ਅਨੁਪਮ ਖੇਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤੁਕਾਂ ਦੇ ਗ਼ਲਤ ਉਚਾਰਨ ਲਈ ਮਾਫ਼ੀ ਮੰਗੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਟਵੀਟ ਕਰ ਕੇ ਤੁਕਾਂ ਨੂੰ ਵਿਗਾੜ ਕੇ ਪੇਸ਼ ਕਰਦਿਆਂ ਭਾਜਪਾ ਬੁਲਾਰੇ ਦੀ ਤੁਲਨਾ ਗੁਰੂ ਜੀ ਨਾਲ ਕਰਨ ਦਾ ਯਤਨ ਕੀਤਾ ਸੀ

Anupam Kher

ਚੰਡੀਗੜ੍ਹ, 2 ਜੁਲਾਈ (ਗੁਰਉਪਦੇਸ਼ ਭੁੱਲਰ): ਫ਼ਿਲਮੀ ਅਦਾਕਾਰ ਅਤੇ ਚੰਡੀਗੜ੍ਹ ਤੋਂ ਭਾਜਪਾ ਐਮ.ਪੀ. ਕਿਰਨ ਖੇਰ ਦੇ ਪਤੀ ਅਨੁਪਮ ਖੇਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਉਚਾਰੀਆਂ ਗਈਆਂ ਤੁਕਾਂ ਨੂੰ ਤਰੋੜ ਮਰੋੜ ਕੇ ਗ਼ਲਤ ਤਰੀਕੇ ਨਾਲ ਬੋਲਣ ਕਾਰਨ ਕਸੂਤੇ ਘਿਰ ਗਏ ਹਨ। ਉਨ੍ਹਾਂ ਨੇ ਕਾਂਗਰਸ ਦੇ ਮੁੱਖ ਬੁਲਾਰੇ ਸੰਬਤ ਪਾਤਰਾ ਦੀ ਤੁਲਨਾ ਗੁਰੂ ਗੋਬਿੰਦ ਸਿੰਘ ਜੀ ਬਰਾਬਰ ਕਰਨ ਕਰ ਕੇ ਟਵੀਟ ਵਿਚ ਗੁਰੂ ਜੀ ਦੀਆਂ ਤੁਕਾਂ ਨੂੰ ਵਿਗਾੜ ਕੇ ਲਿਖਿਆ ਹੈ ਕਿ ‘ਸਵਾ ਲਾਖ ਸੇ ਏਕ ਭਿੜਾ ਦੂੰ।’ ਇਹ ਉਨ੍ਹਾਂ ਸੰਬਤ ਪਾਤਰਾ ਨੂੰ ਟੈਗ ਕੀਤਾ ਹੈ।

ਇਸ ਟਵੀਟ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਸ ਹੈ। ਚੰਡੀਗੜ੍ਹ ਵਿਚ ਯੂਥ ਕਾਂਗਰਸ ਵਲੋਂ ਅਨੁਪਮ ਖੇਰ ਵਿਰੁਧ ਜ਼ੋਰਦਾਰ ਰੋਸ ਮੁਜ਼ਾਹਰਾ ਕਰ ਕੇ ਉਸ ਦਾ ਪੁਤਲਾ ਵੀ ਫੂੁਕਿਆ ਗਿਆ। ਕੀਤੇ ਗਏ ਟਵੀਟ ਬਾਅਦ ਅਨੁਪਮ ਖੇਰ ਨੂੰ ਹੋਰ ਲੋਕਾਂ ਨੇ ਰੀ-ਟਵੀਟ ਕਰ ਕੇ ਵੀ ਖੂਬ ਫਿਟਕਾਰਾਂ ਪਾਈਆਂ। ਆਖ਼ਰ ਰੋਸ ਨੂੰ ਵੇਖਦਿਆਂ ਅਨੁਪਮ ਖੇਰ ਨੇ ਬਾਅਦ ਵਿਚ ਇਕ ਹੋਰ ਵੀ ਟਵੀਟ ਕਰ ਕੇ ਅਪਣੀ ਗ਼ਲਤੀ ਦਾ ਅਹਿਸਾਸ ਕਰਦਿਆਂ ਮਾਫ਼ੀ ਮੰਗ ਲਈ ਹੈ ਅਤੇ ਟਵੀਟ ਵੀ ਡਿਲੀਟ ਕਰ ਦਿਤਾ ਹੈ।

ਉਨ੍ਹਾਂ ਕਿਹਾ,‘‘ਮੈਂ ਜੋ ਪਹਿਲਾਂ ਟਵੀਟ ਵਿਚ ਲਿਖਿਆ ਸੀ ਉਹ ਗ਼ਲਤ ਹੈ ਅਤੇ ਸਹੀ ਸ਼ਬਦ ਹਨ, ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ।’’ ਪਰ ਇਸ ਮਾਫ਼ੀ ਨਾਲ ਖੇਰ ਦਾ ਖਹਿੜਾ ਛੁਟਣ ਵਾਲਾ ਨਹੀਂ ਲਗਦਾ ਕਿਉਂਕਿ ਉਸ ਨੇ ਭਾਜਪਾ ਬੁਲਾਰੇ ਦੀ ਤੁਲਨਾ ਵੀ ਗੁਰੂ ਗੋਬਿੰਦ ਸਿੰਘ ਨਾਲ ਕਰਨ ਦਾ ਯਤਨ ਕੀਤਾ ਹੈ, ਜਿਸ ਦਾ ਵੀ ਉਸ ਨੂੰ ਸਪਸ਼ਟੀਕਰਨ ਦੇਣਾ ਪਵੇਗਾ?

ਇਸੇ ਦੌਰਾਨ ਸਿੱਖ ਜਥੇਬੰਦੀਆਂ ਰੋਸ ਨਹੀਂ ਪ੍ਰਗਟਾ ਰਹੀਆਂ ਬਲਕਿ ਪੰਜਾਬ ਦੇ ਲੁਧਿਆਣਾ ਤੋਂ ਐਮ.ਪੀ. ਰਵਨੀਤ ਸਿੰਘ ਬਿੱਟੂ ਤੇ ਗਿੱਦੜਬਾਹਾ ਦੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਵੀ ਸਖ਼ਤ ਰੋਸ ਪ੍ਰਗਟਾਇਆ ਹੈ। ਬਿੱਟੂ ਨੇ ਕਿਹਾ ਕਿ ਖੇਰ ਨੇ ਆਰ.ਐਸ.ਐਸ. ਦੇ ਇਸ਼ਾਰੇ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤੁਕਾਂ ਨੂੰ ਵਿਗਾੜ ਕੇ ਜਾਣ ਬੁਝ ਕੇ ਪੇਸ਼ ਕੀਤਾ ਤੇ ਸਿੱਖ ਧਰਮ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਹੈ।

 ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਖੇਰ ਨੂੰ ਗੁਰੂ ਜੀ ਦੀਆਂ ਤੁਕਾਂ ਨਾਲ ਛੇੜਛਾੜ ਦੀ ਆਗਿਆ ਕਿਸੇ ਨੇ ਦਿਤੀ ਹੈ? ਉਨ੍ਹਾਂ ਕਿਹਾ ਕਿ ਇਹ ਉਸ ਦੀ ਫ਼ਿਲਮ ਦਾ ਡਾਇਲਾਗ ਨਹੀਂ ਕਿ ਕੁੱਝ ਵੀ ਬੋਲੀ ਜਾਵੇ। ਉਨ੍ਹਾਂ ਪੰਜਾਬ ਤੇ ਮੁੰਬਈ ਪੁਲਿਸ ਤੋਂ ਖੇਰ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਇਸੇ ਦੌਰਾਨ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਅਨੁਪਮ ਖੇਰ ਨੂੰ ਤਲਬ ਕਰ ਕੇ ਕਾਰਵਾਈ ਦੀ ਮੰਗ ਕੀਤੀ ਹੈ।