ਸਿੱਖ ਧਰਮ ’ਚ ਸਤਿਕਾਰ ਨਾਲ ਲਿਆ ਜਾਂਦੈ ਭਗਤ ਨਾਮਦੇਵ ਜੀ ਦਾ ਨਾਮ
ਗੁਰੂ ਗ੍ਰੰਥ ਸਾਹਿਬ ’ਚ ਦਰਜ ਐ ਭਗਤ ਨਾਮਦੇਵ ਜੀ ਦੀ ਬਾਣੀ
- ਮੱਖਣ ਸ਼ਾਹ
ਮੋਬਾ : 95927-81512
ਸ਼੍ਰੋਮਣੀ ਭਗਤ ਨਾਮਦੇਵ ਜੀ ਉਹ ਮਹਾਨ ਸ਼ਖ਼ਸੀਅਤ ਹਨ, ਜਿਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਸ਼ਾਮਲ ਹੋਣ ਦਾ ਮਾਣ ਹਾਸਲ ਐ। ਇਸੇ ਕਰਕੇ ਸਿੱਖ ਧਰਮ ਵਿਚ ਵੀ ਆਪ ਜੀ ਦਾ ਨਾਮ ਬਹੁਤ ਆਦਰ ਅਤੇ ਸਤਿਕਾਰ ਦੇ ਨਾਲ ਲਿਆ ਜਾਂਦੈ। ਭਗਤ ਨਾਮਦੇਵ ਜੀ ਨੇ ਜਾਤ-ਪਾਤ, ਊਚ-ਨੀਚ ਤੇ ਵਹਿਮਾਂ-ਭਰਮਾਂ ਦਾ ਜ਼ੋਰਦਾਰ ਖੰਡਨ ਕੀਤਾ ਤੇ ਨਾਮ ਸਿਮਰਨ ਕਰਕੇ ਇਨਸਾਨ ਨੂੰ ਉੱਚੇ-ਸੁੱਚੇ ਗੁਣਾਂ ਦਾ ਧਾਰਨੀ ਹੋਣ ਦਾ ਸੰਦੇਸ਼ ਦਿੱਤਾ। ਸੋ ਆਓ ਉਨ੍ਹਾਂ ਦੇ ਜੀਵਨ ਇਤਿਹਾਸ ’ਤੇ ਇਕ ਝਾਤ ਮਾਰਦੇ ਆਂ।
ਸ਼੍ਰੋਮਣੀ ਭਗਤ ਨਾਮਦੇਵ ਜੀ ਦਾ ਜਨਮ ਪਿੰਡ ਨਰਸੀ ਬਾਮਨੀ, ਜ਼ਿਲ੍ਹਾ ਸਤਾਰਾ (ਮਹਾਰਾਸ਼ਟਰ) ਵਿਖੇ ਮਾਤਾ ਗੋਨੀ ਬਾਈ ਦੀ ਕੁੱਖੋਂ ਅਤੇ ਪਿਤਾ ਦਾਮਸ਼ੇਟ ਦੇ ਗ੍ਰਹਿ ਵਿਖੇ 1270 ਈਸਵੀ ਵਿਚ ਹੋਇਆ। ਬਚਪਨ ਤੋਂ ਹੀ ਆਪ ਜੀ ਦਾ ਸੁਭਾਅ ਸਾਦਗੀ ਤੇ ਭਗਤੀ ਵਾਲਾ ਸੀ। ਆਪ ਜੀ ਦੇ ਪਿਤਾ ਚਾਹੁੰਦੇ ਸੀ ਕਿ ਉਨ੍ਹਾਂ ਦਾ ਪੁੱਤਰ ਖ਼ੁਦ ਵਪਾਰ ਕਰ ਕੇ ਗ੍ਰਹਿਸਥੀ ਜੀਵਨ ਬਤੀਤ ਕਰੇ। ਜਿਸ ਦੇ ਚਲਦਿਆਂ ਆਪ ਜੀ ਨੇ ਕੱਪੜੇ ਰੰਗਣ ਦੀ ਕਿਰਤ ਕਰਦਿਆਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ। ਆਪ ਵਿਸ਼ੋਭਾ ਖੇਤਰ ਨੂੰ ਗੁਰੂ ਧਾਰਨ ਕਰ ਕੇ ਕੱਪੜੇ ਰੰਗਣ ਦੇ ਨਾਲ-ਨਾਲ ਆਪਣੇ ਮਨ ਨੂੰ ਵੀ ਪ੍ਰਮਾਤਮਾ ਦੀ ਭਗਤੀ ਵਿਚ ਰੰਗਦੇ ਰਹੇ।
ਆਪ ਜੀ ਦਾ ਵਿਆਹ ਗੋਬਿੰਦਸੇਟੀ ਜੀ ਦੀ ਪੁੱਤਰੀ ਬੀਬੀ ਰਾਜਾ ਬਾਈ ਦੇ ਨਾਲ ਹੋਇਆ, ਜਿਨ੍ਹਾਂ ਦੀ ਕੁੱਖ ਤੋਂ ਚਾਰ ਪੁੱਤਰ ਨਰਾਇਣ, ਮਹਾਂਦੇਵ, ਗੋਬਿੰਦ ਅਤੇ ਵਿੱਠਲ ਅਤੇ ਇਕ ਬੇਟੀ ਲਿੰਬਾ ਬਾਈ ਨੇ ਜਨਮ ਲਿਆ। ਸ਼ੁਰੂਆਤੀ ਕਾਲ ਵਿਚ ਆਪ ਜੀ ਸ਼ਿਵ ਅਤੇ ਵਿਸ਼ਨੂੰ ਦੇ ਭਗਤ ਮੰਨੇ ਜਾਂਦੇ ਰਹੇ ਪਰ ਆਤਮ ਗਿਆਨੀ ਵਿਸੋਬਾ ਖੇਚਰ ਅਤੇ ਗਿਆਨਦੇਵ ਜੀ ਦੀ ਸੰਗਤ ਨਾਲ ਨਿਰੰਕਾਰ ਰੱਬ ਦੇ ਸੇਵਕ, ਜਾਤ ਪਾਤ ਦੀ ਨਿਖੇਧੀ ਕਰਨ ਵਾਲੇ ਅਤੇ ਧਾਰਮਿਕ ਪੱਖਪਾਤ ਦੀ ਵਿਰੋਧਤਾ ਦੇ ਹਮਾਇਤੀ ਬਣ ਗਏ। ਇਤਿਹਾਸਕਾਰਾਂ ਮੁਤਾਬਕ ਗਿਆਨੇਸ਼ਵਰ ਜੀ ਤੋਂ ਆਪ 5 ਸਾਲ ਵੱਡੇ ਸੀ, ਜਿਸ ਕਰਕੇ ਆਪ ਜੀ ਨੇ ਵਿਸੋਬਾ ਖੇਚਰ ਨੂੰ ਆਪਣਾ ਗੁਰੂ ਸਵੀਕਾਰ ਕਰ ਲਿਆ ਸੀ। ਇਸ ਮਗਰੋਂ ਆਪ ਜੀ ਨੇ ਸੰਤ ਗਿਆਨੇਸ਼ਵਰ ਜੀ ਨਾਲ ਮਿਲ ਕੇ ਪੂਰੇ ਮਹਾਰਾਸ਼ਟਰ ਦੀ ਯਾਤਰਾ ਕੀਤੀ ਅਤੇ ਲੋਕਾਂ ਨੂੰ ਪ੍ਰਭੂ ਭਗਤੀ ਦਾ ਪਾਠ ਪੜ੍ਹਾਇਆ।
ਭਗਤ ਨਾਮਦੇਵ ਜੀ ਨੂੰ ਆਪਣੇ ਜੀਵਨ ’ਚ ਬ੍ਰਾਹਮਣਾਂ, ਪੁਜਾਰੀਆਂ ਅਤੇ ਸਮੇਂ ਦੇ ਹੁਕਮਰਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਇਸ ਦਾ ਡਟਵਾਂ ਵਿਰੋਧ ਕੀਤਾ ਅਤੇ ਮਿਹਨਤਕਸ਼ ਲੋਕਾਂ ਤੇ ਗ਼ਰੀਬ ਕਿਰਤੀਆਂ ਦਾ ਪੱਖ ਪੂਰਿਆ। ਭਗਤ ਜੀ ਦਾ ਸਤਿਕਾਰ ਦਿਨੋਂ-ਦਿਨ ਵੱਧਦਾ ਚਲਾ ਗਿਆ। ਈਰਖਾਲੂ ਲੋਕਾਂ ਨੂੰ ਇਹ ਬਰਦਾਸ਼ਤ ਨਹੀਂ ਸੀ ਹੋ ਰਿਹਾ। ਉਨ੍ਹਾਂ ਨੇ ਭਗਤ ਨਾਮਦੇਵ ਜੀ ਦਾ ਅਪਮਾਨ ਕਰਨ ’ਚ ਕੋਈ ਕਸਰ ਨਹੀਂ ਛੱਡੀ, ਇਥੋਂ ਤੱਕ ਕਿ ਉਨ੍ਹਾਂ ਨੂੰ ਨਾਮ-ਸਿਮਰਨ ਤੋਂ ਰੋਕਦਿਆਂ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਬੇਵਸੀ ਤੇ ਮਾਯੂਸੀ ਨਾਲ ਆਪ ਕੰਬਲੀ ਮੋਢੇ ’ਤੇ ਰੱਖ ਕੇ ਮੰਦਰ ਦੇ ਪਿਛਲੇ ਪਾਸੇ ਬੈਠ ਕੇ ਪ੍ਰਭੂ ਦਾ ਗੁਣਗਾਨ ਕਰਨ ਲੱਗੇ,, ਪਰ ਆਪ ਜੀ ਨੂੰ ਉਥੇ ਬੈਠਿਆਂ ਹੀ ਪ੍ਰਮਾਤਮਾ ਦੇ ਦਰਸ਼ਨ ਹੋ ਗਏ।
ਇਤਿਹਾਸਕਾਰਾਂ ਮੁਤਾਬਕ ਭਗਤ ਨਾਮਦੇਵ ਜੀ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਤੋਂ ਲਗਪਗ 200 ਸਾਲ ਪਹਿਲਾਂ ਹੋਏ ਸਨ। ਉਸ ਸਮੇਂ ਸਮਾਜ ’ਚ ਜਾਤਾਂ-ਪਾਤਾਂ ਦਾ ਜ਼ੋਰ ਸੀ। ਉੱਚੀ ਜਾਤ ਵਾਲੇ ਕਥਿਤ ਨੀਵੀਂ ਜਾਤ ਦੇ ਲੋਕਾਂ ਦਾ ਤ੍ਰਿਸਕਾਰ ਕਰਦੇ ਸਨ ਪਰ ਆਪ ਜੀ ਨੇ ਜਾਤ-ਪਾਤ, ਊਚ-ਨੀਚ ਤੇ ਵਹਿਮਾਂ-ਭਰਮਾਂ ਦਾ ਜ਼ੋਰਦਾਰ ਖੰਡਨ ਕੀਤਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤਾ, ਜਿਸ ਦੇ ਚਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪ ਜੀ ਦੇ 61 ਸ਼ਬਦਾਂ ਨੂੰ 18 ਰਾਗਾਂ ’ਚ ਦਰਜ ਕੀਤਾ ਗਿਆ ਏ। ਆਪ ਦੀ ਮਰਾਠੀ ਭਾਸ਼ਾ ’ਚ ਰਚੀ ’ਨਾਮਦੇਵ ਦੀ ਸਾਖੀ’, ‘ਸੋਰਠਿ ਰਾਗ ਦਾ ਪਦਾ’ ਤੇ ‘ਭਗਤ ਨਾਮਦੇਵ ਜੀ ਕਾ ਪਦਾ’ ਨਾਮੀ ਤਿੰਨ ਰਚਨਾਵਾਂ ਬਾਰੇ ਜਾਣਕਾਰੀ ਮਿਲਦੀ ਐ, ਜਿਸ ਵਿਚ ਆਪ ਜੀ ਨੇ ਪ੍ਰਮਾਤਮਾ ਦੇ ਨਿਰਗੁਣ ਤੇ ਸਰਗੁਣ ਸਰੂਪ ਦਾ ਵਰਨਣ ਕੀਤਾ ਏ।
ਇਸ ਤੋਂ ਬਾਅਦ ਭਗਤ ਨਾਮਦੇਵ ਜੀ ਮਹਾਰਸ਼ਟਰ ਤੋਂ ਆ ਕੇ ਸੰਗਤਾਂ ਨੂੰ ਨਾਮ-ਸਿਮਰਨ ਨਾਲ ਜੋੜਨ ਤੇ ਹੱਕ ਦੀ ਕਿਰਤ ਕਰਨ ਦਾ ਸੰਦੇਸ਼ ਦਿੰਦੇ ਹੋਏ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਨਗਰ ਘੁਮਾਣ ਵਿਖੇ ਆਏ। ਘੁਮਾਣ ਨੇੜੇ ਛੋਟਾ ਜਿਹਾ ਪਿੰਡ ਭੱਟੀਵਾਲ ਵੀ ਭਗਤ ਨਾਮਦੇਵ ਜੀ ਦੀ ਚਰਨ-ਛੋਹ ਪ੍ਰਾਪਤ ਹੈ। ਉੱਥੋਂ ਦੇ ਕੁਝ ਲੋਕਾਂ ਨੇ ਭਗਤ ਜੀ ਦੀ ਪ੍ਰੀਖਿਆ ਲੈਣ ਲਈ ਕਈ ਸਵਾਲ ਕੀਤੇ। ਭਗਤ ਜੀ ਨੇ ਅਡੋਲ ਹੋ ਕੇ ਉਨ੍ਹਾਂ ਦੇ ਉੱਤਰ ਦਿੱਤੇ। ਇਸੇ ਅਸਥਾਨ ’ਤੇ ਭਗਤ ਜੀ ਨੇ ਲੱਕੜੀ ਦੀ ਬਣੀ ਖੂੰਡੀ ਜ਼ਮੀਨ ’ਚ ਲਗਾ ਦਿੱਤੀ, ਜੋ ਬਾਅਦ ’ਚ ਹਰੀ ਹੋ ਗਈ ਸੀ। ਇਥੇ ਗੁਰਦੁਆਰਾ ਖੂੰਡੀ ਸਾਹਿਬ ਮੌਜੂਦ ਐ। ਇਸ ਤੋਂ ਇਲਾਵਾ ਗੁਰਦੁਆਰਾ ਖੂਹ ਸਾਹਿਬ ਵੀ ਸ਼ੁਸ਼ੋਭਿਤ ਐ, ਜਿੱਥੇ ਭਗਤ ਜੀ ਨੇ ਆਪਣੇ ਹੱਥੀਂ ਖੂਹ ਲਗਵਾਇਆ ਸੀ। ਇਸ ਤੋਂ ਇਲਾਵਾ ਘੁਮਾਣ ਨਗਰ ਦੀ ਹਦੂਦ ਵਿਚ ਬਣਿਆ ਭਗਤ ਜੀ ਨਾਲ ਸਬੰਧਤ ਗੁਰਦੁਆਰਾ ਤਪਿਆਣਾ ਸਾਹਿਬ ਉਹ ਅਸਥਾਨ ਐ, ਜਿੱਥੇ ਭਗਤ ਜੀ ਨੇ ਲੰਬਾ ਸਮਾਂ ਪ੍ਰਭੂ ਭਗਤੀ ਕੀਤੀ,, ਜਿੱਥੇ ਆਲੀਸ਼ਾਨ ਨੌਂ ਮੰਜ਼ਿਲਾ ਗੁਰਦੁਆਰਾ ਭੋਰਾ ਸਾਹਿਬ ਵੀ ਬਣਿਆ ਹੋਇਆ ਏ।
ਇਸੇ ਦੌਰਾਨ ਇਕ ਘਟਨਾ ਵਾਪਰੀ, ਜਦੋਂ ਕੇਸ਼ੋਦਾਸ ਨਾਂ ਦਾ ਇਕ ਕੋਹੜੀ ਜ਼ਿੰਦਗੀ ਤੋਂ ਤੰਗ ਹੋ ਕੇ ਆਤਮ ਹੱਤਿਆ ਕਰਨ ਲੱਗਿਆ ਸੀ ਤਾਂ ਭਗਤ ਨਾਮਦੇਵ ਜੀ ਨੇ ਉਸ ਨੂੰ ਇਕ ਛੱਪੜੀ ’ਚ ਇਸ਼ਨਾਨ ਕਰਨ ਲਈ ਕਿਹਾ, ਜਿਸ ਤੋਂ ਬਾਅਦ ਉਹ ਨੌਂ ਬਰ ਨੌਂ ਹੋ ਗਿਆ। ਨਗਰ ਘੁਮਾਣ ਵਿਖੇ ਭਗਤ ਨਾਮਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਬਿਤਾਏ, ਜਿਸ ਨੂੰ ਅੱਜ ’ਨਾਮਦੇਵ ਨਗਰ’ ਦੇ ਨਾਂ ਨਾਲ ਵੀ ਜਾਣਿਆ ਜਾਂਦੈ। ਇੱਥੇ ਹੀ ਉਨ੍ਹਾਂ ਨੇ 80 ਸਾਲ ਦੀ ਉਮਰ ਭੋਗਦਿਆਂ 1350 ਈਸਵੀ ਨੂੰ ਆਖ਼ਰੀ ਸਾਹ ਲਏ ਅਤੇ ਸਦਾ ਲਈ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ। ਮੌਜੂਦਾ ਸਮੇਂ ਇਸ ਅਸਥਾਨ ’ਤੇ ਸੰਗਤਾਂ ਦੂਰੋਂ-ਦੂਰੋਂ ਦਰਸ਼ਨ ਕਰਨ ਲਈ ਆਉਂਦੀਆਂ ਨੇ।