ਕੁੱਝ ਅਧਿਕਾਰੀਆਂ ਈਦ ਗ਼ਲਤੀ ਕਾਰਨ ਖਰਾਬ ਹੋਇਆ ਕਮੇਟੀ ਦਾ ਅਕਸ: ਕਾਦੀਆਂ
ਕਾਦੀਆਂ ਨੇ ਮੰਗ ਕੀਤੀ ਕਿ ਇਨ੍ਹਾਂ ਕਰਮਚਾਰੀਆਂ ਨੂੰ ਨਿਯਮਤ ਕਰਨ ਲਈ ਚਾਰਾਜੋਈ ਕਰਨ ਦੀ ਲੋੜ ਹੈ।
ਤਰਨ ਤਾਰਨ, 2 ਅਪ੍ਰੈਲ (ਚਰਨਜੀਤ ਸਿੰਘ): ਸ਼੍ਰੋਮਣੀ ਕਮੇਟੀ ਵਿਚ 523 ਕਰਮਚਾਰੀਆਂ ਦੀਆਂ ਸੇਵਾਵਾਂ ਖ਼ਤਮ ਕੀਤੇ ਜਾਣ ਦਾ ਵਿਰੋਧ ਕਰਦਿਆਂ ਧਰਮੀ ਫ਼ੌਜੀ ਬਖ਼ਸ਼ੀਸ਼ ਸਿੰਘ ਕਾਦੀਆਂ ਨੇ ਕਿਹਾ ਹੈ ਕਿ ਕੁੱਝ ਅਧਿਕਾਰੀਆਂ ਦੀ ਗ਼ਲਤੀ ਕਾਰਨ ਸਿੱਖਾਂ ਵਿਚ ਕਮੇਟੀ ਦਾ ਅਕਸ ਖ਼ਰਾਬ ਹੋਇਆ ਹੈ। ਕਾਦੀਆਂ ਨੇ ਕਿਹਾ ਕਿ ਕੁੱਝ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੁੰਗਰ ਨੇ ਜੋ ਬੇਨਿਯਮੀਆਂ ਕਰ ਕੇ ਭਰਤੀਆਂ ਕੀਤੀਆਂ ਸਨ, ਉਸ ਨੇ ਬਡੁੰਗਰ ਵਰਗੇ ਵਿਦਵਾਨ ਦੇ ਵਕਾਰ ਨੂੰ ਦਾਅ ਤੇ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 523 ਪਰਵਾਰਾਂ ਦੇ ਮਨਾਂ ਵਿਚ ਅਵਿਸ਼ਵਾਸ ਦੀ ਭਾਵਨਾ ਪੈਦਾ ਹੋਈ ਹੈ। ਕਾਦੀਆਂ ਨੇ ਮੰਗ ਕੀਤੀ ਕਿ ਇਨ੍ਹਾਂ ਕਰਮਚਾਰੀਆਂ ਨੂੰ ਨਿਯਮਤ ਕਰਨ ਲਈ ਚਾਰਾਜੋਈ ਕਰਨ ਦੀ ਲੋੜ ਹੈ।
ਧਰਮੀ ਫ਼ੌਜੀਆਂ ਦੀਆਂ ਲਟਕਦੀਆਂ ਮੰਗਾਂ ਬਾਰੇ ਕਾਦੀਆਂ ਨੇ ਕਿਹਾ ਕਿ ਸਾਡੀ ਵਰਤੋਂ ਹਰ ਰਾਜਨੀਤਕ ਪਾਰਟੀ ਚੋਣਾਂ ਵੇਲੇ ਹੀ ਕਰਦੀ ਹੈ। ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਸਮੇਂ 'ਤੇ ਆਏ ਪ੍ਰਧਾਨ ਧਰਮੀ ਫ਼ੌਜੀਆਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਦਾ ਭਰੋਸਾ ਤਾਂ ਦਿਵਾਉਂਦੇ ਹਨ ਪਰ ਸਾਰਾ ਸਮਾਂ ਵਿਚਾਰ ਹੀ ਕਰਦੇ ਹਨ, ਧਰਮੀ ਫ਼ੌਜੀਆਂ ਦੀਆਂ ਮੰਗਾਂ 'ਤੇ ਕਦੇ ਵੀ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕਮੇਟੀ ਵਿਚ ਭਰਤੀ ਧਰਮੀ ਫ਼ੌਜੀਆਂ ਦੇ ਬੱਚਿਆਂ ਨੂੰ ਗਰੇਡ ਵਿਚ ਰਖਿਆ ਜਾਵੇ। ਧਰਮੀ ਫ਼ੌਜੀਆਂ ਨੂੰ ਐਲਾਨ ਕੀਤੇ 50 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕੀਤੇ ਜਾਵੇ, ਨਹੀ ਤਾਂ 15 ਅਪ੍ਰੈਲ ਤੋਂ ਉਹ ਕਮੇਟੀ ਦਫ਼ਤਰ ਦੇ ਬਾਹਰ ਧਰਨਾ ਦੇਣ ਲਈ ਮਜਬੂਰ ਹੋਣਗੇ।