ਅਕਾਲ ਤਖ਼ਤ ਸਾਹਿਬ 'ਤੇ ਹੋਇਆ ਪੰਥਕ ਇਕੱਠ, ਸਿੱਖ ਬੁੱਕ ਕਲੱਬ ਪਬਲਿਸ਼ਰ ਦੇ ਮਾਲਕ ਥਮਿੰਦਰ ਅਨੰਦ ਤਨਖ਼ਾਹੀਆ ਕਰਾਰ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਜਥੇਦਾਰ ਨੇ ਕਿਹਾ ਕਿ ਥਮਿੰਦਰ ਸਿੰਘ ਨਾਲ ਸਮੂਹ ਸੰਗਤਾਂ ਉਦੋਂ ਤੱਕ ਮਿਲਵਰਤਨ ਬੰਦ ਰੱਖਣ ਜਦੋਂ ਤੱਕ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਸਭ ਕੁਝ ਜ਼ਾਹਿਰ ਨਹੀਂ ਕਰਦਾ

File Photo

 

ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਨਾਲ ਕੀਤੀ ਛੇੜ-ਛਾੜ ਦੇ ਦੋਸ਼ੀਆਂ ਖਿਲਾਫ ਢੁੱਕਵੀਂ ਕਾਰਵਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਵੱਡਾ ਪੰਥਕ ਇਕੱਠ ਸੱਦਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਸਰੂਪ ਨਾਲ ਛੇੜਛਾੜ, ਬਿੰਦੀ, ਲਗਾਂ-ਮਾਤਰਾਂ ਨਵੇਂ ਸਿਰਿਓਂ ਜੋੜਨ ਦੇ ਮਾਮਲੇ ਦੇ ਸਬੰਧ ’ਚ ਵਿਚਾਰ ਚਰਚਾ ਕੀਤੀ ਗਈ।

ਇਸ ਪੰਥਕ ਇਕੱਠ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ  ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਦਿਆਂ ਪਵਿੱਤਰ ਗੁਰਬਾਣੀ ਦੀਆਂ ਲਗਾ ਮਾਤਰਾਵਾਂ 'ਚ ਮਨਮਰਜ਼ੀ ਨਾਲ ਤਬਦੀਲੀਆਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਪ੍ਰਕਾਸ਼ਿਤ ਕਰਨ ਦੇ ਦੋਸ਼ ਵਿਚ ਅਮਰੀਕਾ ਵਾਸੀ ਥਮਿੰਦਰ ਸਿੰਘ ਨੂੰ ਤਨਖ਼ਾਹੀਆ ਐਲਾਨਿਆ ਗਿਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ‍ਥਮਿੰਦਰ ਸਿੰਘ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਉਹ ਤੁਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਆਫ਼ਲਾਈਨ ਤੇ ਆਨਲਾਈਨ ਬੰਦ ਕਰੇ। ਜਥੇਦਰ ਨੇ ਕਿਹਾ ਕਿ ਥਮਿੰਦਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਧਾਂ ਦੇ ਨਾਂ 'ਤੇ ਕੀਤੀ ਗਈ ਛੇੜਖਾਨੀ ਦੀ ਮਨਸ਼ਾ ਜ਼ਾਹਿਰ ਕਰੇ।

ਥਮਿੰਦਰ ਸਿੰਘ ਇਹ ਵੀ ਦੱਸੇ ਕਿ ਇਸ ਪਿੱਛੇ ਕਿਸ ਦਾ ਹੱਥ ਹੈ। ਜਥੇਦਾਰ ਨੇ ਕਿਹਾ ਕਿ ਥਮਿੰਦਰ ਸਿੰਘ ਨਾਲ ਸਮੂਹ ਸੰਗਤਾਂ ਉਦੋਂ ਤੱਕ ਮਿਲਵਰਤਨ ਬੰਦ ਰੱਖਣ ਜਦੋਂ ਤੱਕ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਸਭ ਕੁਝ ਜ਼ਾਹਿਰ ਨਹੀਂ ਕਰਦਾ। ਜਥੇਦਾਰ ਨੇ ਕਿਹਾ ਕਿ ਥਮਿੰਦਰ ਸਿੰਘ ਨੂੰ ਉਦੋਂ ਤੱਕ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਆਦਿ ਮੌਜੂਦ ਸਨ।