ਘੱਲੂਘਾਰਾ ਦਿਵਸ ਨਾਲ ਵੀ ਡੂੰਘਾ ਸਬੰਧ ਹੈ ਮੂਲ ਨਾਨਕਸ਼ਾਹੀ ਕੈਲੰਡਰ ਦਾ: ਸੈਕਰਾਮੈਂਟੋ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਆਖਿਆ! ਦੁਸ਼ਮਣ ਤਾਕਤਾਂ ਸਿੱਖੀ ਦੇ ਨਿਆਰੇਪਨ ਦੇ ਖ਼ਾਤਮੇ ਲਈ ਯਤਨਸ਼ੀਲ

Sarbjit Singh Sacramento

ਕੋਟਕਪੂਰਾ: ਮੂਲ ਨਾਨਕਸ਼ਾਹੀ ਕੈਲੰਡਰ ਦਾ ਸਬੰਧ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਇਤਿਹਾਸਕ ਦਿਹਾੜਿਆਂ ਦੇ ਨਾਲ-ਨਾਲ ਘੱਲੂਘਾਰਾ ਦਿਵਸ (ਸਾਕਾ ਨੀਲਾ ਤਾਰਾ) ਨਾਲ ਵੀ ਜੁੜਿਆ ਹੋਇਆ ਹੈ। ਕਿਉਂਕਿ ਜਦੋਂ ਜੂਨ 1984 'ਚ ਭਾਰਤੀ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਮਲਾ ਕੀਤਾ ਤਾਂ ਉਦੋਂ 3 ਜੂਨ (21 ਹਾੜ) ਦਿਨ ਐਤਵਾਰ ਨੂੰ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸੀ।

ਪ੍ਰਵਾਸੀ ਭਾਰਤੀ, ਸਿੱਖ ਚਿੰਤਕ ਤੇ ਪੰਥਕ ਵਿਦਵਾਨ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਭਾਵੇਂ ਦੁਸ਼ਮਣ ਤਾਕਤਾਂ ਸਿੱਖ ਸਿਧਾਂਤ, ਮਰਿਆਦਾਵਾਂ, ਪ੍ਰੰਪਰਾਵਾਂ ਅਤੇ ਸਿੱਖੀ ਦੇ ਨਿਆਰੇਪਨ ਦੇ ਖ਼ਾਤਮੇ ਲਈ ਯਤਨਸ਼ੀਲ ਰਹਿੰਦੀਆਂ ਹਨ ਪਰ ਨਾਨਕਸ਼ਾਹੀ ਕੈਲੰਡਰ ਨੂੰ ਕਤਲ ਕਰਨ ਅਰਥਾਤ ਉਸ ਦਾ ਮੂੰਹ ਮੁਹਾਂਦਰਾ ਬਦਲਣ ਮੌਕੇ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ, ਅਕਾਲੀ ਆਗੂਆਂ ਅਤੇ ਖ਼ੁਦ ਨੂੰ ਪੰਥ ਦਾ ਹਿਤੈਸ਼ੀ ਅਖਵਾਉਣ ਵਾਲੀਆਂ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਨੇ ਇਹ ਨਾ ਸੋਚਿਆ ਕਿ ਜਦੋਂ ਅਕਾਲ ਤਖ਼ਤ ਵਲੋਂ ਪ੍ਰਵਾਨਗੀ ਮਿਲਣ ਉਪਰੰਤ ਲਗਾਤਾਰ 7 ਸਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਹਰ ਗੁਰਪੁਰਬ ਅਤੇ ਇਤਿਹਾਸਕ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਣ ਲੱਗ ਪਈਆਂ ਹਨ ਤਾਂ ਇਸ ਵਿਚ ਤਬਦੀਲੀ ਕਰਨ ਦੀ ਆਖਰ ਕੀ ਨੌਬਤ ਆਣ ਪਈ?

ਭਾਈ ਸੈਕਰਾਮੈਂਟੋ ਮੁਤਾਬਕ ਭਾਰਤੀ ਫ਼ੌਜ ਵਲੋਂ ਜੂਨ 1984 'ਚ 'ਸਾਕਾ ਨੀਲਾ ਤਾਰਾ' ਦੇ ਨਾਂਅ ਹੇਠ ਕੀਤੀ ਗਈ ਅਣਮਨੁੱਖੀ ਕਾਰਵਾਈ ਨੂੰ ਸਿੱਖ ਕੌਮ ਵਲੋਂ ਤੀਜੇ ਘੱਲੂਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ, ਕਿਉਂਕਿ ਹਰ ਸਾਲ ਜਦੋਂ ਇਹ ਦਿਨ ਆਉਂਦਾ ਹੈ ਤਾਂ ਜ਼ਖ਼ਮ ਰਿਸਣ ਦੀਆਂ ਪੀੜਾਂ ਦਾ ਅਹਿਸਾਸ ਹੁੰਦਾ ਹੈ, ਹਰ ਸਾਲ ਰਾਗੀਆਂ-ਢਾਡੀਆਂ ਅਤੇ ਪ੍ਰਚਾਰਕਾਂ ਵਲੋਂ ਬੜੇ ਹੀ ਬੀਰਰਸੀ ਢੰਗ ਨਾਲ ਉਨ੍ਹਾਂ ਦਿਨਾਂ ਦਾ ਇਤਿਹਾਸ ਸੁਣਾਇਆ ਜਾਂਦਾ ਹੈ ਕਿ ਕਿਵੇਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ 'ਤੇ ਇਕੱਠੀ ਹੋਈ ਸੰਗਤ ਉਪਰ ਭਾਰਤੀ ਫ਼ੌਜ ਵਲੋਂ ਜ਼ੁਲਮ ਕੀਤੇ ਗਏ।

ਸਾਲ 1984 'ਚ ਗੁਰੂ ਅਰਜਨ ਪਾਤਸ਼ਾਹ ਦੀ ਦਾ ਸ਼ਹੀਦੀ ਦਿਹਾੜਾ 3 ਜੂਨ (21 ਹਾੜ) ਦਿਨ ਐਤਵਾਰ ਨੂੰ ਸੀ, ਇਸੇ ਦਿਨ ਹੀ ਭਾਰਤੀ ਫ਼ੌਜ ਨੇ ਹਮਲਾ ਕੀਤਾ ਸੀ, ਹੁਣ ਜਦੋਂ ਇਸ ਦਿਹਾੜੇ ਦੀ ਯਾਦ 'ਚ ਲੇਖ ਲਿਖੇ ਜਾਂਦੇ ਹਨ ਜਾਂ ਪ੍ਰਚਾਰਕਾਂ ਵਲੋਂ ਸਟੇਜਾਂ 'ਤੇ ਇਤਿਹਾਸ ਸੁਣਾਇਆ ਜਾਂਦਾ ਹੈ ਤਾਂ ਗੁਰੂ ਜੀ ਦੇ ਸ਼ਹੀਦੀ ਦਿਹਾੜੇ ਦਾ ਜ਼ਿਕਰ ਕੀਤਾ ਜਾਂਦਾ ਹੈ ਪਰ ਜਦੋਂ ਇਹ ਸਵਾਲ ਪੁਛਿਆ ਜਾਵੇ ਕਿ ਹੁਣ ਗੁਰੂ ਜੀ ਦਾ ਸ਼ਹੀਦੀ ਦਿਹਾੜਾ ਤਾਂ 26 ਮਈ ਨੂੰ ਸੀ ਪਰ ਘੱਲੂਘਾਰਾ ਤਾਂ 3 ਜੂਨ ਤੋਂ 6 ਜੂਨ ਤਕ ਮਨਾਇਆ ਜਾਂਦਾ ਹੈ

ਤਾਂ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੁੰਦਾ, ਦੂਜੇ ਪਾਸੇ 36 ਸਾਲ ਪੁਰਾਣੇ ਇਤਿਹਾਸਕ ਦਿਹਾੜੇ ਦੀ ਤਾਰੀਖ ਤਾਂ ਸਾਨੂੰ ਯਾਦ ਹੈ ਜੋ ਕਿ ਚੰਗੀ ਗੱਲ ਹੈ ਪਰ ਗੁਰੂ ਜੀ ਦੇ ਸ਼ਹੀਦੀ ਦਿਹਾੜੇ ਦੀ ਤਾਰੀਖ ਸਾਨੂੰ ਯਾਦ ਨਹੀਂ, ਕਿਉਂਕਿ ਉਹ ਹਰ ਸਾਲ ਬਦਲ ਜਾਂਦੀ ਹੈ। ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਨੇ ਸਵਾਲ ਕੀਤਾ ਕਿ ਕੀ ਗੁਰੂ ਸਾਹਿਬ ਜੀ ਨਾਲ ਸਬੰਧਤ ਦਿਹਾੜਿਆਂ ਦੀਆਂ ਸਾਰੀਆਂ ਤਾਰੀਖਾਂ ਸਾਨੂੰ ਯਾਦ ਨਹੀਂ ਹੋਣੀਆਂ ਚਾਹੀਦੀਆਂ? ਕੀ ਸਾਡੇ ਮੁਖੀ ਇਸ ਪਾਸੇ ਵੀ ਧਿਆਨ ਦੇਣਗੇ ਜਾਂ ਇਹ ਤਾਰੀਖਾਂ ਦਾ ਰੋਲ-ਘਚੋਲਾ ਇਵੇਂ ਹੀ ਚਲਦਾ ਰਹੇਗਾ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।