ਲੰਡਨ ’ਚ ਭਾਰਤੀ ਮੂਲ ਦੇ ਸਿੱਖ ਦੀ ਕਾਰ ’ਤੇ ਖ਼ਾਲਿਸਤਾਨ ਸਮਰਥਕਾਂ ਵਲੋਂ ਗੋਲੀਬਾਰੀ
ਇਹ ਘਟਨਾ ਇੰਗਲੈਂਡ ਦੇ ਪੱਛਮੀ ਲੰਡਨ ਦੀ ਹੈ।
ਲੰਡਨ: ਕੈਨੇਡਾ ਅਤੇ ਭਾਰਤ ਵਿਚਾਲੇ ਚੱਲ ਰਹੇ ਕੂਟਨੀਤਕ ਤਣਾਅ ਦਰਮਿਆਨ ਯੂਰਪੀ ਦੇਸ਼ਾਂ ਵਿਚ ਵੀ ਖ਼ਾਲਿਸਤਾਨ ਸਮਰਥਕਾਂ ਵਲੋਂ ਭਾਰਤੀਆਂ ’ਤੇ ਹਮਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਇੰਗਲੈਂਡ ’ਚ ਖ਼ਾਲਿਸਤਾਨੀ ਵਿਰੋਧੀ ਸਿੱਖ ਦੀ ਕਾਰ ’ਤੇ ਅਤਿਵਾਦੀਆਂ ਨੇ ਗੋਲੀਆਂ ਚਲਾ ਦਿਤੀਆਂ। ਉਨ੍ਹਾਂ ਕਾਰ ਦੀ ਭੰਨਤੋੜ ਵੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪੀੜਤ ਨੇ ਪਹਿਲਾਂ ਵੀ ਦੋਸ਼ ਲਾਇਆ ਸੀ ਕਿ ਉਸ ਨੂੰ ਖ਼ਾਲਿਸਤਾਨੀ ਅਨਸਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਇਹ ਘਟਨਾ ਇੰਗਲੈਂਡ ਦੇ ਪੱਛਮੀ ਲੰਡਨ ਦੀ ਹੈ।
ਵਿਦੇਸ਼ੀ ਮੀਡੀਆ ਅਨੁਸਾਰ ਬ੍ਰਿਟਿਸ਼ ਹਿੰਦੂ ਸਮਰਥਤ ਇਨਸਾਈਟਯੂਕੇ-2 ਨੇ ਟਵਿੱਟਰ ’ਤੇ ਇਕ ਵੀਡੀਉ ਪੋਸਟ ਕੀਤਾ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਹਰਮਨ ਸਿੰਘ ਕਪੂਰ ਦੀ ਕਾਰ ’ਤੇ ਗੋਲੀਬਾਰੀ ਕੀਤੀ।
ਵੀਡੀਉ ਵਿਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਅਣਪਛਾਤੇ ਹਮਲਾਵਰ ਕਪੂਰ ਦੇ ਪ੍ਰਵਾਰਕ ਮੈਂਬਰਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਬਲਾਤਕਾਰ ਦੀਆਂ ਧਮਕੀਆਂ ਵੀ ਦਿਤੀਆਂ ਜਾ ਰਹੀਆਂ ਹਨ। ਹਾਲਾਂਕਿ ਲੰਡਨ ਪੁਲਿਸ ਨੇ ਅਜੇ ਤਕ ਕੋਈ ਰਸਮੀ ਬਿਆਨ ਨਹੀਂ ਦਿਤਾ ਹੈ।