ਕਿਤਾਬ ਮਾਮਲੇ 'ਤੇ ਸਬ ਕਮੇਟੀ ਦੀ ਰੀਪੋਰਟ ਤਿਆਰ 'ਪੁਸਤਕ 'ਚ ਕੀਤੇ ਗਏ ਕਈ ਅਰਥਾਂ ਦੇ ਅਨਰਥ'
ਸਿੱਖ ਅਤੇ ਗੁਰੂ ਇਤਿਹਾਸ ਨੂੰ ਮਿਟਾਉਣਾ ਸਾਜ਼ਸ਼ੀ ਕਦਮ : ਸਬ ਕਮੇਟੀ
ਬਹਾਦਰਗੜ੍ਹ, 2 ਮਈ (ਜਸਬੀਰ ਮੁਲਤਾਨੀ) : ਪੰਜਾਬ ਸਕੂਲ ਸਿਖਿਆ ਬੋਰਡ ਦੁਆਰਾ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ 'ਚੋਂ ਗੁਰ-ਇਤਿਹਾਸ, ਸਿੱਖ ਇਤਿਹਾਸ ਅਤੇ ਪੰਜਾਬ ਦੇ ਇਤਿਹਾਸ ਨੂੰ ਖ਼ਤਮ ਦੇ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਵਲੋਂ ਬਣਾਈ ਗਈ ਸਬ ਕਮੇਟੀ ਨੇ ਅਪਣੀ ਰੀਪੋਰਟ ਤਿਆਰ ਕਰ ਲਈ ਹੈ ਜੋ ਭਲਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪ ਦਿਤੀ ਜਾਵੇਗੀ। ਅੱਜ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ (ਪਟਿਆਲਾ) ਵਿਖੇ ਸਬ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਪੰਜਾਬੀ ਯੂਨੀਵਰਸਟੀ ਦੇ ਪ੍ਰੋਫ਼ੈਸਰ ਡਾ. ਪਰਮਵੀਰ ਸਿੰਘ ਵੀ ਬੈਠੇ ਸਨ, ਜੋ ਮੀਡੀਆ ਨੂੰ ਵੇਖ ਕੇ ਮੀਟਿੰਗ 'ਚੋਂ ਉਠ ਖੜੇ ਹੋਏ। ਜਿਥੇ ਇਕ ਪਾਸੇ ਸਰਕਾਰ ਅਤੇ ਬੋਰਡ ਪ੍ਰਸ਼ਾਸਨ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਪੁਸਤਕ ਨੂੰ ਰੂਪ ਰੇਖਾ ਦੇਣ ਸਮੇਂ ਸ਼੍ਰੋਮਣੀ ਕਮੇਟੀ ਵਲੋ ਪ੍ਰੋ ਪਰਮਵੀਰ ਸਿੰਘ ਨੁਮਾਇੰਦਾ ਦੇ ਤੌਰ ਤੇ ਸ਼ਾਮਲ ਸੀ
ਪਰ ਦੂਜੇ ਪਾਸੇ ਪ੍ਰੋ. ਪਰਮਵੀਰ ਸਿੰਘ ਨੇ ਇਹ ਕਹਿ ਕੇ ਪੈਰ ਖਿਸਕਾ ਲਏ ਹਨ ਕਿ ਬੋਰਡ ਦੇ ਮੈਂਬਰ ਜ਼ਰੂਰ ਹਨ ਪਰ ਉਹ ਸਿਲੇਬਸ ਕਮੇਟੀ ਵਿਚ ਨਹੀਂ ਹਨ ਜਿਨ੍ਹਾਂ ਵਲੋਂ ਅੱਜ ਅਪਣਾ ਵਿਰੋਧ ਦਰਜ ਕਰਵਾਉਣ ਦੇ ਚਰਚੇ ਸਨ।ਸਬ ਕਮੇਟੀ ਨੇ ਅਪਣੀ ਰੀਪੋਰਟ ਕਿਹਾ ਕਿਹਾ ਹੈ ਕਿ ਪੁਸਤਕ 'ਚ ਅਰਥਾਂ ਦੇ ਅਨਰਥ ਕੀਤੇ ਗਏ ਹਨ। ਪੁਸਤਕ 'ਚ ਪੁਜਾਰੀਵਾਦ ਦੀ ਗੱਲ ਕੀਤੀ ਗਈ ਹੈ। ਪੰਨਾ ਨੰ: 90 'ਤੇ ਗੁਰੂ ਅੰਗਦ ਦੇਵ ਜੀ ਦੀ ਗੁਰਤਾਗੱਦੀ ਨੂੰ ਨਿਯੁਕਤੀ ਵਜੋਂ ਦਰਸਾਇਆ ਗਿਆ ਹੈ। ਪੁਸਤਕ ਵਿਚ ਸੂਫ਼ੀਇਜ਼ਮ ਦਾ ਚੈਪਟਰ ਹੈ ਜਿਸ 'ਚ ਗਾਇਕ ਰੇਸ਼ਮਾਂ ਦੇ ਗੀਤਾਂ ਦਾ ਜ਼ਿਕਰ ਕੀਤਾ ਗਿਆ ਹੈ ਜਦਕਿ ਬਾਬਾ ਫ਼ਰੀਦ ਨੂੰ ਮਨਫ਼ੀ ਕੀਤਾ ਗਿਆ ਹੈ ਜਿਨ੍ਹਾਂ ਸੂਫ਼ੀਵਾਦ ਰਾਹੀਂ ਵੈਰਾਗ ਤੇ ਰਹੱਸਵਾਦ ਦੀ ਗੱਲ ਤੋਰੀ ਸੀ। ਪੁਸਤਕ 'ਚ ਸ਼ਹਾਦਤ ਨੂੰ 'ਫਾਹਾ' ਲਾਉਣਾ ਦਸਿਆ ਜਾ ਰਿਹਾ ਹੈ, ਜੋ ਅਜੌਕੀ ਪੀੜ੍ਹੀ ਨੂੰ ਗੁਰੂ ਇਤਿਹਾਸ ਅਤੇ ਸਿੱਖ ਇਤਿਹਾਸ ਨਾਲੋ ਤੋੜਨ ਦੀ ਡੁੰਘੀ ਸਾਜ਼ਸ਼ ਦਾ ਹਿੱਸਾ ਹੈ। ਇਸ ਪਿੱਛੇ ਕੁੱਝ ਏਜੰਸੀਆਂ ਕੰਮ ਕਰ ਰਹੀਆਂ ਹਨ।