ਤਖ਼ਤ ਦਮਦਮਾ ਸਾਹਿਬ ਪੁੱਜਾ ਸ਼ਰਾਬ-ਮੀਤ ਦੀ ਵਿਕਰੀ ਦਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵਿਕਰੀ ਵਾਲੇ ਇਲਾਕੇ ਨਾਲ ਸਬੰਧਤ ਬੀਬੀਆਂ ਨੇ ਮੰਗ ਪੱਤਰ ਰਾਹੀਂ ਜਥੇਦਾਰ ਨੂੰ ਵਿਕਰੀ ਬੰਦ ਕਰਵਾਉਣ ਦੀ ਅਪੀਲ ਕੀਤੀ।

mang pattar

ਤਲਵੰਡੀ ਸਾਬੋ, 2 ਅਪ੍ਰੈਲ (ਗੁਰਸੇਵਕ ਮਾਨ): ਬੇਅੰਤ ਸਿੰਘ ਸਰਕਾਰ ਸਮੇਂ ਵਿਚ ਪਵਿੱਤਰ ਕਰਾਰ ਦਿਤੇ ਗਏ ਸਿੱਖ ਧਰਮ ਵਿਚ ਵਿਸ਼ੇਸ ਮਹੱਤਵ ਰੱਖਣ ਵਾਲੇ ਨਗਰ ਤਲਵੰਡੀ ਸਾਬੋ ਦੀ ਸੰਗਤ ਰੋਡ 'ਤੇ ਮੀਟ ਅਤੇ ਸ਼ਰਾਬ ਦੀ ਵਿਕਰੀ ਦਾ ਮਸਲਾ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਪੁੱਜਾ। ਵਿਕਰੀ ਵਾਲੇ ਇਲਾਕੇ ਨਾਲ ਸਬੰਧਤ ਬੀਬੀਆਂ ਨੇ ਮੰਗ ਪੱਤਰ ਰਾਹੀਂ ਜਥੇਦਾਰ ਨੂੰ ਵਿਕਰੀ ਬੰਦ ਕਰਵਾਉਣ ਦੀ ਅਪੀਲ ਕੀਤੀ।
ਬੀਬੀਆਂ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਪਿਛਲੇ ਸਮੇਂ ਤੋਂ ਸਰਕਾਰ ਨੇ ਉਕਤ ਨਗਰ ਦੇ ਧਾਰਮਕ ਅਤੇ ਇਤਿਹਾਸਕ ਮਹੱਤਵ ਨੂੰ ਵੇਖਦਿਆਂ ਇਸ ਨੂੰ ਪਵਿੱਤਰ ਸ਼ਹਿਰ ਕਰਾਰ ਦਿਤਾ ਹੋਇਆ ਹੈ ਤੇ ਉਸ ਦੇ ਬਾਅਦ ਤੋਂ ਹੀ ਨਗਰ ਦੀ ਹੱਦ ਅੰਦਰ ਸ਼ਰਾਬ ਅਤੇ ਮੀਟ ਦੀ ਵਿਕਰੀ 'ਤੇ ਪਾਬੰਦੀ ਲੱਗੀ ਹੋਈ ਹੈ ਪਰ ਪਿਛਲੇ ਸਮੇਂ ਤੋਂ ਸਥਾਨਕ ਸੰਗਤ ਰੋਡ 'ਤੇ ਜਿਥੇ ਮੀਟ ਦੀਆਂ ਦੁਕਾਨਾਂ ਚੱਲ ਰਹੀਆਂ ਹਨ, ਉਥੇ ਨਾਜਾਇਜ਼ ਸ਼ਰਾਬ ਦੀ ਵਿਕਰੀ ਵੀ ਜ਼ੋਰਾਂ ਨਾਲ ਹੋ ਰਹੀ ਹੈ ਜਿਸ ਕਾਰਨ ਤਖ਼ਤ ਪੁੱਜਣ ਵਾਲੀ ਸੰਗਤ ਦੇ ਹਿਰਦਿਆਂ ਨੂੰ ਠੇਸ ਪਹੁੰਚਦੀ ਹੈ। ਇਸ ਦੇ ਨਾਲ ਹੀ ਉਕਤ ਇਲਾਕੇ ਵਿਚ ਸ਼ਰਾਬੀ ਨਿੱਤ ਦਿਨ ਖਰੂਦ ਪਾਉਂਦੇ ਰਹਿੰਦੇ ਹਨ ਜਿਸ ਕਾਰਨ ਬੀਬੀਆਂ ਤੇ ਲੜਕੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਉਕਤ ਬੀਬੀਆਂ ਨੇ ਜਥੇਦਾਰ ਤੋਂ ਅਪਣਾ ਪ੍ਰਭਾਵ ਵਰਤ ਕੇ ਵਿਕਰੀ ਤੁਰਤ ਬੰਦ ਕਰਵਾਉਣ ਦੀ ਮੰਗ ਕੀਤੀ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਉਕਤ ਮਾਮਲੇ ਦੀ ਜਾਣਕਾਰੀ ਹਾਸਲ ਕਰ ਰਹੇ ਹਨ ਤੇ ਇਸ ਸਬੰਧੀ ਸਬੰਧਤ ਵਿਭਾਗਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨਗੇ ਤੇ ਇਸ ਵਿਕਰੀ 'ਤੇ ਪਾਬੰਦੀ ਲਵਾਉਣ ਲਈ ਕੋਸ਼ਿਸ਼ ਕੀਤੀ ਜਾਵੇਗੀ।