ਦਰਬਾਰ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਸੰਗਤਾਂ ਵੱਲੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

Darbar Sahib

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਸਿੱਖ ਸੰਗਤਾਂ ਵੱਲੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ। ਸੰਗਤਾਂ ਨੇ ਗੁਰਦੁਆਰਾ ਰਾਮਸਰ ਸਾਹਿਬ ਦੇ ਦਰਸ਼ਨ ਕੀਤੇ।

ਦੱਸ ਦਈਏ ਕਿ ਗੁਰਦੁਆਰਾ ਰਾਮਸਰ ਸਾਹਿਬ ਉਹ ਪਾਵਨ ਪਵਿਤਰ ਅਸਥਾਨ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਰੂਪ ਸੰਪੂਰਨ ਹੋਣ ਉਪਰੰਤ ਇਸੇ ਅਸਥਾਨ ਤੋਂ ਬਾਬਾ ਬੁੱਢਾ ਜੀ ਦੇ ਸੀਸ ਤੇ ਸੁਸ਼ੋਭਿਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਸੀ।

ਇਸ ਮੌਕੇ ਸੰਗਤਾਂ ਨੇ ਗੁਰਬਾਣੀ ਕੀਤਰਨ ਦਾ ਆਨੰਦ ਮਾਣਿਆ ਅਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ। ਇਸ ਤੋਂ ਇਲਾਵਾ ਗੁਰਦੁਆਰਾ ਟਾਹਲੀ ਸਾਹਿਬ ਸੰਤੋਖ ਸਰ ਵਿਖੇ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ  ਗੁਰਦੁਆਰਾ ਸਾਹਿਬ ਵਿਚ ਧਾਰਮਿਕ ਸਮਾਗਮ ਕੀਤੇ ਗਏ।

ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਨੂੰ ਮੰਨਦੇ ਹੋਏ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀ ਹਾਜ਼ਰੀ ਨਾ ਮਾਤਰ ਰਹੀ ਅਤੇ ਜਿਆਦਾਤਰ ਸ਼ਰਧਾਲੂਆਂ ਨੇ ਘਰਾਂ ਵਿਚ ਰਹਿ ਕੇ ਗੁਰੂ ਚਰਨਾਂ ’ਚ ਸਰਬਤ ਦੇ ਭਲੇ ਦੀ  ਅਰਦਾਸ ਕੀਤੀ।