ਸ਼ੁਧ ਪੰਜਾਬੀ ਭਾਸ਼ਾ ਬੋਲਦੇ ਹਨ ਮਿਆਂਮਾਰ ਵਿਚ ਰਹਿਣ ਵਾਲੇ ਸਿੱਖ ਪਰਵਾਰ
ਇਹ ਗੱਲ ਸੱਚ ਹੈ ਕਿ ਸੰਸਾਰ ਦਾ ਸ਼ਾਇਦ ਹੀ ਕੋਈ ਕੋਨਾ ਅਜਿਹਾ ਹੋਵੇਗਾ ਜਿਥੇ ਸਿੱਖ ਨਾ ਹੋਣ.................
ਮਾਇਟਕਾਇਨੀਆ (ਮਿਆਂਮਾਰ : ਇਹ ਗੱਲ ਸੱਚ ਹੈ ਕਿ ਸੰਸਾਰ ਦਾ ਸ਼ਾਇਦ ਹੀ ਕੋਈ ਕੋਨਾ ਅਜਿਹਾ ਹੋਵੇਗਾ ਜਿਥੇ ਸਿੱਖ ਨਾ ਹੋਣ। ਜਿਥੇ ਅਮਰੀਕਾ, ਕੈਨੇਡਾ, ਇੰਗਲੈਂਡ ਸਮੇਤ ਹੋਰ ਕਈ ਵੱਡੇ-ਵੱਡੇ ਦੇਸ਼ਾਂ ਵਿਚ ਸਿੱਖਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ, ਉਥੇ ਹੀ ਭਾਰਤ ਨਾਲ ਲਗਦੇ ਦੇਸ਼ ਮਿਆਂਮਾਰ ਜਿਸ ਨੂੰ ਪਹਿਲਾਂ ਬਰਮਾ ਵੀ ਕਿਹਾ ਜਾਂਦਾ ਸੀ, ਵਿਚ ਵੀ ਸਿੱਖਾਂ ਦੀ ਕੁੱਝ ਆਬਾਦੀ ਮੌਜੂਦ ਹੈ। ਇਥੋਂ ਦੇ ਸੂਬੇ ਕਾਚਿਨ ਦੀ ਰਾਜਧਾਨੀ ਮਾਇਟਕਾਇਨੀਆ ਵਿਚ 43 ਸਿੱਖ ਪਰਵਾਰ ਰਹਿ ਰਹੇ ਹਨ। ਇਨ੍ਹਾਂ ਪਰਵਾਰਾਂ ਵਿਚ ਕੁਲ 280 ਮੈਂਬਰ ਹਨ।
ਇਹ ਵੀ ਸੱਚ ਹੈ ਕਿ ਜਿਥੇ ਸਿੱਖ ਹੋਣਗੇ, ਉਥੇ ਗੁਰਦੁਆਰਾ ਸਾਹਿਬ ਤਾਂ ਜ਼ਰੂਰ ਹੋਵੇਗਾ। ਇਸ ਲਈ ਮਿਆਂਮਾਰ ਦੇ ਸਿੱਖਾਂ ਨੇ ਵੀ ਇਥੇ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਸਥਾਪਤ ਕੀਤਾ ਹੋਇਆ ਹੈ। ਇਥੇ ਰਹਿਣ ਵਾਲੇ ਸਾਰੇ ਸਿੱਖ ਪਰਵਾਰ ਆਪੋ ਅਪਣੇ ਵੱਖ-ਵੱਖ ਕਾਰੋਬਾਰ ਕਰਦੇ ਹਨ ਅਤੇ ਮਿਆਂਮਾਰ ਦੀ ਅਰਥ-ਵਿਵਸਥਾ ਵਿਚ ਅਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਪਹਿਲਾਂ ਜਦੋਂ ਇਸ ਦੇਸ਼ ਦਾ ਨਾਂਅ ਹਾਲੇ ਬਰਮਾ ਹੀ ਸੀ, ਉਸ ਵੇਲੇ ਇਥੇ ਸਿੱਖਾਂ ਦੀ ਗਿਣਤੀ 10 ਹਜ਼ਾਰ ਤੋਂ ਵੀ ਜ਼ਿਆਦਾ ਸੀ ਪਰ ਹੁਣ ਇਹ ਘੱਟ ਕੇ ਮਹਿਜ਼ ਦੋ ਹਜ਼ਾਰ ਤੋਂ ਤਿੰਨ ਹਜ਼ਾਰ ਦੇ ਕਰੀਬ ਰਹਿ ਗਈ ਹੈ।
ਮਿਆਂਮਾਰ ਵਿਚ ਯੈਂਗੋਨ (ਪੁਰਾਣਾ ਨਾਂਅ ਰੰਗੂਨ) ਅਤੇ ਮਾਂਡਲੇ ਤੋਂ ਬਾਅਦ ਇਸ ਵੇਲੇ ਮਾਇਟਕਾਇਨੀਆ ਵਿਚ ਹੀ ਸੱਭ ਤੋਂ ਵੱਧ ਸਿੱਖਾਂ ਦੀ ਆਬਾਦੀ ਹੈ। ਵੈਸੇ ਲੈਸ਼ੀਓ, ਤੌਂਗਈ, ਮੋਗੋਕ ਤੇ ਪਿਯਾਬਵੇ ਜਿਹੇ ਸ਼ਹਿਰਾਂ ਵਿਚ ਵੀ ਸਿੱਖਾਂ ਦੀ ਕਾਫ਼ੀ ਆਬਾਦੀ ਹੈ। ਫ਼ਰੰਟੀਅਰ ਮਿਆਂਮਾਰ ਵਲੋਂ ਪ੍ਰਕਾਸ਼ਤ ਐਮਿਲੀ ਫ਼ਿਸ਼ਬੇਨ ਦੀ ਰੀਪੋਰਟ ਅਨੁਸਾਰ ਸਮੁੱਚੇ ਮਿਆਂਮਾਰ ਵਿਚ ਇਸ ਵੇਲੇ 50 ਦੇ ਕਰੀਬ ਗੁਰਦੁਆਰਾ ਸਾਹਿਬਾਨ ਮੌਜੂਦ ਹਨ। ਇਸ ਦੇਸ਼ ਦੇ ਜ਼ਿਆਦਾਤਰ ਸਿੱਖ ਧਾਰਮਕ ਬਿਰਤੀ ਵਾਲੇ ਹਨ।
ਮਾਇਟਕਾਇਨੀਆ ਦੇ ਸੱਭ ਤੋਂ ਵੱਡੀ ਉਮਰ ਦੀ 92 ਸਾਲਾ ਸਿੱਖ ਬਜ਼ੁਰਗ ਔਰਤ ਭਗਵੰਤ ਕੌਰ ਦਾ ਕਹਿਣਾ ਹੈ
ਕਿ ਉਨ੍ਹਾਂ ਦਾ ਜਨਮ ਵਾਇੰਗਮਾਅ ਵਿਚ ਹੋਇਆ ਸੀ। ਉਨ੍ਹਾਂ ਦਸਿਆ ਕਿ ਉਨ੍ਹਾਂ ਦੇ ਪਿਤਾ ਇੰਗਲੈਂਡ ਦੀ ਫ਼ੌਜ ਵਿਚ ਸਿਪਾਹੀ ਸਨ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਉਹ ਬਰਮਾ ਆਏ ਸਨ। ਉਸ ਵੇਲੇ ਬਰਮਾ 'ਤੇ ਇੰਗਲੈਂਡ ਦੀ ਹਕੂਮਤ ਹੁੰਦੀ ਸੀ। ਪੁਰਾਣੇ ਰੀਕਾਰਡਾਂ ਅਨੁਸਾਰ ਸੱਭ ਤੋਂ ਪਹਿਲੀ ਵਾਰ ਸਿੱਖ ਬ੍ਰਿਟਿਸ਼ ਫ਼ੌਜ ਨਾਲ 1898 ਵਿਚ ਬਰਮਾ ਆ ਕੇ ਵਸੇ ਸਨ।