ਇੰਡੋ-ਕੈਨੇਡੀਅਨ ਮੈਂਬਰਾਂ ਨੇ ਕਾਮਾਗਾਟਾਮਾਰੂ ਮੁਸਾਫ਼ਰਾਂ ਦੀ ਯਾਦ 'ਚ ਸਿਰ ਨਿਵਾਏ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਥੋਂ ਦੇ ਸਮੁੰਦਰੀ ਤਟ 'ਤੇ ਕੋਲਹਾਰਬਰ ਵਿਖੇ ਜੁਲਾਈ 1914 'ਚ ਵਾਪਰੇ ਕਾਮਾਗਾਟਾਮਾਰੂ ਦੁਖਾਂਤ ਦੇ ਸਥਾਨ 'ਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਆਫ਼ ਕੈਨੇਡਾ ਦੇ....

Indo- canadian workers

 

ਵੈਨਕੂਵਰ,  26 ਜੁਲਾਈ (ਬਰਾੜ-ਭਗਤਾ ਭਾਈ ਕਾ) : ਇਥੋਂ ਦੇ ਸਮੁੰਦਰੀ ਤਟ 'ਤੇ ਕੋਲਹਾਰਬਰ ਵਿਖੇ ਜੁਲਾਈ 1914 'ਚ ਵਾਪਰੇ ਕਾਮਾਗਾਟਾਮਾਰੂ ਦੁਖਾਂਤ ਦੇ ਸਥਾਨ 'ਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਆਫ਼ ਕੈਨੇਡਾ ਦੇ ਮੈਂਬਰਾਨ ਸ਼ਹੀਦ ਮੁਸਾਫ਼ਰਾਂ ਦੀ ਯਾਦ 'ਚ ਸਿਰ ਨਿਵਾਏ ਹੋਏ।
ਇਸ ਮੌਕੇ ਐਸੋਸੀਏਸ਼ਨ ਦੇ ਚੀਫ਼ ਆਰਗੇਨਾਈਜ਼ਰ ਕੁਲਵੰਤ ਢੇਸੀ ਨੇ ਆਜ਼ਾਦੀ ਘੁਲਾਟੀਆਂ ਦੀ ਵਿਰਾਸਤ ਨੂੰ ਸੰਭਾਲਣ ਦੀ ਲੋੜ 'ਤੇ ਜ਼ੋਰ ਦਿਤਾ। ਐਸੋਸੀਏਸ਼ਨ ਨਾਲ ਗਈ ਬ੍ਰਿਟਿਸ਼ ਕੋਲੰਬੀਆਂ ਸੂਬੇ ਦੀ ਨਵੀਂ ਬਣੀ ਐਨ.ਡੀ.ਪੀ. ਸਰਕਾਰ 'ਚ ਸਿਟੀਜ਼ਨ ਸਰਵਿਸਜ਼ ਮੰਤਰੀ ਜਿੰਨੀ ਸਿੰਮਸ (ਜੋਗਿੰਦਰ ਕੌਰ) ਨੇ ਉਸ ਸਮੇਂ ਦੀ ਸਰਕਾਰ ਵਲੋਂ ਕੀਤੇ ਅਣਮਨੁੱਖੀ ਅਤੇ ਨਸਲੀ ਰਵਈਏ ਦੀ ਨਿਖੇਧੀ ਕਰਦਿਆਂ ਕਿਹਾ ਕਿ ਜੇ ਸਰਕਾਰ ਕਾਮਾਗਾਟਾਮਾਰੂ ਮੁਸਾਫ਼ਰਾਂ ਦੀਆਂ ਮੰਗਾਂ ਬਾਰੇ ਕੋਈ ਹੱਲ ਲੱਭਣ ਦੀ ਜ਼ਰਾ ਕੁ ਵੀ ਯਤਨ ਕਰਦੀ ਤਾਂ ਇਹ ਸ਼ਹੀਦੀ ਹਾਦਸਾ ਨਾ ਵਾਪਰਦਾ।
ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਢੇਸੀ ਅਤੇ ਸੁਰਜੀਤ ਸਿੰਘ ਭੱਟੀ ਨੇ ਇਸ ਦੁਖਾਂਤ ਦੀ ਇਤਿਹਾਸਕ ਘਟਨਾ ਬਾਰੇ ਵਿਸਥਾਰ ਸਹਿਤ ਦਸਿਆ ਕਿ ਕਿਹੜੇ ਹਾਲਾਤ 'ਚ ਕਾਮਾਗਾਟਾਮਾਰੂ ਦੇ ਮੁਸਾਫ਼ਰ ਇਥੋਂ ਮੁੜੇ ਅਤੇ ਜਾਂਦਿਆਂ ਨੂੰ ਕਲਕੱਤੇ ਦੀ ਬੰਦਰਗਾਹ 'ਤੇ ਗੋਲੀਆਂ ਨਾਲ ਭੁੰਨ ਸੁੱਟਿਆ।
ਕਾਮਾਗਾਟਾਮਾਰੂ ਦੇ ਮੁਸਾਫ਼ਰਾਂ ਦੀ ਯਾਦ ਨੂੰ ਸਿੰਜਦਾ ਕਰਨ ਲਈ ਵਰਕਰਜ਼ ਐਸੋਸੀਏਸ਼ਨ ਦੇ ਨਾਲ ਗਈ ਨਵੀਂ ਪੀੜ੍ਹੀ ਨੇ ਇਸ ਪ੍ਰੋਗਰਾਮ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਇਸ ਇਤਿਹਾਸਕ ਘਟਨਾ ਸਬੰਧੀ ਅਪਣੇ ਵਿਚਾਰ ਪੇਸ਼ ਕੀਤੇ।
ਯੂਨੀਵਰਸਟੀ ਆਫ਼ ਬੀ.ਸੀ. ਦੀ ਵਿਦਿਆਰਥਣ ਸ਼ੈਰੀ ਸੰਧੂ ਨੇ ਕਿਹਾ ਕਿ ਇਸ ਜੰਗੇ-ਆਜ਼ਾਦੀ ਇਤਿਹਾਸਕ ਵਿਰਸੇ ਨੂੰ ਪੀੜ੍ਹੀ ਦਰ ਪੀੜ੍ਹੀ ਸੰਭਾਲ ਲੈਣਾ ਸ਼ਹੀਦਾਂ ਨੂੰ ਸਦਾ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਅਖ਼ੀਰ 'ਚ ਸਭਾ ਦੇ ਸਕੱਤਰ ਹਰਿੰਦਰਜੀਤ ਸੰਧੂ ਨੇ ਸਮੂਹ ਮੈਂਬਰਾਨ ਦਾ ਇਸ ਸਥਾਨ 'ਤੇ ਸਿਰ ਝੁਕਾਉਣ ਲਈ ਧਨਵਾਦ ਕੀਤਾ।