ਗੁਰਸਿੱਖ ਦੇ ਕਕਾਰਾਂ ਵਿਰੁਧ ਸਰਨਾ ਵਲੋਂ ਕੀਤੀ ਬਿਆਨਬਾਜ਼ੀ ਨੇ ਹਿਰਦੇ ਵਲੂੰਧਰੇ : ਕਾਲਕਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਉਨ੍ਹਾਂ ਕਿਹਾ ਕਿ ਗੁਰਦਵਾਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਵਿਰੁਧ ਪਰਮਜੀਤ ਸਿੰਘ ਸਰਨਾ ਵਲੋਂ ਵਰਤੀ ਸ਼ਬਦਾਵਲੀ ਨਾਲ ਜਿਥੇ ਸੰਗਤ ਵਿਚ ਰੋਹ ਦੀ ਲਹਿਰ ਦੌੜ ਗਈ ਹੈ

Harmeet Singh Kalka

ਨਵੀਂ ਦਿੱਲੀ (ਸੁਖਰਾਜ ਸਿੰਘ) : ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਾਂ ਦੀ ਕਾਤਲ ਜਮਾਤ ਪਾਰਟੀ ਕਾਂਗਰਸ ਨੇ ਗੁਰੂ ਕੇ ਲੰਗਰ ਨੂੰ ਬੰਦ ਕਰਵਾਉਣ ਤੇ ਸਿੱਖੀ ਨੂੰ ਢਾਹ ਲਾਉਣ ਵਾਸਤੇ ਪਰਮਜੀਤ ਸਿੰਘ ਸਰਨਾ ਦੀ ਡਿਊਟੀ ਲਗਾਈ ਹੈ।

ਸ. ਕਾਲਕਾ ਨੇ ਕਿਹਾ ਕਿ ਸ. ਸਰਨਾ ਨੇ ਇਕ ਪਾਸੇ ਤਾਂ ਗੁਰੂ ਕੇ ਲੰਗਰ ਵਿਰੁਧ ਮੁਹਿੰਮ ਵਿੱਢੀ ਹੈ ਅਤੇ ਦੂਜੇ ਪਾਸੇ ਗੁਰਮਰਿਆਦਾ ਦੇ ਧਾਰਨੀ ਗੁਰਸਿੱਖ ਦੇ ਪੰਜ ਕਕਾਰਾਂ 'ਤੇ ਵੀ ਹਮਲੇ ਬੋਲੇ ਗਏ ਜਿਸ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਗੁਰਦਵਾਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵਿਰੁਧ ਪਰਮਜੀਤ ਸਿੰਘ ਸਰਨਾ ਵਲੋਂ ਵਰਤੀ ਸ਼ਬਦਾਵਲੀ ਨਾਲ ਜਿਥੇ ਸੰਗਤ ਵਿਚ ਰੋਹ ਦੀ ਲਹਿਰ ਦੌੜ ਗਈ ਹੈ, ਉਥੇ ਹੀ ਇਹ ਵੀ ਸਾਬਤ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਵਲੋਂ ਗੁਰੂ ਘਰਾਂ, ਗੁਰੂ ਪੰਥ ਤੇ ਗੁਰਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਲਈ ਲੰਮੇ ਸਮੇਂ ਤੋਂ ਜੋ ਰਣਨੀਤੀ ਬਣਾਈ ਗਈ ਸੀ, ਉਸ ਨੂੰ ਤੋੜ ਚੜ੍ਹਾਉਣ ਵਾਸਤੇ ਹੁਣ ਸਰਨਿਆਂ ਵਰਗਿਆਂ ਦੀ ਡਿਊਟੀ ਲਗਾਈ ਗਈ ਹੈ।

ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸ. ਸਰਨਾ ਤੇ ਉਸ ਦੇ ਨਵੇਂ ਬਣੇ ਸਾਥੀ ਮਨਜੀਤ ਸਿੰਘ ਜੀ.ਕੇ. ਨੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਂ ਵਰਤ ਕੇ ਕਰੋੜਾਂ ਰੁਪਏ ਇਕੱਠੇ ਕਰ ਲਏ ਤੇ ਉਹ ਰਕਮ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਤੇ ਹੋਰਨਾਂ ਦੀਆਂ ਜ਼ਮਾਨਤਾਂ ਵਾਸਤੇ ਵਰਤੇ ਜਾ ਰਹੇ ਹਨ।

ਸ. ਕਾਲਕਾ ਨੇ ਕਿਹਾ ਕਿ ਇਕ ਪਾਸੇ ਤਾਂ ਸਰਨਾ ਤੇ ਜੀ.ਕੇ. ਅਪਣੇ ਵਲੋਂ ਵਰਤਾਏ ਜਾ ਰਹੇ ਲੰਗਰ ਨੂੰ ਸਹੀ ਦੱਸ ਰਹੇ ਹਨ ਜਦਕਿ ਦੂਜੇ ਪਾਸੇ ਗੁਰਦਵਾਰਾ ਬੰਗਲਾ ਸਾਹਿਬ ਵਾਲੇ ਲੰਗਰ ਵਿਰੁਧ ਹਮਲੇ ਬੋਲ ਰਹੇ ਹਨ ਜੋ ਅਸਹਿ ਤੇ ਅਕਹਿ ਹਨ ਤੇ ਇਸ ਦਾ ਜਵਾਬ ਇਨ੍ਹਾਂ ਪੰਥ ਦੋਖੀਆਂ ਨੂੰ ਸੰਗਤ ਦੇਵੇਗੀ।

ਸ. ਕਾਲਕਾ ਨੇ ਕਿਹਾ ਕਿ ਸ. ਸਰਨਾ ਤੋਂ ਕਾਂਗਰਸ ਪਾਰਟੀ ਨੇ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਹਮਲੇ ਦੀ ਵਰ੍ਹੇਗੰਢ ਤੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਇਹ ਬਿਆਨਬਾਜ਼ੀ ਕਰਵਾਈ ਹੈ। ਉਨ੍ਹਾਂ ਦਸਿਆ ਕਿ ਮੈਂ (ਸ. ਕਾਲਕਾ) ਤੇ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਣੂ ਕਰਵਾ ਦਿਤਾ ਹੈ ਤੇ ਸਰਨਾ ਨੂੰ ਸਿੱਖ ਪੰਥ 'ਚੋਂ ਛੇਕੇ ਜਾਣ ਦੀ ਅਪੀਲ ਕੀਤੀ ਹੈ ਤਾਂ ਜੋ ਇਹ ਕਾਂਗਰਸ ਦਾ ਹੱਥ ਠੋਕਾ ਬਣ ਕੇ ਸਿੱਖਾਂ 'ਚ ਰਹਿ ਕੇ ਪੰਥ ਦਾ ਨੁਕਸਾਨ ਨਾ ਕਰ ਸਕੇ।