ਬਾਦਲ ਪ੍ਰਵਾਰ ਭਾਜਪਾ ਨਾਲ ਨਾਤਾ ਤੋੜੇ : ਫੂਲਕਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

'ਬੀਬੀ ਹਰਸਿਮਰਤ ਕੌਰ ਦੇ ਅਸਤੀਫ਼ੇ ਦੇ ਫ਼ੈਸਲੇ ਬਾਰੇ ਸ਼੍ਰੋਮਣੀ ਅਕਾਲੀ ਦਲ ਫ਼ੈਸਲਾ ਲੈ ਸਕਦੈ, ਅਸੀਂ ਨਹੀਂ'.........

H S Phoolka

ਧਨੌਲਾ  : ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਐਚ.ਐਸ. ਫੂਲਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸੇ ਵੀ ਸਿਆਸੀ ਪਾਰਟੀ ਨੂੰ ਕਿਸੇ ਵੀ ਧਾਰਮਕ ਧਾਮਾਂ ਵਿਚ ਦਖ਼ਲਅੰਦਾਜ਼ੀ ਦਾ ਕੋਈ ਵੀ ਅਧਿਕਾਰ ਨਹੀਂ। ਇਹ ਦਖ਼ਲਅੰਦਾਜ਼ੀ ਪੂਰਨ ਤੌਰ 'ਤੇ ਬੰਦ ਹੋਣੀ ਚਾਹੀਦੀ ਹੈ। ਫੂਲਕਾ ਨੇ ਕਿਹਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਕਿਸੇ ਕਾਨੂੰਨ ਵਿਚ ਤਬਦੀਲੀ ਕਰਨ ਦੀ ਲੋੜ ਪਵੇ ਤਾਂ ਉਹ ਪਾਰਲੀਮੈਂਟ ਵਿਚ ਹੋਵੇ ਬਾਸ਼ਰਤ ਸਿੱਖਾਂ ਦੀ ਇਸ ਵਿਚ ਵੱਡੀ ਸ਼ਮੂਲੀਅਤ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਗੁਰਧਾਮਾਂ ਵਿਚ ਦਖ਼ਲਅੰਦਾਜ਼ੀ ਨੂੰ ਲੈ ਕੇ ਰੌਲਾ ਪਾਉਣ ਵਾਲਾ ਅਕਾਲੀ ਦਲ ਪਹਿਲਾਂ ਭਾਜਪਾ ਨਾਲ ਨਾਤਾ ਤੋੜੇ ਪ੍ਰੰਤੂ ਬਾਦਲ ਪ੍ਰਵਾਰ ਵਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ ਸਗੋਂ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਡਰਾਮਾ ਰਚ ਰਿਹਾ ਹੈ। ਜਦੋਂ ਕਿ ਰੌਲਾ ਪਾਉਣ ਵਾਲੇ ਬਾਦਲ ਪ੍ਰਵਾਰ ਦਾ ਐਨ.ਡੀ.ਏ ਸਰਕਾਰ ਨਾਲ ਨਹੁੰ ਮਾਸ ਦਾ ਰਿਸਤਾ ਰਿਹਾ ਹੈ। ਰਿਸ਼ਤਾ ਹੋਣ ਦੇ ਬਾਵਜੂਦ ਵੀ ਇਹ ਦਖ਼ਲਅੰਦਾਜ਼ੀ ਕਿੰਨੀ ਕੁ ਸਹੀ ਹੈ, ਇਹ ਬਾਦਲ ਪ੍ਰਵਾਰ ਭਲੀਭਾਂਤ ਜਾਣਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਭਾਜਪਾ ਨਾਲ ਅਕਾਲੀਆਂ ਦਾ ਗਠਜੋੜ ਰਿਹਾ ਹੈ

ਇਸੇ ਦੌਰਾਨ ਕਈ ਪੰਥਕ ਜਥੇਬੰਦੀਆਂ ਨੇ ਅਕਾਲੀ ਦਲ ਨੂੰ ਗੁਰਧਾਮਾਂ ਅੰਦਰ ਦਖ਼ਲਅੰਦਾਜ਼ੀ ਨੂੰ ਲੈ ਕੇ ਅਗਾਹ ਕੀਤਾ ਸੀ, ਪ੍ਰੰਤੂ ਭਾਜਪਾ ਨਾਲ ਘਿਉ ਖਿਚੜੀ ਹੋਏ ਬਾਦਲ ਪ੍ਰਵਾਰ ਨੇ ਇਸ ਵਲ ਉਕਾ ਧਿਆਨ ਨਹੀਂ ਦਿਤਾ ਜਿਸ ਦਾ ਸਿੱਟਾ ਅੱਜ ਤੁਹਾਡੇ ਸਾਹਮਣੇ ਹੈ। ਉਧਰ ਗੁਰਧਾਮਾਂ ਵਿਚ ਦਖ਼ਲਅੰਦਾਜ਼ੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਪੋਕਸਮੈਨ ਨੂੰ ਵਿਸ਼ੇਸ਼ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਖਾਂ ਦੇ ਗੁਰਧਾਮਾਂ ਵਿਚ ਬਾਹਰੀ ਤਾਕਤਾਂ ਦੀ ਦਖ਼ਲਅੰਦਾਜ਼ੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਗੋਂ ਇਸ ਲਈ ਸਾਨੂੰ ਕੋਈ ਵੀ ਕੁਰਬਾਨੀ ਦੇਣ ਦੀ ਲੋੜ ਪਈ ਤਾਂ ਅਸੀਂ ਤਿਆਰ ਬਰ ਤਿਆਰ ਬੈਠੇ ਹਾਂ।

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਜਦੋਂ ਅਕਾਲੀ ਭਾਜਪਾ ਗਠਜੋੜ ਦਾ ਹਵਾਲਾ ਦਿਤਾ ਤਾਂ ਉਨ੍ਹਾਂ ਕਿਹਾ ਕਿ ਸਾਡੇ ਗੁਰਧਾਮਾਂ ਵਿਚ ਰਾਜਨੀਤਕ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਸਿਆਸੀ ਗਠਜੋੜ ਹੈ ਪ੍ਰੰਤੂ ਸ਼੍ਰੋਮਣੀ ਕਮੇਟੀ ਇਹ ਲੜਾਈ ਅਪਣੇ ਪੱਧਰ 'ਤੇ ਅਲੱਗ ਲੜ ਰਹੀ ਹੈ।  ਜਦੋਂ ਉਨ੍ਹਾਂ ਨੂੰ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਦੇਣ ਬਾਰੇ ਪੁਛਿਆ ਕਿ ਸਾਂਝਾ ਗਠਜੋੜ ਵਿਚ ਆਈਆਂ ਤਰੇੜਾਂ ਨੂੰ ਲੈ ਕੇ ਕੀ ਬੀਬੀ ਬਾਦਲ ਅਸਤੀਫ਼ਾ ਦੇਣਗੇ ਤਾਂ ਉਨ੍ਹਾਂ ਕਿਹਾ ਕਿ ਬੀਬੀ ਦੇ ਅਸਤੀਫ਼ੇ ਦੇ ਫ਼ੈਸਲੇ ਬਾਰੇ ਰਾਜਨੀਤਕ ਮੰਚ ਸ਼੍ਰੋਮਣੀ ਅਕਾਲੀ ਦਲ ਫ਼ੈਸਲਾ ਲੈ ਸਕਦਾ ਹੈ ਪਰ ਅਸੀਂ ਨਹੀਂ।