ਚੀਫ਼ ਖਾਲਸਾ ਦੀਵਾਨ ਦਾ ਰੇੜਕਾ ਮੁੜ ਸੁਰਖ਼ੀਆਂ ਵਿਚ ਆਉਣ ਲਗਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜ਼ਿਮਨੀ ਚੋਣ ਵਿਚ ਪਾਈਆਂ ਗਈਆਂ ਪਤਿਤ ਵੋਟਾਂ ਦੀ ਜਾਂਚ ਕਰਵਾਈ ਜਾਵੇ

meeting

ਅੰਮ੍ਰਿਤਸਰ, 2 ਅਪ੍ਰੈਲ (ਸੁਖਵਿੰਦਰਜੀਤ ਸਿੰੰਘ ਬਹੋੜੂ): ਚੀਫ਼ ਖ਼ਾਲਸਾ ਦੀਵਾਨ ਦੀ 25 ਮਾਰਚ ਨੂੰ ਹੋਈ ਜ਼ਿਮਨੀ ਚੋਣ ਸਬੰਧੀ ਵਿਰੋਧੀ ਧਿਰ ਨੇ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਇਕ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਚੋਣ ਸਮੇਂ ਧਾਂਦਲੀਆਂ ਤੇ ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ। ਜ਼ਿਮਨੀ ਚੋਣ ਵਿਚ ਪਾਈਆਂ ਗਈਆਂ ਪਤਿਤ ਵੋਟਾਂ ਦੀ ਜਾਂਚ ਕਰਵਾਈ ਜਾਵੇ। ਜਥੇਦਾਰ ਨੇ ਕਿਹਾ ਕਿ ਪਤਿਤ ਵੋਟਾਂ ਪਵਾਉਣ ਤੇ ਧਾਂਦਲੀਆਂ ਹੋਣ ਲਈ ਚੋਣ ਅਧਿਕਾਰੀ ਦੋਸ਼ੀ ਹਨ ਤੇ ਇਕ ਮਹੀਨੇ ਦੇ ਅੰਦਰ ਜਾਂਚ ਕਰਵਾ ਕੇ ਨਿਯਮਾਂ ਤੇ ਮਰਿਆਦਾ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦੀਵਾਨ ਦੀ ਜ਼ਿਮਨੀ ਚੋਣ ਸਮੇਂ ਹੋਈਆ ਧਾਂਦਲੀਆ ਨੂੰ ਲੈ ਕੇ ਵਿਰੋਧੀ ਧਿਰ ਦੇ ਉਮੀਦਵਾਰ ਸ੍ਰ ਰਾਜਮਹਿੰਦਰ ਸਿੰਘ ਮਜੀਠੀਆ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਨਿਰਮਲ ਸਿੰਘ ਤੇ ਸਵਿੰਦਰ ਸਿੰਘ ਕੱਥੂਨੰਗਲ ਦੀ ਅਗਵਾਈ ਹੇਠ 11 ਮੈਂਬਰਾਂ ਨੇ ਸਕੱਤਰੇਤ ਅਕਾਲ ਤਖਤ ਸਾਹਿਬ ਵਿਖੇ ਪੱਤਰ ਦੇ ਕੇ ਮੰਗ ਕੀਤੀ ਕਿ 25 ਮਾਰਚ ਨੂੰ ਹੋਈ ਜ਼ਿਮਨੀ ਚੋਣ ਸਮੇਂ ਇਕ ਚੋਣ ਅਧਿਕਾਰੀ ਵਲੋਂ ਡਾ. ਸੰਤੋਖ ਸਿੰਘ ਦਾ ਪੱਖ ਪੂਰ ਕੇ ਪਤਿਤ ਮੈਂਬਰਾਂ ਦੀਆਂ ਧੋਖੇ ਨਾਲ ਵੋਟਾਂ ਪਵਾਈਆਂ ਗਈਆਂ ਤੇ ਜਿਸ ਰਸਤੇ ਆਮ ਵੋਟਰ ਪੋਲਿੰਗ ਏਜੰਟਾਂ ਕੋਲ ਹਾਜ਼ਰੀ ਲਗਵਾ ਕੇ ਜਾਂਦੇ ਸਨ, ਉਸ ਪਾਸੇ ਦੀ ਜਾਲਸਾਜ਼ੀ ਕਰਨ ਵਾਲੇ ਵੋਟਰਾਂ ਨੂੰ ਲਿਜਾਇਆ ਹੀ ਨਹੀਂ ਗਿਆ। ਪੱਤਰ ਵਿਚ ਉਨ੍ਹਾਂ ਲਿਖਿਆ ਕਿ 70 ਅਜਿਹੇ ਉਮੀਦਵਾਰ ਵੀ ਵੋਟਾਂ ਪਾਉਣ ਵਾਲਿਆਂ ਵਿਚ ਸ਼ਾਮਲ ਸਨ ਜਿਹੜੇ ਸੰਵਿਧਾਨ ਅਨੁਸਾਰ 12 ਮੀਟਿੰਗਾਂ ਵਿਚ ਹਿੱਸਾ ਨਹੀਂ ਲੈ ਸਕੇ ਤੇ ਉਨ੍ਹਾਂ ਦੀ ਮੈਂਬਰਸ਼ਿਪ ਅਪਣੇ ਆਪ ਰੱਦ ਹੋ ਜਾਂਦੀ, ਨੇ ਵੀ ਵੋਟਾਂ ਪਾਈਆ ਹਨ ਜੋ ਸਿੱਧੇ ਰੂਪ ਵਿਚ ਉਲੰਘਣਾ ਹੈ। ਪੱਤਰ ਵਿਚ ਇਹ ਵੀ ਜਾਣਕਾਰੀ ਦਿਤੀ ਗਈ ਕਿ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਵੀ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਤੇ ਡਾ. ਸੰਤੋਖ ਸਿੰਘ ਦੇ ਹੱਕ ਵਿਚ ਉਸ ਦੀ ਹਮਾਇਤ ਕੀਤੀ ਅਤੇ ਉਸ ਵਿਰੁਧ ਵੀ ਕਾਰਵਾਈ ਕੀਤੀ ਜਾਵੇ। ਬਾਅਦ ਵਿਚ ਗਿ. ਗੁਰਬਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਵੋਟਾਂ ਪਤਿਤਾਂ ਨੇ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਉਲੰਘਣਾ ਕਰ ਕੇ ਪਾਈਆਂ ਹਨ ਤਾਂ ਇਸ ਲਈ ਕੋਈ ਹੋਰ ਨਹੀਂ ਸਗੋ ਚੋਣ ਅਧਿਕਾਰੀ ਦੋਸ਼ੀ ਹਨ ਤੇ ਸਾਰਾ ਰੀਕਾਰਡ ਅਕਾਲ ਤਖ਼ਤ 'ਤੇ ਤਲਬ ਕਰ ਕੇ ਪੂਰੀ ਪੜਤਾਲ ਕਰ ਕੇ ਫ਼ੈਸਲਾ ਲਿਆ ਜਾਵੇਗਾ।