ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਖਿੱਚੋਤਾਣ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦਵਾਰਾ ਕਮੇਟੀ ਅਤੇ ਸਰਕਾਰ ਵਲੋਂ ਵੱਖ-ਵੱਖ ਸਮਾਗਮ ਕਰਨ ਦੀ ਸੰਭਾਵਨਾ ਬਣੀ

Guru Purb

ਚੰਡੀਗੜ੍ਹ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਬੇਸ਼ਕ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਨੂੰ ਮਿਲ ਕੇ ਮਨਾਉਣ ਦੀ ਗੱਲ ਕਰ ਰਹੇ ਹਨ ਪ੍ਰੰਤੂ ਲਗਦਾ ਨਹੀਂ ਕਿ ਦੋਵੇਂ ਧਿਰਾਂ ਇਕੱਠੇ ਸਮਾਗਮ ਕਰ ਸਕਣ। ਦੋਵਾਂ ਹੀ ਧਿਰਾਂ ਵਲੋਂ ਹੁਣੇ ਤੋਂ ਹੀ ਇਸ ਕਿਸਮ ਦੇ ਹਾਲਾਤ ਬਣਾਉਣੇ ਆਰੰਭ ਦਿਤੇ ਗਏ ਹਨ ਜਿਸ ਤੋਂ ਸਪਸ਼ਟ ਸੰਕੇਤ ਮਿਲਦੇ ਹਨ ਕਿ ਦੋਵੇਂ ਹੀ ਧਿਰਾਂ ਪ੍ਰਕਾਸ਼ ਪੁਰਬ ਮੌਕੇ ਵੱਖ ਵੱਖ ਸਮਾਗਮ ਕਰਨਗੀਆਂ।

ਦੋ ਦਿਨ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਦੇ ਇਕ ਵਫ਼ਦ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਮੁੱਖ ਸਮਾਗਮ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ। ਇਸ ਵਫ਼ਦ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਅਕਾਲੀ ਦਲ ਦੇ ਹੋਰ ਕਈ ਸੀਨੀਅਰ ਨੇਤਾ ਵੀ ਸ਼ਾਮਲ ਸਨ। ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀਆਂ ਨੇ ਅਕਾਲੀ ਦਲ ਦੀ ਇਸ ਕਾਰਵਾਈ ਨੂੰ ਠੀਕ ਨਹੀਂ ਸਮਝਿਆ ਅਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ।

ਪਿਛਲੇ ਦਿਨ ਜਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁਛਿਆ ਗਿਆ ਕਿ ਪ੍ਰਧਾਨ ਮੰਤਰੀ ਨੂੰ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਸੱਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਵਲੋਂ ਦੇਣ ਦੀ ਕਾਰਵਾਈ 'ਤੇ ਪੰਜਾਬ ਸਰਕਾਰ ਦੇ ਮੰਤਰੀਆਂ ਵਲੋਂ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਗਿਆ ਹੈ ਕਿ ਗੁਰਦਵਾਰਾ ਸਾਹਿਬ ਦੇ ਅੰਦਰ ਦੇ ਸਮਾਗਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਜਾਣਗੇ ਅਤੇ ਬਾਹਰ ਦੇ ਸਮਾਗਮ ਪੰਜਾਬ ਸਰਕਾਰ ਕਰਵਾਏਗੀ।

ਸ. ਬਾਦਲ ਨੇ ਕਿਹਾ ਕਿ ਇਹ ਠੀਕ ਹੈ ਕਿ ਬਾਹਰ ਦੀਆਂ ਸੜਕਾਂ ਦੀ ਮੁਰੰਮਤ ਸੰਗਤ ਦੇ ਰਹਿਣ ਦੇ ਪ੍ਰਬੰਧ, ਅਮਨ ਕਾਨੂੰਨ ਬਣਾਈ ਰੱਖਣ ਆਦਿ ਵਰਗੇ ਕੰਮ ਸਰਕਾਰ ਹੀ ਕਰੇਗੀ ਪ੍ਰੰਤੂ ਪ੍ਰਕਾਸ਼ ਪੁਰਬਰ ਦੇ ਸਮਾਗਮ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੀ ਕਰੇਗੀ। ਇਸ ਮੁੱਦੇ 'ਤੇ ਜਦ ਸਰਕਾਰੀ ਪੱਖ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਅਹਿਮ ਧਾਰਮਕ ਪ੍ਰਕਾਸ਼ ਪੁਰਬ ਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਵੀ ਅਕਾਲੀ ਦਲ ਦਾ ਹੀ ਕਬਜ਼ਾ ਹੈ ਅਤੇ ਉਹ ਸਰਕਾਰ ਨਾਲ ਮਿਲ ਕੇ ਸਮਾਗਮ ਨਹੀਂ ਕਰਨਾ ਚਾਹੁੰਦੇ।

ਇਸੀ ਤਰ੍ਹਾਂ ਪੰਜਾਬ ਸਰਕਾਰ ਖ਼ਾਸ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਟੇਜ 'ਤੇ ਜਾਣਾ ਪਸੰਦ ਨਹੀਂ ਕਰਨਗੇ ਅਤੇ ਨਾ ਹੀ ਅਕਾਲੀ ਨੇਤਾ ਕਾਂਗਰਸ ਸਰਕਾਰ ਦੀ ਸਟੇਜ 'ਤੇ ਜਾਣਾ ਪਸੰਦ ਕਰਨਗੇ। ਇਸ ਤਰ੍ਹਾਂ ਅਖ਼ੀਰ ਦੋਵਾਂ ਹੀ ਧਿਰਾਂ ਵਲੋਂ ਪ੍ਰਕਾਸ਼ ਪੁਰਬ ਮੌਕੇ ਵੱਖ ਵੱਖ ਸਮਾਗਮ ਕੀਤੇ ਜਾਣ ਦੇ ਆਸਾਰ ਬਣਨ ਲੱਗੇ ਹਨ। ਪੰਜਾਬ ਦੇ ਸੀਨੀਅਰ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਿਛਲੇ ਦਿਨ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਸਾਂਝਾ ਸਮਾਗਮ ਕਰਨ ਉਪਰ ਜ਼ੋਰ ਦੇਣਗੇ। ਸੱਭ ਕੁੱਝ ਮਿਲ ਕੇ ਕਰਨ ਦੇ ਵਿਖਾਵੇ ਦੇ ਬਾਵਜੂਦ ਦੋਵੇਂ ਹੀ ਧਿਰਾਂ ਵੱਖ ਵੱਖ ਸਮਾਗਮਾਂ ਦੀਆਂ ਤਿਆਰੀਆਂ ਵਿਚ ਰੁਝੀਆਂ ਹੋਈਆਂ ਹਨ।