ਸਿੱਖ ਕੌਮ ਜੂਨ 1984 ਨੂੰ ਕਿਉਂ ਭੁੱਲੇ?

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

36 ਸਾਲ ਹੋ ਗਏ ਹਨ ਤੇ ਜਿਹੜੇ ਉਸ ਵੇਲੇ ਇਸ ਸੰਸਾਰ ਵਿਚ ਵੀ ਨਹੀਂ ਸਨ ਆਏ ਜਾਂ ਜਿਨ੍ਹਾਂ ਦੀ ਛੋਟੀ ਉਮਰ ਸੀ, ਉਨ੍ਹਾਂ ਨੂੰ ਤਾਂ ਇਸ ਅਤਿਅੰਤ ਦੁਖਦਾਈ ਘਟਨਾ ਦਾ ਗਿਆਨ ਹੀ ਨਹੀਂ

Akal Takht Sahib

ਸਾਡੇ ਇਸ ਆਜ਼ਾਦ ਦੇਸ਼ ਵਿਚ ਪਹਿਲੀ ਵਾਰ ਹੋਇਆ ਕਿ ਕਿਸੇ ਕੌਮ ਦੇ ਧਾਰਮਕ ਸਤਿਕਾਰੇ ਹੋਏ ਅਸਥਾਨ ਤੇ ਕੇਂਦਰ ਸਰਕਾਰ ਨੇ ਫ਼ੌਜ ਨੂੰ, ਟੈਂਕਾਂ, ਅਗਨੀ ਗੋਲਿਆਂ ਤੇ ਮੋਰਟਰ ਗੰਨਾਂ ਦੇ ਕੇ, ਫ਼ੌਜੀ ਕਾਰਵਾਈ ਕਰਨ ਦਾ ਹੁਕਮ ਦਿਤਾ ਹੋਵੇ। ਹੁਣ ਇਸ ਗੱਲ ਨੂੰ 36 ਸਾਲ ਹੋ ਗਏ ਹਨ ਤੇ ਜਿਹੜੇ ਉਸ ਵੇਲੇ ਇਸ ਸੰਸਾਰ ਵਿਚ ਵੀ ਨਹੀਂ ਸਨ ਆਏ ਜਾਂ ਜਿਨ੍ਹਾਂ ਦੀ ਛੋਟੀ ਉਮਰ ਸੀ, ਉਨ੍ਹਾਂ ਨੂੰ ਤਾਂ ਇਸ ਅਤਿਅੰਤ ਦੁਖਦਾਈ ਘਟਨਾ ਦਾ ਗਿਆਨ ਹੀ ਨਹੀਂ ਹੋ ਸਕਦਾ।

ਇਹ ਸਮਝਣਾ ਜ਼ਰੂਰੀ ਹੈ ਕਿ ਦੇਸ਼ ਦੀ ਸਰਕਾਰ ਦੀ ਕੀ ਮਨਸ਼ਾ ਸੀ ਕਿ ਇਹੋ ਜਿਹਾ ਨੀਚ ਤੇ ਨਾ ਬਖ਼ਸ਼ਣ ਵਾਲਾ ਕਾਰਾ, ਸਿੱਖ ਕੌਮ ਨਾਲ ਕਿਉਂ ਕੀਤਾ? ਅੱਜ ਵੀ ਲੋੜ ਹੈ ਉਨ੍ਹਾਂ ਸਾਰੇ ਸਹੀ ਇਤਿਹਾਸਕ ਤੱਥਾਂ ਨੂੰ ਵਿਚਾਰਨ ਦੀ ਤੇ ਸਰਕਾਰ ਦੀ ਕੁਟਲਨੀਤੀ ਤੋਂ ਪੜ੍ਹਦਾ ਚੁੱਕਣ ਦੀ ਜਿਹੜੇ ਇਸ ਦੁਖਦਾਈ ਸਾਕੇ ਦੀ ਵਜ੍ਹਾ ਬਣੀ। ਥੋੜੇ ਸ਼ਬਦਾਂ ਵਿਚ ਇਸ ਤੋਂ ਪਹਿਲਾਂ ਦੇ ਪਿਛੋਕੜ ਨੂੰ ਸਮਝੀਏ।

ਸਿੱਖਾਂ ਦੀ ਦੇਸ਼ ਦੀ ਆਜ਼ਾਦੀ ਲਹਿਰ ਵਿਚ ਵੱਡੀ ਭੂਮਿਕਾ ਸੀ। ਕਾਂਗਰਸੀ ਆਗੂ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਨੇ ਸਿੱਖ ਲੀਡਰਾਂ ਨਾਲ ਵਾਅਦੇ ਕੀਤੇ ਸਨ ਕਿ ਆਜ਼ਾਦ ਭਾਰਤ ਵਿਚ ਘੱਟ-ਗਿਣਤੀ ਵਾਲੀਆਂ ਕੌਮਾਂ ਨੂੰ ਪੂਰਾ ਸਤਿਕਾਰ ਮਿਲੇਗਾ। ਸੰਨ 1939 ਵਿਚ ਲਾਹੌਰ ਵਿਖੇ ਹੋਏ ਸ਼ੈਸਨ ਵਿਚ ਇਕ ਮਤਾ ਇਸ ਤਰ੍ਹਾਂ ਦਾ ਪਾਸ ਕੀਤਾ ਗਿਆ : “The congress assures the Sikhs that no solution in any future constitution will be acceptable to the congress that does not give Sikhs fiull satisfication" (Indian Constitution Document, Vol 99)
ਇਸ ਦਾ ਪੰਜਾਬੀ ਤਰਜਮਾ ਇਸ ਪ੍ਰਕਾਰ ਹੈ :-''ਕਾਂਗਰਸ ਸਿੱਖਾਂ ਨੂੰ ਯਕੀਨ ਦਿਵਾਉਂਦੀ ਹੈ ਕਿ ਭਵਿੱਖ ਵਿਚ ਪ੍ਰਵਾਨ ਹੋਣ ਵਾਲਾ ਕੋਈ ਵੀ ਵਿਧਾਨ ਕਾਂਗਰਸ ਸਵੀਕਾਰ ਨਹੀਂ ਕਰੇਗੀ ਜੋ ਸਿੱਖਾਂ ਲਈ ਪੂਰੀ ਤੌਰ ਉਤੇ ਤਸੱਲੀਬਖ਼ਸ਼ ਨਹੀਂ ਹੋਵੇਗਾ।''

ਇਸ ਤੋਂ ਬਿਨਾਂ 5 ਜਨਵਰੀ 1947 ਨੂੰ ਕਾਂਗਰਸ ਵਰਕਿੰਗ ਕਮੇਟੀ ਨੇ ਇਕ ਹੋਰ ਮਤਾ ਪਾਸ ਕੀਤਾ ਜਿਸ ਦਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਹੈ : ''ਪੰਜਾਬ ਵਿਚ ਸਿੱਖ ਹੱਕਾਂ ਦੀ ਰਾਖੀ ਨੂੰ ਕੋਈ ਖ਼ਤਰਾ ਨਹੀਂ ਹੋਣਾ ਚਾਹੀਦਾ ਤੇ ਸਿੱਖ ਹਰ ਪੱਖ ਤੋਂ ਮਹਿਫ਼ੂਜ਼ ਹੋਣੇ ਚਾਹੀਦੇ ਹਨ।'' ਦੇਸ਼ ਦੀ ਆਜ਼ਾਦੀ ਦੇ ਐਲਾਨ ਤੋਂ ਪਹਿਲਾਂ ਜੁਲਾਈ 1947 ਵਿਚ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਦਿੱਲੀ ਵਿਚ ਹੋਈ ਇਕੱਤਰਤਾ ਵਿਚ ਇਹ ਮਤਾ ਪਾਸ ਕੀਤਾ ਗਿਆ :- ''ਪੰਜਾਬ ਦਾ ਬਟਵਾਰਾ ਹੋਣ ਦੀ ਹਾਲਤ ਵਿਚ ਭਾਰਤੀ ਵਿਧਾਨ ਵਿਚ ਅਜਿਹੀਆਂ ਧਾਰਾਵਾਂ ਦਾ ਹੋਣਾ ਲਾਜ਼ਮੀ ਹੋਵੇਗਾ- ਜੋ ਸਿੱਖਾਂ ਦੀਆਂ ਜਾਇਜ਼ ਇਛਾਵਾਂ ਤੇ ਹੱਕਾਂ ਦੀ ਰਾਖੀ ਕਰਨ।''

ਹੋਰ ਵਿਸਥਾਰ ਵਿਚ ਨਾ ਜਾਂਦੇ ਹੋਏ, ਇਕ ਗੱਲ ਇਥੇ ਕਹਿਣੀ ਬਣਦੀ ਹੈ ਕਿ ਸਿੱਖ ਲੀਡਰਾਂ ਨੇ ਕਾਂਗਰਸ ਵਲੋਂ ਕੀਤੇ ਵਾਅਦੇ ਤੇ ਦਿਤੇ ਹੋਏ ਵਚਨਾਂ ਤੇ ਵਿਸ਼ਵਾਸ ਕਰ ਲਿਆ। ਸਿੱਖਾਂ ਨੇ ਪੰਜਾਬੀ ਸੂਬੇ ਦਾ ਨਾਹਰਾ ਲਗਾਇਆ ਤਾਂ ਪੰਜਾਬ ਵਿਚ ਕਾਂਗਰਸ ਸਰਕਾਰ ਨੇ 26 ਹਜ਼ਾਰ ਸਿੱਖਾਂ ਨੂੰ ਅੰਦਰ ਡੱਕ ਦਿਤਾ। ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਸਿੱਖ ਕੌਮ ਨੇ ਫਿਰ ਸ਼ਾਂਤਮਈ ਮੋਰਚੇ ਲਗਾਏ। ਪੈਪਸੂ ਜਿਸ ਵਿਚ ਸਿੱਖਾਂ ਦੀ ਆਬਾਦੀ, ਹਿੰਦੂਆਂ ਨਾਲੋਂ ਵੱਧ ਸੀ, ਉਸ ਨੂੰ ਤੋੜ ਕੇ ਪੰਜਾਬ ਵਿਚ ਸ਼ਾਮਲ ਕਰ ਦਿਤਾ ਗਿਆ। ਸਿੱਖ ਲੀਡਰਾਂ ਨੇ ਇਸ ਕਾਰਵਾਈ ਉਤੇ ਹੜਤਾਲ ਤੇ ਰੋਸ ਪ੍ਰਗਟ ਕੀਤਾ। ਪਰ ਕੇਂਦਰ ਵਿਚ ਬੈਠੇ ਮੁਤੱਸਬੀ ਹਾਕਮਾਂ ਨੇ ਕੀ ਪ੍ਰਵਾਹ ਕਰਨੀ ਸੀ। ਅੰਤ ਵਿਚ 1 ਨਵੰਬਰ 1966 ਨੂੰ ਅਜੋਕਾ ਪੰਜਾਬ ਭਾਸ਼ਾ ਦੇ ਆਧਾਰ ਉਤੇ ਬਣਾਇਆ ਗਿਆ।

ਇਸ ਨਵੇਂ ਬਣੇ ਪੰਜਾਬ ਵਿਚ ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਨਾ ਸ਼ਾਮਲ ਕੀਤੇ ਗਏ। ਪੰਜਾਬ ਦੇ ਪਾਣੀਆਂ ਦੇ ਅਧਿਕਾਰ ਵਿਚ ਹਰਿਆਣੇ ਤੇ ਰਾਜਸਥਾਨ ਨੂੰ ਵੀ ਹਿੱਸੇਦਾਰ ਬਣਾਇਆ ਗਿਆ, ਜੋ ਪ੍ਰਵਾਨਤ ਕਾਨੂੰਨੀ ਤੇ ਸਥਾਪਤ ਸਿਧਾਂਤਾਂ ਤੋਂ ਬਿਲਕੁਲ ਉਲਟ ਸੀ। ਪੰਜਾਬ ਦੀ ਆਰਥਿਕਤਾ ਨੂੰ ਸਦੀਵੀਂ ਤੌਰ ਉਤੇ ਤਬਾਹ ਕਰਨ ਦਾ, ਕੇਂਦਰ ਵਲੋਂ ਇਹ ਬਿਨਾਂ ਐਲਾਨਿਆਂ ਫ਼ੈਸਲਾ ਸੀ। ਪੰਜਾਬ ਨਾਲ ਹੋਏ ਇਸ ਧੱਕੇ ਵਿਰੁਧ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਮਰਨ ਵਰਤ ਰਖਿਆ ਤੇ 74 ਦਿਨਾਂ ਪਿੱਛੋਂ 27 ਅਕਤੂਬਰ 1968 ਨੂੰ ਉਹ ਗੁਰੂ ਚਰਨਾਂ ਵਿਚ ਜਾ ਬਿਰਾਜੇ। ਕੇਂਦਰ ਸਰਕਾਰ ਦੇ ਕੰਨਾਂ ਤੇ ਜੂੰ ਵੀ ਨਾ ਸਰਕੀ। ਅਕਾਲੀ ਦਲ ਦੇ ਲੀਡਰ ਵਾਰ-ਵਾਰ ਪੰਜਾਬ ਨਾਲ ਹੋਏ ਧੱਕਿਆਂ ਦਾ ਰਾਗ ਤਾਂ ਅਪਾਲਦੇ ਰਹੇ ਪਰ ਕੋਈ  ਪ੍ਰਾਪਤੀ ਕਰਨ ਲਈ ਗੰਭੀਰ ਨਾ ਚੁਕਿਆ।

ਕੇਂਦਰ ਸਰਕਾਰ ਹਰ ਹੀਲੇ ਸਿੱਖਾਂ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਚੱਲ ਰਹੀ ਸੀ। ਬਦਕਿਸਮਤੀ ਵੇਖੋ ਕਿ ਸਾਡੇ ਲੀਡਰਾਂ ਨੂੰ ਜਦੋਂ ਰਾਜ ਸੱਤਾ ਦੀ ਕੁਰਸੀ ਨਜ਼ਰ ਆ ਜਾਵੇ ਤਾਂ ਉਹ ਕੌਮ ਲਈ ਸਾਰਾ ਕੁੱਝ ਵਿਸਾਰ ਦਿੰਦੇ ਹਨ। ਅਕਾਲੀ ਸਰਕਾਰਾਂ ਵੀ ਆਈਆਂ ਪੰਜਾਬ ਵਿਚ ਪਰ ਕਦੇ ਵੀ ਉਨ੍ਹਾਂ ਨੇ ਦਲੇਰੀ ਤੇ ਕਠੋਰਤਾ ਨਾਲ ਕੇਂਦਰ ਨੂੰ ਪੰਜਾਬ ਤੇ ਸਿੱਖਾਂ ਦੀਆਂ ਮੰਗਾਂ ਬਾਰੇ ਅਪਣਾ ਰੋਸ ਨਹੀਂ ਜਤਾਇਆ।

ਕਿਸੇ ਹੋਰ ਲੰਮੇ ਵਿਸਥਾਰ ਵਿਚ ਨਾ ਜਾਈਏ, ਸੰਨ 1975 ਵਿਚ ਇੰਦਰਾ ਗਾਂਧੀ ਵਲੋਂ ਦੇਸ਼ ਵਿਚ ਐਮਰਜੈਂਸੀ ਲਗਾਈ ਗਈ। ਦੇਸ਼ ਵਿਚ ਵਿਰੋਧੀ ਪਾਰਟੀਆਂ ਦੇ ਵੱਡੇ-ਵੱਡੇ ਆਗੂ ਗ੍ਰਿਫ਼ਤਾਰ ਕਰ ਲਏ ਗਏ। ਪਰ ਪੰਜਾਬ ਵਿਚ ਅਕਾਲੀਆਂ ਨੇ ਕੇਂਦਰ ਵਿਰੁਧ ਐਮਰਜੈਂਸੀ ਵਿਰੁਧ ਮੋਰਚਾ ਲਗਾ ਲਿਆ। ਇਹ ਉਹ ਸਮਾਂ ਸੀ ਜਦੋਂ ਇੰਦਰਾ ਗਾਂਧੀ ਪੰਜਾਬ ਦੀਆਂ ਮੰਗਾਂ ਮੰਨਣ ਨੂੰ ਤਿਆਰ ਸੀ। ਪਰ ਅਕਾਲੀਆਂ ਨੇ ਕੇਂਦਰ ਦੇ ਵਿਰੁਧ ਰਹਿਣ ਦਾ ਹੀ ਫ਼ੈਸਲਾ ਕਰਦੇ ਅਪਣਾ ਅੰਦੋਲਨ ਜਾਰੀ ਰਖਿਆ ਤੇ ਇੰਦਰਾ ਗਾਂਧੀ ਨੇ ਇਹ ਗੱਲ ਹਮੇਸ਼ਾਂ ਲਈ ਅਪਣੇ ਜ਼ਹਿਨ ਵਿਚ ਰੱਖ ਕੇ ਇਸ ਨੂੰ ਭੁਲਾਇਆ ਨਹੀਂ।

ਇਕ ਹੋਰ ਬਦਕਿਸਮਤ ਦੁਰਘਟਨਾ ਵਾਪਰੀ। ਸੰਨ 1978 ਦੀ ਵਿਸਾਖੀ ਵਾਲੇ ਦਿਨ, ਨਿਰੰਕਾਰੀਆਂ ਵਲੋਂ 13 ਨਿਹੱਥੇ ਸਿੰਘ ਦਿਨ ਦਿਹਾੜੇ ਗੋਲੀਆਂ ਨਾਲ ਮਾਰ ਦਿਤੇ ਗਏ ਤੇ ਨਿਰੰਕਾਰੀ ਬਾਬਾ ਗੁਰਬਚਨ ਸਿੰਘ, ਸਰਕਾਰ ਦੀ ਮਦਦ ਨਾਲ ਚੁੱਪ ਚੁਪੀਤੇ ਦਿੱਲੀ ਨਿਕਲ ਗਿਆ। ਇਹ ਕਾਰਾ ਆਉਣ ਵਾਲੇ ਦੁਖਦਾਈ ਸਮੇਂ ਦੀ ਪ੍ਰਾਰੰਭਤਾ ਸੀ। ਪੰਜਾਬ ਦੇ ਹਿੰਦੂ ਪ੍ਰੈੱਸ ਤੇ ਕੇਂਦਰ ਦੀ ਸਰਕਾਰ ਨੇ ਨਿਰੰਕਾਰੀਆਂ ਦੀ ਪਿੱਠ ਠੋਕੀ। ਨਿਰੰਕਾਰੀ ਬਾਬੇ ਨੂੰ ਡਿਪਲੋਮੈਟਿਕ ਪਾਸਪੋਰਟ ਦੇ ਕੇ ਬਾਹਰਲੇ ਸਫ਼ਾਰਤਖ਼ਾਨਿਆਂ ਵਿਚ ਉਸ ਨੂੰ ਸਤਿਕਾਰ ਯੋਗ ਵਿਉਹਾਰ ਦੇਣ ਲਈ ਵਿਦੇਸ਼ ਮੰਤਰਾਲੇ ਵਲੋਂ ਹਦਾਇਤਾਂ ਦਿਤੀਆਂ ਗਈਆਂ। ਇਹ ਸਾਰਾ ਕੁੱਝ ਸਿੱਖਾਂ ਨੂੰ ਚਿੜਾਉਣ ਲਈ ਕੀਤਾ ਗਿਆ।

ਅਗਲੀਆਂ ਚੋਣਾਂ ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਦਰਬਾਰਾ ਸਿੰਘ ਮੁੱਖ ਮੰਤਰੀ ਦੀ ਸਰਕਾਰ ਬਣੀ। ਪੰਜਾਬ ਸਰਕਾਰ ਨੇ ਉਸ ਸਮੇਂ ਸੁਪਰੀਮ ਕੋਰਟ ਵਿਚ ਪਾਣੀਆਂ ਸਬੰਧੀ ਪਾਈ ਹੋਈ ਅਰਜ਼ੀ ਵਾਪਸ ਲੈ ਲਈ ਤੇ ਕੇਂਦਰ ਸਰਕਾਰ ਕੋਲੋਂ, ਹਰਿਆਣੇ ਤੇ ਰਾਜਸਥਾਨ ਨੂੰ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਨੂੰ ਦੇਣ ਦਾ ਰਾਹ ਪੱਧਰਾ ਹੋ ਗਿਆ।

ਇਸੇ ਸਮੇਂ ਦੌਰਾਨ ਪੁਲਿਸ ਵਲੋਂ ਕਈ ਬੇਕਸੂਰ ਨਿਹੱਥੇ ਸਿੰਘਾਂ ਨੂੰ ਫੜ ਲਿਆ ਜਾਂਦਾ ਤੇ ਕੁੱਝ ਸਮਾਂ ਹਿਰਾਸਤ ਵਿਚ ਰੱਖ ਕੇ ਤੇ ਜ਼ਲੀਲ ਕਰਨ ਤੋਂ ਬਾਅਦ ਉਨ੍ਹਾਂ ਤੇ ਕੇਸ ਬਣਾ ਦਿਤਾ ਜਾਂਦਾ ਜਾਂ ਕੋਈ ਵੱਡੀ ਸਿਫ਼ਾਰਸ਼ ਆਉਣ ਤੇ ਛੱਡ ਵੀ ਦਿਤਾ ਜਾਂਦਾ। ਦਮਦਮੀ ਟਕਸਾਲ ਦੇ ਦੋ ਸਿੰਘਾਂ ਨੂੰ ਪੁਲਿਸ ਨੇ ਫੜ ਲਿਆ ਤੇ ਉਨ੍ਹਾਂ ਬਾਰੇ ਪੁਛਪੜਤਾਲ ਤੇ ਪੈਰਵੀ ਕਰਨ ਲਈ ਭਾਈ ਅਮਰੀਕ ਸਿੰਘ ਤੇ ਬਾਬਾ ਠਾਹਰਾ ਸਿੰਘ ਅੰਮ੍ਰਿਤਸਰ ਵਿਖੇ ਪੁਲਿਸ ਸਟੇਸ਼ਨ ਉਤੇ ਗਏ। ਪਹਿਲਾਂ ਦੇ ਫੜੇ ਹੋਏ ਸਿੰਘਾਂ ਨੂੰ ਤਾਂ ਕੀ ਛੱਡਣਾ ਸੀ, ਸਗੋਂ ਇਨ੍ਹਾਂ ਦੋਹਾਂ ਨੂੰ ਵੀ ਪੁਲਿਸ ਵਲੋਂ ਫੜ ਲਿਆ ਗਿਆ।

ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਖ਼ਬਰ ਮਿਲੀ ਤਾਂ ਉਨ੍ਹਾਂ ਤੁਰਤ ਫ਼ੈਸਲਾ ਕਰ ਲਿਆ ਕਿ ਪੁਲਿਸ ਥਾਣੇ ਨੂੰ ਅੰਮ੍ਰਿਤਸਰ ਘੇਰਾ ਪਾ ਲੈਣਾ ਹੈ। ਪਰ ਕੁੱਝ ਸਿੰਘ ਵੀਰਾਂ ਨੇ ਰਾਏ ਦਿਤੀ ਕਿ ਇਸ ਤਰ੍ਹਾਂ ਪੁਲਿਸ ਟੀਅਰ ਗੈਸ ਤੇ ਫ਼ਾਇਰਿੰਗ ਵੀ ਕਰ ਸਕਦੀ ਹੈ ਤੇ ਨੁਕਸਾਨ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਇਹ ਵਿਚਾਰਦੇ ਹੋਏ ਫ਼ੈਸਲਾ ਕੀਤਾ ਗਿਆ ਕਿ ਰੋਜ਼ 51 ਸਿੰਘਾਂ ਦਾ ਜਥਾ ਸਰਕਾਰ ਤੇ ਪੁਲਿਸ ਵਿਰੁਧ ਨਾਹਰੇ ਮਾਰਦਾ ਗ੍ਰਿਫ਼ਤਾਰੀ ਦੇਵੇਗਾ। ਉਨ੍ਹੀਂ ਦਿਨੀ ਕਪੂਰੀ (ਇਹ ਉਹ ਜਗਾ ਹੈ ਜਿਥੇ ਇੰਦਰਾ ਗਾਂਧੀ ਨੇ ਸਤਲੁਜ ਯਮੁਨਾ ਲਿੰਕ ਦੀ ਨਹਿਰ ਦੀ ਉਸਾਰੀ ਦਾ ਟੱਕ ਲਗਾਇਆ) ਵਿਚ ਅਕਾਲੀ ਦਲ ਵਲੋਂ ਪਹਿਲਾਂ ਭਰਵਾਂ ਇਕੱਠ ਕਰਦੇ ਹੋਏ ਸਰਕਾਰ ਵਿਰੋਧੀ ਫ਼ੈਸਲੇ ਵਿਰੁਧ ਮੋਰਚਾ ਲਗਾਇਆ ਗਿਆ। ਇਥੇ ਇਕ ਗੱਲ ਸਮਝਣ ਵਾਲੀ ਹੈ ਕਿ ਸਿੱਖ ਕੌਮ ਉਥੇ ਭਰਪੂਰ ਸਮਰਥਨ ਨਹੀਂ ਦਿੰਦੀ ਜਿਸ ਮੁੱਦੇ ਵਿਚ ਧਾਰਮਕ ਅੰਸ਼ ਨਾ ਹੋਵੇ। ਸੋ ਕਪੂਰੀ ਵਾਲੇ ਮੋਰਚੇ ਦਾ ਕੋਈ ਗੰਭੀਰ ਪ੍ਰਭਾਵ ਨਹੀਂ ਸੀ ਨਿਕਲ ਰਿਹਾ।

ਇਧਰ ਅੰਮ੍ਰਿਤਸਰ ਵਿਚ ਸੰਤ ਜਰਨੈਲ ਸਿੰਘ ਵਲੋਂ ਵਿਢਿਆ ਮੋਰਚਾ ਚੱਲ ਰਿਹਾ ਸੀ। ਅਕਾਲੀ ਦਲ ਨੇ ਅਪਣਾ ਕਪੂਰੀ ਵਾਲਾ ਮੋਰਚਾ ਸੰਭਾਲਦੇ ਹੋਏ, ਅੰਮ੍ਰਿਤਸਰ ਵਿਚ ਆ ਕੇ ਸੰਤ ਜਰਨੈਲ ਸਿੰਘ ਵਲੋਂ ਲਗਾਏ ਹੋਏ ਸ਼ਾਂਤਮਈ ਸੰਘਰਸ਼ ਵਿਚ ਸ਼ਾਮਲ ਕਰ ਦਿਤਾ। ਅਕਾਲੀ ਦਲ ਨੇ ਪਾਣੀਆਂ ਦੇ ਮਸਲੇ ਤੋਂ ਬਿਨਾਂ ਹੋਰ ਮੰਗਾਂ ਜਿਵੇਂ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ, ਹਰਮੰਦਰ ਸਾਹਿਬ ਤੋਂ ਸਿੱਧਾ ਕੀਰਤਨ ਪ੍ਰਸਾਰਣ, ਅਨੰਦਪੁਰ ਸਾਹਿਬ ਮਤੇ ਦੀ ਪ੍ਰਾਪਤੀ ਆਦਿ ਵੀ ਸ਼ਾਮਲ ਕਰ ਲਈਆਂ।

ਕੁੱਝ ਸਮੇਂ ਬਾਅਦ ਪੰਜਾਬ ਸਰਕਾਰ ਨੇ ਭਾਈ ਅਮਰੀਕ ਸਿੰਘ ਤੇ ਬਾਬਾ ਠਾਹਰਾ ਸਿੰਘ ਨੂੰ ਰਿਹਾਅ ਕਰ ਦਿਤਾ। ਸੰਤ ਜਰਨੈਲ ਸਿੰਘ ਹੋਰਾਂ ਵਲੋਂ ਲਗਾਏ ਮੋਰਚੇ ਦਾ ਮੰਤਵ ਤਾਂ ਪੂਰਾ ਹੋ ਚੁਕਾ ਸੀ ਪਰ ਅਕਾਲੀ ਦਲ ਦੇ ਕਹਿਣ ਤੇ ਉਨ੍ਹਾਂ ਨੇ ਇਸ ਚੱਲ ਰਹੇ ਮੋਰਚੇ ਵਿਚ ਸ਼ਾਮਲ ਰਹਿਣ ਦੀ ਬੇਨਤੀ ਨੂੰ ਮੰਨ ਲਿਆ।

ਇਸ ਧਰਮ ਯੁਧ ਮੋਰਚੇ ਵਿਚ ਇਕ ਲੱਖ ਤੋਂ ਵੀ ਵੱਧ ਸਿੰਘਾਂ ਨੇ ਗ੍ਰਿਫ਼ਤਾਰੀਆਂ ਦਿਤੀਆਂ। ਇਸ ਸਮੇਂ ਦੌਰਾਨ ਕਈ ਥਾਵਾਂ ਤੇ ਸ਼ਾਮ ਨੂੰ ਹਨੇਰਾ ਪੈਣ ਤੇ ਬਸਾਂ ਵਿਚੋਂ ਕੱਢ ਕੇ ਕਈ ਹਿੰਦੂ ਮਾਰ ਦਿਤੇ ਗਏ। ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਸੰਤ ਜਰਨੈਲ ਸਿੰਘ ਨੇ ਵਾਰ-ਵਾਰ ਮੰਜੀ ਸਾਹਿਬ ਦੇ ਦੀਵਾਨ ਹਾਲ ਤੋਂ ਆਖਿਆ ਕਿ ਇਹ ਸਿੱਖਾਂ ਦਾ ਕੰਮ ਨਹੀਂ ਬਲਕਿ ਸਿੱਖ ਤਾਂ ਨਿਹੱਥੇ ਮਜ਼ਲੂਮਾਂ ਦੀ ਰਖਿਆ ਕਰਨ ਵਾਲੇ ਹਨ ਤੇ ਹਿੰਦੂ ਵੀਰਾਂ ਨੂੰ ਬਸਾਂ ਵਿਚੋਂ ਕੱਢ ਕੇ ਮਾਰਨ ਵਾਲਾ ਸਿਰਫ਼ ਏਜੰਸੀਆਂ ਦਾ ਕਾਰਾ ਹੈ। ਮਰਨ ਵਾਲਿਆਂ ਦੀਆਂ ਖ਼ਬਰਾਂ ਅਖ਼ਬਾਰਾਂ ਦੇ ਪਹਿਲੇ ਸਫ਼ੇ ਤੇ ਛਪਦੀਆਂ ਰਹੀਆਂ। ਪਰ ਦੋਹਾਂ ਸੰਤਾਂ ਵਲੋਂ ਦਿਤੇ ਸਪੱਸ਼ਟੀਕਰਨ ਨੂੰ ਕੋਈ ਖ਼ਾਸ ਥਾਂ ਅਖ਼ਬਾਰਾਂ ਨੇ ਨਾ ਦਿਤੀ। ਇਸ ਤਰ੍ਹਾਂ ਸਿੱਖ ਕੌਮ ਨੂੰ ਮੀਡੀਆ ਰਾਹੀਂ ਤੇ ਸਰਕਾਰੀ ਦੂਰਦਰਸ਼ਨ ਰਾਹੀਂ ਬਦਨਾਮ ਕੀਤਾ ਜਾਂਦਾ ਰਿਹਾ।

ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਈ ਸਮਝੌਤਾ ਕਰਨ ਦੇ ਰੌਂਅ ਵਿਚ ਨਹੀਂ ਸੀ। ਦਰਅਸਲ ਇੰਦਰਾ ਗਾਂਧੀ ਪੰਜਾਬੀ ਸੂਬੇ ਦੀ ਸਥਾਪਨਾ ਦੇ ਹੱਕ ਵਿਚ ਕਦੇ ਵੀ ਨਹੀਂ ਸੀ। ਉਸ ਨੇ ਅਪਣੀ ਸਵੈ ਜੀਵਨੀ ਵਿਚ ਲਿਖਿਆ ਹੈ ਕਿ ''ਜਦੋਂ ਲਾਲ ਬਾਹਦਰ ਸ਼ਾਸ਼ਤਰੀ ਨੇ ਇਕ ਪਾਰਲੀਮੈਂਟਰੀ ਕਮੇਟੀ ਹੁਕਮ ਸਿੰਘ ਦੀ ਅਗਵਾਈ ਵਿਚ ਬਣਾਈ ਸੀ ਤਾਂ ਮੈਨੂੰ ਪੂਰਾ ਯਕੀਨ ਸੀ ਕਿ ਇਹ ਪੰਜਾਬੀ ਸੂਬੇ ਦੇ ਹੱਕ ਵਿਚ ਰੀਪੋਰਟ ਦੇਵੇਗੀ। ਮੈਂ ਥਾਂ ਥਾਂ ਗਈ। ਚਵਾਨ ਜੀ ਕੋਲ ਗਈ... ਤੇ ਅਪਣਾ ਸ਼ੰਕਾ ਦਸਿਆ।'' ਇਸ ਤੋਂ ਸੋਚੀਏ ਕਿ ਉਸ ਦੇ ਮਨ ਵਿਚ ਸਿੱਖਾਂ ਤੇ ਪੰਜਾਬ ਪ੍ਰਤੀ ਭਾਵਨਾ ਕਿਹੋ ਜਹੀ ਸੀ। ਇਕ ਸੱਚ ਹੋਰ ਵੀ ਸੀ।

ਜਦੋਂ ਕਾਂਗਰਸ ਦੀ 1977 ਵਿਚ ਲਕ ਤੋੜਵੀਂ ਹਾਰ ਹੋ ਗਈ ਤੇ ਫਿਰ ਜਨਤਾ ਪਾਰਟੀ ਦੀ ਸਰਕਾਰ ਨੇ ਇੰਦਰਾ ਗਾਂਧੀ ਨੂੰ ਮੁਕੱਦਮਿਆਂ ਵਿਚ ਉਲਝਾਇਆ ਤਾਂ ਸੰਨ 1981 ਵਿਚ ਸੰਜੇ ਗਾਂਧੀ ਦੀ ਅਣਚਿਤਵੀ ਮੌਤ ਨੇ ਇੰਦਰਾ ਗਾਂਧੀ ਨੂੰ ਤੋੜ ਹੀ ਦਿਤਾ।  ਉਹ ਅਪਣੇ ਆਪ ਵਿਚ ਹੀ ਸਿਮਟਦੀ ਗਈ। ਅੱਗੋਂ ਉਸ ਦੇ ਸਲਾਹਕਾਰ ਸਨ, ਅਰੁਣ ਨਹਿਰੂ, ਅਰੂਨ ਸਿੰਘ, ਦਿਗਵਿਜੇ ਸਿੰਘ ਤੇ ਵੀ.ਪੀ. ਸਿੰਘ ਦਿਉ ਵਰਗੇ, ਜਿਨ੍ਹਾਂ ਦੀ ਸੋਚਣੀ ਨਿਰੀ ਹਿੰਦੂ ਰਾਸ਼ਟਰ ਵਾਲੀ ਹੀ ਸੀ। ਕਾਂਗਰਸ ਕਿਸੇ ਕੀਮਤ ਤੇ ਪੰਜਾਬ ਦੇ ਹਿੰਦੂ ਨੂੰ ਨਰਾਜ਼ ਨਹੀਂ ਸੀ ਕਰਨਾ ਚਾਹੁੰਦੀ ਕਿਉਂਕਿ ਇਸ ਨੂੰ ਇਹ ਅਪਣਾ ਸਥਿਰ ਵੋਟ ਬੈਂਕ ਸਮਝਦੀ ਸੀ। ਕੇਂਦਰ ਸਰਕਾਰ ਨੇ ਲੂੰਬੜ ਵਰਗੀਆਂ ਚਲਾਕੀਆਂ ਦੇ ਸਹਾਰੇ ਅਕਾਲੀ ਲੀਡਰਾਂ ਨੂੰ ਗੱਲਾਂਬਾਤਾਂ ਤੇ ਮੀਟਿੰਗਾਂ ਵਿਚ ਹੀ ਫਸਾਈ ਰਖਿਆ ਤਾਕਿ ਇਹ ਕਿਹਾ ਜਾਵੇ ਕਿ ਸਰਕਾਰ ਨੇ ਤਾਂ ਹਰ ਕੋਸ਼ਿਸ਼ ਕੀਤੀ ਹੈ ਕਿ ਸ਼ਾਂਤੀ ਪੂਰਵਕ ਇਸ ਜਟਿਲ ਸਮੱਸਿਆ ਦਾ ਹੱਲ ਨਿਕਲ ਆਵੇ ਪਰ ਅਕਾਲੀ ਲੀਡਰ ਹੀ ਇਸ ਸੱਭ ਕਾਸੇ ਦੇ ਜ਼ਿੰਮੇਵਾਰ ਹਨ।     

ਕੇਂਦਰ ਸਰਕਾਰ ਨੇ ਲੂੰਬੜ ਵਰਗੀਆਂ ਚਲਾਕੀਆਂ ਦੇ ਸਹਾਰੇ ਅਕਾਲੀ ਲੀਡਰਾਂ ਨੂੰ ਗੱਲਾਂਬਾਤਾਂ ਤੇ ਮੀਟਿੰਗਾਂ ਵਿਚ ਹੀ ਫਸਾਈ ਰਖਿਆ ਤਾਕਿ ਇਹ ਕਿਹਾ ਜਾਵੇ ਕਿ ਸਰਕਾਰ ਨੇ ਤਾਂ ਹਰ ਕੋਸ਼ਿਸ਼ ਕੀਤੀ ਹੈ ਕਿ ਸ਼ਾਂਤੀ ਪੂਰਵਕ ਇਸ ਜਟਿਲ ਸਮੱਸਿਆ ਦਾ ਹੱਲ ਨਿਕਲ ਆਵੇ ਪਰ ਅਕਾਲੀ ਲੀਡਰ ਹੀ ਇਸ ਸੱਭ ਕਾਸੇ ਦੇ ਜ਼ਿੰਮੇਵਾਰ ਹਨ। ਕੇਂਦਰ ਦੀ ਪੰਜਾਬ ਵਿਰੋਧੀ ਭਾਵਨਾ ਕਿਹੋ ਜਹੀ ਸੀ, ਇਸ ਦਾ ਅੰਦਾਜ਼ਾ ਸਿਰਫ਼ ਇਕ ਗੱਲ ਤੋਂ ਲਗਾਇਆ ਜਾ ਸਕਦਾ ਹੈ। ਅੱਜ ਦੇ ਪੰਜਾਬ ਦੀ ਸਥਾਪਨਾ ਵੇਲੇ ਮਦ 78 ਤੇ 80 ਘੜੀ ਗਈ ਜਿਸ ਅਨੁਸਾਰ ਕੇਂਦਰ ਸਰਕਾਰ ਨੂੰ ਦੋ ਰਾਜਾਂ ਵਿਚ ਝਗੜੇ ਵਿਵਾਦ ਸਬੰਧੀ ਸਾਲਸੀ ਦਾ ਹੱਕ ਦਿਤਾ ਗਿਆ। ਇਹ ਗੱਲ ਵਿਧਾਨ ਦੀਆਂ ਸਥਾਪਤ ਧਾਰਾਵਾਂ ਵਿਰੁਧ ਸੀ।

ਹਰਿਆਣੇ ਵਿਚ ਯਮੁਨਾ ਦਰਿਆ ਦੇ ਪਾਣੀ ਦਾ ਪੂਰਾ ਹੱਕ ਹਰਿਆਣੇ ਨੂੰ ਦਿਤਾ ਗਿਆ, ਜਦੋਂ ਪੰਜਾਬ ਦੇ ਪਾਣੀਆਂ ਨੂੰ ਹਰਿਆਣੇ ਨੂੰ ਦੇਣ ਦੀ ਵਿਵਸਥਾ ਤੇ ਇਸ ਸਬੰਧੀ ਪੂਰਾ ਕੰਟਰੋਲ ਕੇਂਦਰ ਨੇ ਅਪਣੇ ਹੱਥ ਵਿਚ ਰੱਖ ਲਿਆ। ਇੰਦਰਾ ਗਾਂਧੀ ਨੇ ਇਸ ਧਾਰਾ ਦਾ ਸਹਾਰਾ ਲੈਂਦਿਆਂ ਹਰਿਆਣਾ ਤੇ ਰਾਜਸਥਾਨ ਨੂੰ ਪਾਣੀ ਦੇਣ ਦਾ ਇਕਤਰਫ਼ਾ ਫ਼ੈਸਲਾ ਦੇ ਦਿਤਾ। ਪੰਜਾਬ ਨੇ 11 ਜੁਲਾਈ 1979 ਨੂੰ ਇਨ੍ਹਾਂ ਧਾਰਾਵਾਂ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦਿਤੀ। ਪੰਜਾਬ ਨਾਲ ਧੱਕੇ ਦੀ ਗੱਲ ਵੇਖੋ ਕਿ 1981 ਵਿਚ ਇੰਦਰਾ ਗਾਂਧੀ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਨੂੰ ਬੁਲਾ ਕੇ ਅਪਣੇ ਪਹਿਲੇ ਫ਼ੈਸਲੇ ਦੇ ਹਸਤਾਖ਼ਰ ਕਰਵਾ ਲਏ। ਇਸ ਤੋਂ ਉਪਰੰਤ ਇੰਦਰਾ ਗਾਂਧੀ ਨੇ 8 ਅਪ੍ਰੈਲ  1982 ਨੂੰ, ਸ਼ੰਭੂ ਨੇੜੇ ਕਪੂਰੀ ਦੇ ਅਸਥਾਨ ਤੇ ਹਰਿਆਣੇ ਤੇ ਰਾਜਸਥਾਨ ਨੂੰ ਪਾਣੀ ਦੇਣ ਲਈ ਨਵੀਂ ਨਹਿਰ ਦਾ ਟੱਕ ਲਗਾ ਦਿਤਾ। ਇਸੇ ਗੱਲ ਕਰ ਕੇ ਅਕਾਲੀ ਦਲ ਨੇ ਨਹਿਰ ਰੋਕੋ ਮੋਰਚਾ ਕਪੂਰੀ ਦੇ ਅਸਥਾਨ ਤੋਂ ਸ਼ੁਰੂ ਕੀਤਾ।

ਕੇਂਦਰ ਵਿਚ ਇੰਦਰਾ ਗਾਂਧੀ ਦੀ ਬਦਨੀਅਤ ਸਰਕਾਰ ਨੇ ਅਕਾਲੀ ਦਲ ਨਾਲ ਗੱਲਬਾਤ ਦੇ ਢੋਂਗ ਰਚਾਏ। ਇਨ੍ਹਾਂ ਵਿਚ ਸਾਬਕਾ ਕੇਂਦਰੀ ਮੰਤਰੀ ਸਰਦਾਰ ਸਵਰਨ ਸਿੰਘ ਨੂੰ ਪਾਇਆ ਗਿਆ ਤੇ ਜਦੋਂ ਸਾਰੀ ਗੱਲਬਾਤ ਸਿਰੇ ਲੱਗ ਗਈ ਤਾਂ ਕਿਹਾ ਗਿਆ ਕਿ ਬਾਕੀ ਸੂਬਾ ਸਰਕਾਰਾਂ ਦੀ ਵੀ ਪ੍ਰਵਾਨਗੀ ਲਈ ਜਾਣੀ ਚਾਹੀਦੀ ਹੈ। ਆਖ਼ਰ ਕੇਂਦਰੀ ਗ੍ਰਹਿ ਸਕੱਤਰ ਚਤੁਰਵੇਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਸ ਬਣੇ ਤੇ ਸਹਿਮਤੀ ਵਾਲੇ ਖਰੜੇ ਵਿਚ ਹੋਰ ਤਰਮੀਮਾ ਕਰਨਾ ਚਾਹੁੰਦੇ ਹਨ। ਅਕਾਲੀ ਦਲ ਨਾਲ ਕਿਸੇ ਸਮਝੌਤੇ ਤੇ ਅਪੜਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਚੰਗੀ ਭੂਮਿਕਾ ਨਿਭਾਈ।

ਇਹ ਗੱਲ ਲੇਖਕ ਨੂੰ ਕਾਂਗਰਸ ਦੇ ਸਾਬਕਾ ਕੇਂਦਰੀ ਮਤਰੀ ਰਘੁਨੰਦਨ ਲਾਲ ਭਾਟੀਆ ਨੇ ਅਪਣੀ ਭੇਟ ਵਿਚ ਖ਼ੁਦ ਦੱਸੀ ਸੀ। ਸੰਨ 1982 ਤੇ 8 ਮਈ 1984 ਤਕ ਕਈ ਵਾਰੀ ਗੱਲਬਾਤ ਦੇ ਦੌਰ ਚੱਲੇ ਤੇ ਇਨ੍ਹਾਂ ਵਿਚ ਹਰਕਿਸ਼ਨ ਸਿੰਘ ਸੁਰਜੀਤ ਦਾ ਵੀ ਯੋਗਦਾਨ ਸੀ। ਪਰ ਜ਼ਿੱਦੀ ਪ੍ਰਧਾਨ ਮੰਤਰੀ ਹਰ ਸਮੇਂ ਸਮਝੌਤੇ ਨੂੰ ਟਾਲਣ ਦਾ ਹੀ ਬਹਾਨਾ ਘੜੀ ਜਾ ਰਹੀ ਸੀ। ਇਸ ਗੱਲ ਦਾ ਇੰਕਸ਼ਾਫ਼ ਸੁਰਜੀਤ ਸਿੰਘ ਬਰਨਾਲਾ ਨੇ ਅਪਣੀ ਲੇਖਕ ਅਤੇ ਇਕਬਾਲ ਸਿੰਘ ਨਾਲ ਹੋਈ ਸਾਂਝੀ ਭੇਂਟ ਵਿਚ ਦਸਿਆ ਸੀ। ਕਿਤਨੀ ਦੁੱਖਦਾਈ ਗੱਲ ਹੈ ਕਿ ਦੇਸ਼ ਦਾ ਮੀਡੀਆ, ਸਾਰੀਆਂ ਵੱਡੀਆਂ ਅਖ਼ਬਾਰਾਂ ਤੇ ਪੰਜਾਬ ਦਾ ਵਰਨੈਕੁਲਰ ਪ੍ਰੈੱਸ ਸਿੱਖ ਵਿਰੋਧੀ ਹੁੰਦਾ ਗਿਆ। ਮੀਡੀਆ ਕੇਂਦਰ ਸਰਕਾਰ ਦੀ ਬੋਲੀ ਬੋਲਦਾ, ਸਿੱਖਾਂ ਨੂੰ ਵੱਖਵਾਦੀ ਤੇ ਅਤਿਵਾਦੀ ਹੀ ਗ਼ਰਦਾਨਦਾ ਰਿਹਾ। ਕਿਸੇ ਨੇ ਇਹ ਨਾ ਤਾਂ ਸੋਚਿਆ ਅਤੇ ਨਾ ਹੀ ਲਿਖਿਆ ਕਿ ਸਿੱਖਾਂ ਦਾ ਦੇਸ਼ ਦੀ ਆਜ਼ਾਦੀ ਵਿਚ ਕਿੰਨਾ ਵੱਡਾ ਯੋਗਦਾਨ ਸੀ। ਪੰਜਾਬ ਤੇ ਸਿੱਖਾਂ ਦਾ ਮਸਲਾ ਤਾਂ ਰਾਜਨੀਤਕ ਸੀ ਤੇ ਜਿਸ ਨੂੰ ਕਾਨੂੰਨ ਅਵਸਥਾ ਸਮਝ ਲੈਣਾ ਤੇ ਇਹੋ ਜਹੀ ਕਾਰਵਾਈ ਕਰਨੀ, ਕਦਾਚਿਤ ਜਾਇਜ਼ ਨਹੀਂ ਕਹਿਲਾਈ ਜਾ ਸਕਦੀ।

ਸੰਤ ਹਰਚੰਦ ਸਿੰਘ ਇਸ ਸੰਘਰਸ਼ ਦੇ ਡਿਕਟੇਟਰ ਸਨ। ਇਹ ਐਲਾਨ ਕੀਤਾ ਗਿਆ ਕਿ 3 ਜੂਨ 1984 ਤੋਂ ਬਾਅਦ ਪੰਜਾਬ ਵਿਚ ਬਾਹਰਲੇ ਸੂਬਿਆਂ ਨੂੰ ਅਨਾਜ ਨਹੀਂ ਜਾਣ ਦਿਤਾ ਜਾਵੇਗਾ। ਇਸ ਤੋਂ ਪਹਿਲਾਂ 30 ਮਈ ਨੂੰ ਦਰਬਾਰ ਸਾਹਿਬ ਸਮੂਹ ਦੀ ਨਾਕਾਬੰਦੀ ਸੀ.ਆਰ.ਪੀ.ਐਫ਼ ਨੇ ਕਰ ਲਈ ਸੀ ਤੇ ਲਾਗਲੀਆਂ ਉੱਚੀਆਂ ਇਮਾਰਤਾਂ ਤੇ ਅਪਣੀਆਂ ਪਿਕਟਾਂ ਸਥਾਪਤ ਕਰ ਲਈਆਂ ਸਨ। ਇਹ ਵੇਖਦੇ ਹੋਏ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਜਰਨਲ ਸ਼ੂਬੇਗ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਇਹ ਸਮਝ ਆ ਗਈ ਸੀ ਕਿ ਸਰਕਾਰ ਦੀ ਪੁਲਿਸ ਕਿਸੇ ਵੇਲੇ ਵੀ ਦਰਬਾਰ ਸਾਹਿਬ ਸਮੂਹ ਵਿਚ ਦਾਖਲ ਹੋ ਸਕਦੀ ਹੈ। ਇਸ ਨੂੰ ਰੋਕਣ ਲਈ ਸਿੰਘਾਂ ਨੇ ਵੀ ਅਪਣੇ ਛੋਟੇ ਮੋਟੇ ਹਥਿਆਰਾਂ ਸਮੇਤ ਵੱਖ-ਵੱਖ ਮੋਰਚਿਆਂ ਵਿਚ ਬੈਠਣ ਦਾ ਫ਼ੈਸਲਾ ਲੈ ਲਿਆ।

 

ਆਖ਼ਰ ਉਹੀ ਹੋਇਆ ਜਿਸ ਦਾ ਕਿਆਸ ਵੀ ਨਹੀਂ ਸੀ ਕੀਤਾ। 2 ਜੂਨ 1984 ਨੂੰ ਪੰਜਾਬ ਵਿਚ ਕਰਫ਼ਿਊ ਲਗਾ ਦਿਤਾ ਗਿਆ ਤੇ ਸਾਰਾ ਸੂਬਾ ਫ਼ੌਜ ਦੇ ਹਵਾਲੇ ਹੋ ਗਿਆ। ਫ਼ੌਜ ਨੇ ਲਾਈਟ ਮਸ਼ੀਨ ਗੰਨਾਂ ਤੇ ਤੋਪਖਾਨੇ ਨਾਲ ਲੈਸ ਹੁੰਦਿਆਂ, ਸਾਰੇ ਦਰਬਾਰ ਸਾਹਿਬ ਸਮੂਹ ਨੂੰ ਘੇਰਾ ਪਾ ਲਿਆ। 2 ਜੂਨ ਨੂੰ ਭਾਰੀ ਗੋਲਾਬਾਰੀ ਹੋਈ ਪਰ ਸਿੰਘ ਨੇ ਇਸ ਦਾ ਜਵਾਬ ਨਾ ਦਿਤਾ, ਇਸ ਗੋਲਾਬਾਰੀ ਨਾਲ ਕਈ ਸਿੰਘ ਮਾਰੇ ਗਏ। ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਵਸ ਹੋਣ ਕਰ ਕੇ ਬਹੁਤ ਸੰਗਤਾਂ ਹਰਮੰਦਰ ਸਾਹਿਬ ਨਤਮਸਤਕ ਹੋਣ ਆਈਆਂ ਸਨ। ਧਰਮ ਯੁਧ ਮੋਰਚੇ ਕਾਰਨ ਵੀ ਇਕ ਵੱਡੇ ਜਥੇ ਦੇ ਕੋਈ ਪੰਜ ਸੋ ਸਿੰਘ ਸਰਾਂਵਾਂ ਤੇ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਰਹਿ ਰਹੇ ਸਨ। ਚਾਰ ਜੂਨ ਨੂੰ ਭਾਰਤੀ ਫ਼ੌਜ ਵਲੋਂ ਦੋ ਪਾਸਿਆਂ ਤੋਂ ਹਮਲਾ ਹੋਇਆ।

ਇਕ ਹਮਲਾ ਦਰਸ਼ਨੀ ਡਿਉੜੀ ਵਾਲੇ ਪਾਸੇ ਤੋਂ ਤੇ ਦੂਜਾ ਅਕਾਲ ਰੈਸਟ ਹਾਊਸ, ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਤੋਂ ਫ਼ੌਜੀਆਂ ਨੇ ਮਸ਼ੀਨਗੰਨਾਂ ਦੇ ਮੂੰਹ ਖੋਲ੍ਹ ਦਿਤੇ। ਧਰਮ ਯੁਧ ਮੋਰਚੇ ਦੇ ਡਿਕਟੇਟਰ ਸੰਤ ਹਰਚਰਨ ਸਿੰਘ ਲੋਗੋਂਵਾਲ ਤੇ ਗੁਰਚਰਨ ਸਿੰਘ ਟੌਹੜਾ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸਨ। ਸਾਰੇ ਅੰਮ੍ਰਿਤਸਰ ਸ਼ਹਿਰ ਵਿਚ ਬਿਜਲੀ ਕੱਟ ਦਿਤੀ ਗਈ ਤੇ ਟੈਲੀਫ਼ੋਨ ਲਾਈਨਾਂ ਵੀ ਕੰਮ ਨਹੀਂ ਸੀ ਕਰ ਰਹੀਆਂ। ਬਲਵੰਤ ਸਿੰਘ ਰਾਮੂਵਾਲੀਏ ਵਲੋਂ ਲੇਖਕ ਨੂੰ ਦੱਸੇ ਗਏ ਮੁਤਾਬਕ ਸੰਤ ਹਰਚੰਦ ਸਿੰਘ ਨੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਟੈਲੀਫ਼ੋਨ ਮਿਲਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ।

ਚਾਰ ਤਰੀਕ ਦਾ ਪੂਰਾ ਦਿਨ ਭਾਰਤੀ ਫ਼ੌਜ ਨੇ ਭਾਵੇਂ ਤੋਪਖ਼ਾਨੇ ਦੀ ਵਰਤੋਂ ਕਰਦਿਆਂ ਧੂੰਆਧਾਰ ਗੋਲੇ ਦਾਗ਼ੇ ਪਰ ਉਨ੍ਹਾਂ ਨੂੰ ਅਗਾਂਹ ਵਧਣ ਵਿਚ ਕਾਮਯਾਬੀ ਨਾ ਹੋਈ ਕਿਉਂਕਿ ਸਿੰਘ ਉਪਰ ਵਾਲੀਆਂ ਥਾਵਾਂ ਤੇ ਬੈਠੇ ਫ਼ੌਜ ਤੇ ਗੋਲੀਆਂ ਚਲਾਉਂਦੇ, ਉਨ੍ਹਾਂ ਨੂੰ ਅੱਗੇ ਨਹੀਂ ਸੀ ਵਧਣ ਦੇ ਰਹੇ। ਫ਼ੌਜ ਵਲੋਂ ਕੀਤੀ ਫ਼ਾਇਰਿੰਗ ਨਾਲ ਪ੍ਰਕਰਮਾ ਵਿਚ ਕਈ ਸਿੰਘ ਸ਼ਹੀਦ ਹੋ ਗਏ। ਫ਼ੌਜ ਵਲੋਂ ਕੀਤੇ ਇਸ ਭਿਆਨਕ ਹਮਲੇ ਦਾ ਅੱਖੀਂ ਵੇਖਿਆ ਹਾਲ ਗਿਆਨੀ ਪੂਰਨ ਸਿੰਘ ਗ੍ਰੰਥੀ ਦਰਬਾਰ ਸਾਹਿਬ ਸੰਤ ਜਰਨੈਲ ਸਿੰਘ ਦੇ ਸਾਥੀ ਇਕਬਾਲ ਸਿੰਘ, ਜਗਦੀਸ਼ ਸਿੰਘ, ਭਾਈ ਜੋਗਿੰਦਰ ਸਿੰਘ ਤੇ ਬੀਬੀ ਪ੍ਰੀਤਮ ਕੌਰ, ਧਰਮ ਪਤਨੀ ਭਾਈ ਰਸ਼ਪਾਲ ਸਿੰਘ ਪੀ ਏ ਨੇ ਦਸਿਆ ਹੈ। ਸਿੰਘ ਭਾਵੇਂ ਥੋੜੀ ਗਿਣਤੀ ਵਿਚ ਸਨ ਤੇ ਥੋੜੇ ਬਹੁਤ ਹੀ ਹਥਿਆਰ ਸਨ ਪਰ ਉਨ੍ਹਾਂ ਨੇ ਪੂਰੇ ਜ਼ੋਰ ਤੇ ਜੋਸ਼ ਨਾਲ ਭਾਰਤੀ ਫ਼ੌਜ ਦਾ ਟਾਕਰਾ ਕੀਤਾ ਤੇ ਪੁਰਾਤਨ ਸਿੰਘ ਯੋਧਿਆਂ ਦੀਆਂ ਬਹਾਦਰੀਆਂ ਨੂੰ ਮੁੜ ਸੁਰਜੀਤ ਕੀਤਾ।

ਸਰਦਾਰ ਭਾਨ ਸਿੰਘ, ਮਨਜੀਤ ਸਿੰਘ ਤਰਨਤਾਰਨੀ, ਦਰਸ਼ਨ ਸਿੰਘ ਈਸਾਪੁਰ ਤੇ ਬਲਵੰਤ ਸਿੰਘ ਰਾਮੂਵਾਲੀਆ, ਇੱਧਰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸਨ। ਹਿੰਦੁਸਤਾਨੀ ਫ਼ੌਜ ਮਾਡਰਨ ਹਥਿਆਰਾਂ ਨਾਲ ਲੈਸ ਤੇ ਉਪਰੋਂ ਹੈਲੀਕਾਪਟਰਾਂ ਰਾਹੀਂ, ਸਿੰਘਾਂ ਦੇ ਬਣਾਏ ਮੋਰਚਿਆਂ ਪ੍ਰਤੀ ਸੰਦੇਸ਼ ਮਿਲ ਰਹੇ ਸਨ ਤੇ ਕਿਸੇ ਗੱਲੋਂ ਇਹ ਲੜਾਈ ਸਾਵੀਂ ਨਹੀਂ ਸੀ। ਫ਼ੌਜ ਨੇ ਪਾਣੀ ਵਾਲੀ ਟੈਂਕੀ ਜੋ ਗੁਰੂ ਰਾਮਦਾਸ ਸਰਾਂ ਦੇ ਬਿਲਕੁਲ ਲਾਗੇ ਸੀ, ਗੋਲੇ ਮਾਰ-ਮਾਰ ਕੇ ਤੋੜ ਦਿਤੀ।

ਫ਼ੌਜ ਅਪਣੀ ਅਥਾਹ ਫ਼ੌਜੀ ਤਾਕਤ ਦੇ ਸਹਾਰੇ, ਗੁਰੂ ਰਾਮ ਦਾਸ ਸਰਾਂ ਵਿਚ ਦਾਖ਼ਲ ਹੋ ਗਈ ਤੇ ਸੈਂਕੜੇ ਸਿੱਖ ਯਾਤਰੂਆਂ ਨੂੰ ਗੋਲੀਆਂ ਨਾਲ ਵਿੰਨ੍ਹ ਦਿਤਾ ਗਿਆ ਜਿਸ ਵਿੱਚ ਬੀਬੀਆਂ ਤੇ ਬੱਚੇ ਵੀ ਸ਼ਾਮਲ ਸਨ। ਕੁੱਝ ਸਿੰਘ ਤੇ ਯਾਤਰੂ ਜਿਨ੍ਹਾਂ ਨੇ ਲਾਗਲਿਆਂ ਰਸਤਿਆਂ ਦਾ ਪਤਾ ਸੀ ਉਹ ਬਾਗ਼ ਵਾਲੀ ਗਲੀ ਰਾਹੀਂ ਬਾਹਰ ਨਿਕਲ ਗਏ। ਗੁਰੂ ਰਾਮਦਾਸ ਸਰਾਂ ਦੇ ਵਿਹੜੇ ਵਿਚ ਲਾਸ਼ਾਂ ਦੇ ਢੇਰ ਵਿੱਛ ਗਏ ਤੇ ਕਈ ਯਾਤਰੂਆਂ ਨੂੰ ਉਨ੍ਹਾਂ ਲਾਸ਼ਾਂ ਤੋਂ ਉਪਰੋਂ ਦੀ ਭਜਾਉਂਦੇ ਹੋਏ ਗੋਲੀਆਂ ਮਾਰ ਦਿਤੀਆਂ ਗਈਆਂ। ਲੇਖਕ ਦੀ ਕਿਤਾਬ 'ਮੂੰਹੋ ਬੋਲਦਾ ਇਤਿਹਾਸ' ਵਿਚ ਇਨ੍ਹਾਂ ਸੱਭ ਨਾਲ ਹੋਈਆਂ ਵਾਰਤਾਵਾਂ ਦਾ ਵਿਸਥਾਰ ਨਾਲ ਵੇਰਵਾ ਦਿਤਾ ਗਿਆ ਹੈ।

ਭਾਰਤੀ ਫ਼ੌਜ ਨੂੰ ਦਰਬਾਰ ਸਾਹਿਬ, ਪ੍ਰਕਰਮਾਂ ਵਿਚ ਦਾਖਲ ਹੋਣ ਵਿਚ ਕਾਮਯਾਬੀ ਨਹੀਂ ਸੀ ਮਿਲ ਰਹੀ ਤੇ ਆਖ਼ਰ ਟੈਂਕਾਂ ਦੀ ਵਰਤੋਂ ਕੀਤੀ ਗਈ। ਅਗਨੀ ਗੋਲੇ ਤੇ ਅਥਾਹ ਗੋਲਾਬਾਰੀ ਤੇ ਸਹਾਰੇ ਟੈਂਕ ਪ੍ਰਕਰਮਾਂ ਵਿਚੋਂ ਵਧਣੇ ਸ਼ੁਰੂ ਹੋਏ। ਫ਼ੌਜ ਦੀ ਇਸ ਗੋਲੀਬਾਰੀ ਕਾਰਨ ਲਾਗਲੇ ਮਕਾਨ ਤਾਂ ਢਹਿ ਗਏ। ਦਰਬਾਰ ਸਾਹਿਬ ਵਿਚ ਨਿਰੰਤਰ ਗੁਰਬਾਣੀ ਕੀਰਤਨ ਦੀ ਪ੍ਰੰਪਰਾ ਰੁਕ ਗਈ। ਫ਼ੌਜ ਨੇ 6 ਤਰੀਕ ਨੂੰ ਅਕਾਲ ਤਖ਼ਤ ਸਾਹਿਬ ਦੀ ਖ਼ੂਬਸੂਰਤ ਇਮਾਰਤ ਢਹਿ ਢੇਰੀ ਕਰ ਦਿਤੀ। ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਕੁੱਝ ਸਾਥੀ ਅਕਾਲੀ ਤਖ਼ਤ ਸਾਹਿਬ ਤੋਂ ਬਾਹਰ ਨਿਕਲੇ।

ਉਨ੍ਹਾਂ ਨੇ ਹਰਮੰਦਰ ਸਾਹਿਬ ਨੂੰ ਬਾਹਰੋਂ ਨਮਸਕਾਰ ਕੀਤੀ ਤੇ ਫ਼ੌਜ ਵਲੋਂ ਮਸ਼ੀਨ ਗੰਨਾਂ ਦੀ ਗੋਲਾਬਾਰੀ ਨਾਲ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਭਰੋਸੇ ਵਾਲੇ ਸਾਥੀ ਭਾਈ ਅਮਰੀਕ ਸਿੰਘ, ਨਿਸ਼ਾਨ ਸਾਹਿਬ ਦੇ ਲਾਗੇ ਹੀ ਸ਼ਹੀਦ ਹੋ ਗਏ। ਜਨਰਲ ਸੁਬੇਗ ਸਿੰਘ ਇਕ ਦਿਨ ਪਹਿਲਾਂ ਹੀ ਭਾਰਤੀ ਫ਼ੌਜ ਦੀ ਗੋਲੀਆਂ ਦਾ ਨਿਸ਼ਾਨਾ ਬਣ ਚੁੱਕੇ ਸਨ। ਭਾਈ ਅਮਰੀਕ ਸਿੰਘ ਦੇ ਭਰਾ ਭਾਈ ਮਨਜੀਤ ਸਿੰਘ ਨੇ ਦਸਿਆ ਕਿ ਬਕਤਰਬੰਦ ਗੱਡੀਆਂ ਨੂੰ ਅੱਗੋਂ ਲੜਦੇ ਸਿੰਘਾਂ ਨੇ ਮਾਰ-ਮਾਰ ਕੇ ਵਾਪਸ ਭੇਜ ਦਿਤਾ। ਧੂਆਂ ਤੇ ਗੈਸਾਂ ਫ਼ੌਜ ਵਲੋਂ ਛੱਡੀਆਂ ਗਈਆਂ ਤੇ ਆਸਮਾਨ ਤਕ ਲਾਈਟਾਂ ਛੱਡ ਕੇ, ਖਾੜਕੂਆਂ ਦੇ ਟਿਕਾਣੇ ਮੋਰਚੇ ਤੇ ਪੈੜ ਲੱਭਣ ਦੀ ਫ਼ੌਜ ਨੇ ਕੋਸ਼ਿਸ਼ ਕੀਤੀ।

ਸੰਤ ਜਰਨੈਲ ਸਿੰਘ ਨੇ ਖ਼ੁਦ ਸ਼ਹੀਦ ਹੋਣ ਤੋਂ ਪਹਿਲਾਂ ਅਪਣੇ ਸਾਥੀਆਂ ਨੂੰ ਕਿਹਾ ਕਿ ''ਜਿਹੜੇ ਸਿੰਘ ਜਾਣਾ ਚਾਹੁੰਦੇ ਹਨ, ਉਹ ਜਾ ਸਕਦੇ ਹਨ ਪਰ ਮੈਂ ਤਾਂ ਸ਼ਹੀਦੀ ਦੇ ਦੇਣੀ ਹੈ।'' ਉਹ ਸਾਥੀ ਜਿਹੜੇ ਉਥੇ ਸਨ, ਉਨ੍ਹਾਂ ਦਸਿਆ ਕਿ ਜਦੋਂ ਸੰਤ ਭਿੰਡਰਾਂਵਾਲਾ ਨੇ ਜਦੋਂ ਇਹ ਗੱਲ ਆਖੀ ਤਾਂ ਸਾਰਾ ਮਾਹੌਲ ਬਹੁਤ ਵਾਲਾ ਮਾਯੂਸੀ ਹੋ ਗਿਆ।
ਸੈਂਕੜੇ ਬੰਦੇ ਗੁਰੂ ਰਾਮਦਾਸ ਨਿਵਾਸ ਤੇ ਪ੍ਰਕਰਮਾਂ ਵਿਚ ਬੰਦ ਕਮਰਿਆਂ ਵਿਚ ਮਾਰੇ ਗਏ ਤੇ ਬਾਕੀਆਂ ਨੂੰ ਫੜ ਕੇ ਫ਼ੌਜੀਆਂ ਨੇ ਲਾਈਨਾਂ ਵਿਚ ਬਿਠਾ ਲਿਆ। ਉਨ੍ਹਾਂ ਦੇ ਗਾਤਰੇ ਲੁਹਾ ਦਿਤੇ ਗਏ ਤੇ ਇਹ ਸਾਰੇ ਕਿਸੇ ਆਉਣ ਵਾਲੀ ਅਣਹੋਣੀ ਘੜੀ ਦਾ ਇੰਤਜ਼ਾਰ ਕਰ ਰਹੇ ਸਨ। ਜੂਨ ਦੇ ਮਹੀਨੇ ਦੀ ਅਤਿ ਵਾਲੀ ਗਰਮੀ, ਉਪਰੋਂ ਨਾ ਕੋਈ ਪੱਖਾ ਤੇ ਨਾ ਹੀ ਪੀਣ ਨੂੰ ਪਾਣੀ।

ਕਈ ਸ਼ਰਧਾਲੂ ਟੈਂਕੀ ਵਿਚੋਂ ਆਏ ਹੋਏ ਪਾਣੀ, ਜਿਸ ਵਿਚ ਕਈਆਂ ਦਾ ਖ਼ੂਨ ਵੀ ਰਲਿਆ ਸੀ, ਉਹ ਅਪਣੀਆਂ ਬੁਨੈਣਾਂ ਗਿੱਲੀਆਂ ਕਰ ਕੇ ਮੂੰਹ ਨੂੰ ਲਗਾਉਂਦੇ ਰਹੇ। ਇਹ ਨਿਰਦਈ ਫ਼ੌਜ ਵਾਲੇ ਰਈਫ਼ਲਾਂ ਦੇ ਬੱਟਾਂ ਨਾਲ, ਸਿੰਘਾਂ ਨੂੰ ਮਾਰਦੇ ਰਹੇ। ਸਰਾਂ ਦੇ ਕਮਰਿਆਂ ਵਿਚ ਹੈਂਡ ਗਰਨੇਡ ਸੁੱਟ ਕੇ ਅੰਦਰ ਬੈਠੇ ਸਾਰੇ ਸਿੰਘ ਤੇ ਯਾਤਰੂ ਮਾਰ ਦਿਤੇ ਗਏ। ਇਕ ਘਟਨਾਂ ਦਾ ਜ਼ਿਕਰ ਇਥੇ ਕਰਨਾ ਹੈ, ਜਿਹੜੀ ਮਨਜੀਤ ਸਿੰਘ ਤਰਨਤਾਰਨੀ ਨੇ ਲੇਖਕ ਨਾਲ ਸਾਂਝੀ ਕੀਤੀ।

ਉਹ ਇਸ ਤਰ੍ਹਾਂ ਹੈ ਕਿ ਇਕ ਸਿੱਖ ਬੀਬੀ ਦਾ ਪਤੀ ਮਾਰਿਆ ਗਿਆ ਤੇ ਨਾਲ ਹੀ ਉਸ ਦਾ ਛੋਟਾ ਜਿਹਾ ਬੱਚਾ ਵੀ ਅੰਨ੍ਹੇ ਵਾਹ ਗੋਲੀਆਂ ਚਲਦਿਆਂ ਦਮ ਤੋੜ ਗਿਆ ਤੇ ਉਸ ਦੀ ਮਾਂ ਨੇ ਅਪਣੇ ਬੱਚੇ ਦੀ ਲਾਸ਼ ਨੂੰ ਉਸ ਦੇ ਪਿਤਾ ਦੀ ਲਾਸ਼ ਉਤੇ ਰੱਖ ਦਿਤਾ, ਜਿੱਥੇ ਹੋਰ ਵੀ ਸੈਂਕੜੇ ਲਾਸ਼ਾਂ ਪਈਆਂ ਸਨ। ਜਿਹੜੇ ਬੰਦੇ ਫੜੇ ਗਏ, ਉਨ੍ਹਾਂ ਦੇ ਹੱਥ ਪਿੱਛੇ ਬੰਨ੍ਹ ਕੇ ਇਵੇਂ ਕੁਟਿਆ ਗਿਆ, ਜਿਵੇਂ ਛੱਲੀਆਂ ਨੂੰ ਕੁੱਟ-ਕੁੱਟ ਕੇ ਦਾਣੇ ਉਤਾਰੇ ਜਾਂਦੇ ਹਨ। ਪੈਰੋਂ ਨੰਗੇ, ਸ੍ਰੀਰ ਤੇ ਸਿਵਾਏ ਕਛਹਿਰੇ ਦੇ ਕੋਈ ਹੋਰ ਕਪੜਾ ਨਹੀਂ ਤੇ ਹੱਥ ਬੰਨ੍ਹੇ ਹੋਏ ਤੇ ਉਪਰੋਂ ਇਹ ਭੂਤਰੇ ਹੋਏ ਫ਼ੌਜੀ ਜਵਾਨ, ਸਿੰਘਾਂ ਨੂੰ ਮਾਰਦੇ ਤੱਤੀਆਂ ਸੜਕਾਂ ਤੇ ਪੈਦਲ ਤੋਰ ਰਹੇ ਸਨ। ਇਸ ਸਾਰੇ ਸਮੇਂ ਦੌਰਾਨ ਕੋਈ ਹਿੰਦੂ-ਸਿੱਖ ਫਸਾਦ ਤਾਂ ਨਹੀਂ ਸਨ ਹੋਏ ਪਰ ਜਦੋਂ ਫ਼ੌਜੀ, ਇਨ੍ਹਾਂ ਨਿਹੱਥੇ ਸਿੰਘਾਂ ਨੂੰ ਕੁਟਦਿਆਂ ਲੈ ਜਾ ਰਹੇ ਸੀ ਤਾਂ ਇਹ ਹਿੰਦੂ ਵੀਰ ਮੌਕ-ਦਰਸ਼ਕ ਬਣੇ ਤਮਾਸ਼ਾ ਵੇਖਦੇ, ਫ਼ੌਜੀਆਂ ਨੂੰ ਠੰਢੇ ਪਿਲਾ ਰਹੇ ਸੀ।

ਫ਼ੌਜ ਦਾ ਦਰਬਾਰ ਸਾਹਿਬ ਸਮੂਹ ਤੇ ਮੁਕੰਮਲ ਕਬਜ਼ਾ ਹੋ ਗਿਆ। ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚੋਂ ਧੂੰਏ ਦੀਆਂ ਲਾਟਾਂ ਨਿਕਲ ਰਹੀਆਂ ਸਨ। ਸਾਡੇ ਇਸ ਮੁਕੱਦਸ ਅਸਥਾਨ ਦੀਆਂ ਪ੍ਰਕਰਮਾਂ, ਜਿਥੇ ਬੀਬੀਆਂ ਸਤਿਕਾਰ ਸਾਹਿਤ ਅਪਣੇ ਦੁਪੱਟਿਆਂ ਨਾਲ ਪੂੰਝ ਪੁਝਾਈ ਕਰਦੀਆਂ ਸਨ, ਉਥੇ ਇਹ ਫ਼ੌਜੀ ਜੁਤੀਆਂ ਪਾ ਕੇ ਹਰਲ-ਹਰਲ ਕਰਦੇ, ਪ੍ਰਕਰਮਾਂ ਦੇ ਵਰਾਂਡਿਆਂ ਵਿਚ ਮੰਜੀਆਂ ਪਾ ਕੇ ਤੇ ਪਵਿੱਤਰ ਸਰੋਵਰ ਵਿਚ ਕਪੜੇ ਧੋਂਦੇ ਵੇਖੇ ਗਏ। ਕੇਂਦਰ ਸਰਕਾਰ ਦੀ ਬਦਨੀਤੀ ਤੇ ਨਾਲ ਹੀ ਸਿੱਖ ਲੀਡਰਾਂ ਵਿਚ ਦੂਰ ਅੰਦੇਸ਼ੀ ਦੀ ਘਾਟ ਕਰ ਕੇ ਸਿੱਖਾਂ ਦੀ ਅਣਖ ਨੂੰ ਰੋਲਿਆ ਗਿਆ।

ਸਾਡੇ ਅਕਾਲੀ ਦਲ ਦੇ ਵਰਤਮਾਨ ਲੀਡਰ, ਜਨਸੰਘੀ ਆਗੂਆਂ ਨੂੰ ਜੱਫ਼ੀਆਂ ਪਾਉਂਦੇ ਰਹੇ ਹਨ ਪਰ ਨਾ ਭੁਲੀਏ ਕਿ ਇਨ੍ਹਾਂ ਭਾਜਪਾਈ ਆਗੂਆਂ ਨੇ ਇੰਦਰਾ ਗਾਂਧੀ ਨੂੰ ਫ਼ੌਜ ਭੇਜਣ ਦੀ ਵਕਾਲਤ ਕੀਤੀ ਸੀ। ਅਸੀ ਇਹ ਗੱਲ ਅਪਣੇ ਕੋਲੋਂ ਨਹੀਂ ਕਹਿ ਰਹੇ ਬਲਕਿ ਲਾਲ ਕ੍ਰਿਸ਼ਨ ਅਡਵਾਨੀ ਨੇ ਅਪਣੀ ਕਿਤਾਬ ਵਿਚ ਇਸ ਗੱਲ ਦਾ ਇੰਕਸ਼ਾਫ਼ ਕੀਤਾ ਹੈ। ਕਿਹਾ ਜਾਂਦਾ ਹੈ ਕਿ ਜੋ ਹੋ ਗਿਆ ਸੋ ਹੋ ਗਿਆ ਤੇ ਸਿੱਖ ਇਸ ਹੋਏ ਕਾਰੇ ਨੂੰ ਭੁੱਲ ਜਾਣ। ਸਵਾਲ ਇਸ ਗੱਲ ਦਾ ਹੈ ਕਿ ਸਿੱਖ ਕੌਮ ਇਸ ਨਿਰਦਈ ਕਾਰੇ ਨੂੰ ਕਿਉਂ ਭੁੱਲੇ। ਸਿੰਘਾਪੁਰ ਹਾਈ ਕੋਰਟ ਦੇ ਸਾਬਕਾ ਜੱਜ ਸਰਦਾਰ ਚੂਹੜ ਸਿਘ ਨੇ ਲਿਖਿਆ ਹੈ, ''ਸਾਨੂੰ ਕਹਿੰਦੇ ਹਨ ਕਿ ਜੂਨ '84 ਦੇ ਸਾਕੇ ਨੂੰ ਭੁੱਲ ਜਾਉ। ਅਸੀਂ ਕਿਉਂ ਭੁਲੀਏ, ਅਸੀ ਤੱਦ ਤਕ ਬੋਲੀ ਜਾਵਾਂਗੇ ਜਦ ਤਕ ਸਾਡੀਆਂ ਜ਼ੁਬਾਨਾਂ ਸੀ ਨਹੀਂ ਦਿਤੀਆਂ ਜਾਂਦੀਆਂ।''

ਇਸ ਘਾਤਕ ਫ਼ੌਜੀ ਹਮਲੇ ਨੇ ਸਿੱਖਾਂ ਦੀ ਸੋਚ ਬਦਲ ਦਿਤੀ। ਅਮਰੀਕਾ ਵਿਚ ਰਹਿੰਦੇ ਇਕ ਸਿੱਖ ਨੇ ਅਪਣੇ ਦਿਲ ਦੀ ਅਵਸਥਾ ਦਸਦੇ ਹੋਏ ਕਿਹਾ, ''ਅਕਾਲ ਤਖ਼ਤ ਤੇ ਹਮਲਾ 6 ਜੂਨ ਨੂੰ ਸਾਡੇ ਲਈ ਜ਼ੀਰੋ ਟਾਈਮ ਹੋ ਗੁਜ਼ਰਿਆ ਸੀ।'' ਮਤਲਬ ਕਿ ਉਨ੍ਹਾਂ ਲਈ ਜੀਵਨ ਕਿਸੇ ਮਾਇਨੇ ਜੋਗਾ ਨਹੀਂ ਸੀ ਰਹਿ ਗਿਆ। ਸਿੱਖ ਕੌਮ ਦੇ ਵੱਡੇ ਵਿਦਵਾਨ, ਦਾਰਸ਼ਨਿਕ, ਸਾਬਕਾ ਮੈਂਬਰ ਪਾਰਲੀਮੈਂਟ ਸਿਰਦਾਰ ਕਪੂਰ ਸਿੰਘ ਆਈ ਸੀ ਐਸ ਦੇ ਖ਼ੂਬਸੂਰਤ ਸ਼ਬਦਾਂ ਵਿਚ,

''ਸ੍ਰੀ ਹਰਮੰਦਰ ਸਾਹਿਬ ਦੀ ਹੈਸੀਅਤ ਤੇ ਰੁਤਬਾ ਅਨੂਠਾ ਹੈ। ਇਹ ਸਿੱਖਾਂ ਦਾ ਮੱਕਾ ਹੈ, ਧਾਰਮਕ ਮਰਕਜ਼ ਹੈ। ਇਹ ਕੌਮ ਦਾ ਸੇਂਟ ਪੀਟਰਜ਼ ਹੈ, ਇਹ ਸਿੱਖ ਧਰਮ ਦਾ ਯੁਰੋਸ਼ੁਲਮ ਹੈ।''

ਸੰਸਾਰ ਵਿਚ ਵਸਦੇ ਹਰ ਸਿੱਖ ਦੀ ਆਤਮਾ ਤੜਪ ਉਠੀ ਤੇ ਸਿੱਖਾਂ ਨੇ ਘਰਾਂ ਦੇ ਚੁਲ੍ਹਿਆਂ ਵਿਚ ਅੱਗ ਤਕ ਨਾ ਬਾਲੀ। ਕੇਂਦਰ ਸਰਕਾਰ ਦੀ ਬੇਸ਼ਰਮੀ, ਢੀਠਤਾ ਤੇ ਝੂਠ ਦੀ ਹੱਦ ਵੇਖੋ ਕਿ ਸਰਕਾਰ ਦੇ ਵਾਈਟ ਪੇਪਰ (ਨਿਰਾ ਝੂਠ ਦਾ ਪੁਲੰਦਾ) ਨੇ ਹਰ ਕਾਰਵਾਈ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਤੇ ਵਰਤਮਾਨ ਸਿੱਖ ਇਤਿਹਾਸ ਨੂੰ ਗੰਧਲਾ ਕਰਨ ਦੀ ਹਮਾਕਤ ਕੀਤੀ ਹੈ। ਇਸ ਸਰਕਾਰ ਵਲੋਂ ਕਿਹਾ ਗਿਆ ਸੱਭ ਕੁੱਝ, ਸਚਾਈਆਂ ਤੋਂ ਕੋਹਾਂ ਦੂਰ ਹੈ। ਗੁਰੂ ਗ੍ਰੰਥ ਸਾਹਿਬ ਵਿਚ ਇਕ ਪੰਕਤੀ ਪੰਨਾ-767 ਤੇ ਇਸ ਤਰ੍ਹਾਂ ਹੈ :-
ਮਨ ਪ੍ਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ।
ਕਿਸ ਪਹਿ ਖੋਲਉ ਗੰਠੜੀ ਦੂਖੀ ਭਰਿ ਆਇਆ।
ਦੁਖੀ ਭਰ ਆਇਆ ਜਗਤ ਸਬਾਇਆ।
ਕਉਣ ਜਾਣੈ ਬਿਧਿ ਮੇਰੀਆ।

ਅਕਾਲ ਤਖ਼ਤ ਸਾਹਿਬ ਦੀ ਢਹੀ ਇਮਾਰਤ ਤੇ ਹਰਿਮੰਦਰ ਸਾਹਿਬ ਤੇ ਅੰਦਰ ਬਿਰਾਜਮਾਨ ਪਾਵਨ ਸਰੂਪ ਤੇ ਲਗੀਆਂ ਗੋਲੀਆਂ ਵੇਖ ਕੇ ਹਰ ਸਿੱਖ ਦਾ ਹਿਰਦਾ ਛਲਣੀ-ਛਲਣੀ ਹੋ ਗਿਆ। ਸਿੱਖ ਨੌਜੁਆਨਾਂ ਨੂੰ ਲੇਖਕ ਨੇ ਖ਼ੁਦ ਜੂਨ '84 ਵਿਚ ਇਹ ਸੱਭ ਵੇਖ ਕੇ ਕਚੀਚੀਆਂ ਵਟਦਿਆਂ ਵੇਖਿਆ। ਪ੍ਰਤੱਖ ਸਮਝ ਆਉਂਦੀ ਸੀ ਕਿ ਕੋਈ ਜੁਝਾਰੂ, ਅਣਖੀ ਤੇ ਮਰਦ ਕਾ ਚੇਲਾ, ਕੌਮ ਤੇ ਹੋਏ ਅਪਮਾਨ ਦਾ ਬਦਲਾ ਜ਼ਰੂਰ ਲਵੇਗਾ ਤੇ ਅਖ਼ੀਰ ਇਹੀ ਕੁੱਝ ਹੋਇਆ। ਅੱਜ ਅਕਾਲ ਤਖ਼ਤ ਸਾਹਿਬ ਦੀ ਪੁਨਰ ਉਸਾਰੀ ਤੋਂ ਬਾਅਦ ਵੀ ਉਸ ਸਮੇਂ ਦੀ ਨਿਰਦਈ ਸਰਕਾਰ ਵਲੋਂ ਕੀਤੇ ਗਏ ਫ਼ੌਜੀ ਹਮਲੇ ਦੀ ਯਾਦ ਨਾਲ ਦਿਲ ਵਿਚ ਧੂਹ ਪੈਂਦੀ ਹੈ ਤੇ ਇਹ ਕਹਿਣ ਨੂੰ ਜੀਅ ਕਰਦਾ ਹੈ ਕਿ, ''ਅਬ ਤੋਂ ਸ਼ਰਮ ਆਤੀ ਹੈ ਵਤਨ ਕੋ ਵਤਨ ਕਹਿਤੇ ਹੂਏ।''
ਸੰਪਰਕ : 88720-06924