਲੇ ਨਾਮਚਰਚਾ ਘਰਾਂ ਵਿਚ ਵੀ ਖੁਲ੍ਹ ਕੇ ਸੰਗਤਾਂ ਪੁਜਣੀਆਂ ਸ਼ੁਰੂ ਹੋ ਗਈਆਂ ਹਨ। ਪਤਾ ਲੱਗਾ ਹੈ ਕਿ ਸੌਦਾ ਸਾਧ ਦੇ ਅੰਦਰ ਜਾਣ ਅਤੇ ਉਸ ਤੋਂ ਬਾਅਦ ਵਾਪਰੇ ਪੰਚਕੂਲਾ ਹਿੰਸਾ ਕਾਂਡ ਤੋਂ ਬਾਅਦ ਡੇਰੇ ਦੇ ਬਚੇ-ਖੁਚੇ ਪ੍ਰਬੰਧਕਾਂ ਨੇ ਹੇਠਲੇ ਪੱਧਰ 'ਤੇ ਪ੍ਰੇਮੀਆਂ ਨੂੰ ਇਕੱਠੇ ਕਰਨ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿਤੇ ਹਨ। ਹਾਲਾਂਕਿ ਬਦਲੇ ਹੋਏ ਮਾਹੌਲ ਵਿਚ ਡੇਰਾ ਪ੍ਰੇਮੀਆਂ ਵਲੋਂ ਹਰ ਕਦਮ ਬਹੁਤ ਹੀ ਸੋਚ ਸਮਝ ਕੇ ਚੁਕਿਆ ਜਾ ਰਿਹਾ ਹੈ। 

ਇਕ ਡੇਰਾ ਪ੍ਰੇਮੀ ਨੇ ਨਾਮ ਨਾਂ ਛਾਪਣ ਦੀ ਸ਼ਰਤ 'ਤੇ ਦਸਿਆ ਕਿ ਕੁੱਝ ਮਹੀਨੇ ਪਹਿਲਾਂ ਤੱਕ ਵੋਟਾਂ ਹਾਸਲ ਕਰਨ ਲਈ ਡੇਰੇ ਦੀ ਡੰਢੋਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਆਗੂ ਹੁਣ ਇਕ ਦੂਜੇ ਤੋਂ ਵੱਧ ਕੇ ਡੇਰਾ ਮੁਖੀ ਨੂੰ ਭੰਡਣ 'ਤੇ ਲੱਗੇ ਹੋਏ ਹਨ ਜਿਸ ਦਾ ਉਨ੍ਹਾਂ ਨੂੰ ਡਾਢਾ ਰੰਜ ਹੈ। ਹਾਲਾਂਕਿ ਇਕ ਡੇਰਾ ਆਗੂ ਨੇ ਇਸ ਗੱਲ ਨੂੰ ਵੀ ਸਵੀਕਾਰ ਕੀਤਾ ਕਿ ਡੇਰੇ ਦੀ ਸਿਆਸਤ ਵਿਚ ਦਖ਼ਲਅੰਦਾਜ਼ੀ ਨੇ ਕਾਫ਼ੀ ਨੁਕਸਾਨ ਕਰਵਾਇਆ ਹੈ।

Related Stories