ਦਿੱਲੀ ਦੇ ਸਿੱਖਾਂ ਨੂੰ ਬਾਦਲਾਂ ਦੀ ਨਹੀਂ, ਪੰਥਕ ਪਾਰਟੀ ‘ਜਾਗੋ’ ਦੀ ਲੋੜ : ਮਨਜੀਤ ਸਿੰਘ ਜੀ.ਕੇ.
ਦਿੱਲੀ ਗੁਰਦਵਾਰਾ ਚੋਣਾਂ ਲਈ ਤਿਆਰ ਬਰ ਤਿਆਰ ਹੈ ‘ਕੌਰ ਬ੍ਰਿਗੇਡ’ : ਬਖ਼ਸ਼ੀ
ਨਵੀਂ ਦਿੱਲੀ, 2 ਅਗੱਸਤ (ਅਮਨਦੀਪ ਸਿੰਘ): ‘ਜਾਗੋ’ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ‘ਜਾਗੋ’ ਦੀ ‘ਕੌਰ ਬ੍ਰਿਗੇਡ’ ਦੀਆਂ ਬੀਬੀਆਂ ਨੂੰ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਗੁਰਦਵਾਰਾ ਚੋਣਾਂ ਵਿਚ ਬਾਦਲਾਂ ਦੇ ਕੂੜ ਪ੍ਰਚਾਰ ਦਾ ਟਾਕਰਾ ਕਰਨ ਦੇ ਗੁਰ ਸਿਖਾਏ।
ਉਨ੍ਹਾਂ ਕਿਹਾ, ਦਿੱਲੀ ਗੁਰਦਵਾਰਾ ਕਮੇਟੀ ਦੇ ਕੂੜ ਪ੍ਰਚਾਰ ਦੇ ਬਾਵਜੂਦ ‘ਜਾਗੋ’ ਦਾ ਕਾਫ਼ਲਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਤੇ ਹਰ ਦੂਜੇ ਦਿਨ 100 ਤੋਂ ਵੱਧ ਜਣੇ ਪਾਰਟੀ ਨਾਲ ਜੁੜ ਰਹੇ ਹਨ। ਇਥੇ ਰਾਜ ਸਭਾ ਮੈਂਬਰ ਸ.ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ਼ ’ਤੇ ‘ਕੌਰ ਬ੍ਰਿਗੇਡ’ ਦੀ ਹੋਈ ਭਰਵੀਂ ਇਕੱਤਰਤਾ ਵਿਚ ਸ.ਜੀ ਕੇ ਨੇ ਬਾਦਲਾਂ ਦੀ ਪੰਥ ਪ੍ਰਸਤੀ ਦੇ ਪਾਜ ਉਘਾੜੇ ਤੇ ਦਸਿਆ ਕਿ ਕਿਸ ਤਰ੍ਹ੍ਹਾਂ ਉਨ੍ਹਾਂ ਅਪਣੇ ਪ੍ਰਵਾਰ ਦੇ 70 ਸਾਲ ਦੇ ਪੰਥਕ ਜੀਵਨ ਵਿਚ ਦੂਸ਼ਣਬਾਜ਼ੀ ਦਾ ਮੁਕਾਬਲਾ ਕੀਤਾ ਤੇ ਅੱਜ ਬਾਦਲਾਂ ਵਲੋਂ ਲਾਏ ਜਾ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਡੱਟ ਕੇ ਮੁਕਾਬਲਾ ਕਰ ਰਹੇ ਹਨ। ਇਸੇ ਤਰ੍ਹਾਂ ਬੀਬੀਆਂ ਨੂੰ ਹਰ ਦੋਸ਼ ਦਾ ਤਕੜੇ ਹੋ ਕੇ ਮੁਕਾਬਲਾ ਕਰਨਾ ਹੈ।
ਉਨ੍ਹਾਂ ਕਿਹਾ, ਉਹ ਬੀਬੀਆਂ ਨੂੰ 33 ਫ਼ੀ ਸਦੀ ਕੀ, 46 ਗੁਰਦਵਾਰਾ ਚੋਣ ਹਲਕਿਆਂ ਵਿਚ ਮੈਦਾਨ ਵਿਚ ਉਤਾਰਨ ਲਈ ਤਿਆਰ ਹਨ, ਬਸ਼ਰਤੇ ਅਪਣੇ ਹਲਕਿਆਂ ਵਿਚ ਬੀਬੀਆਂ ਦੀ ਪਕੜ ਮਜ਼ਬੂਤ ਹੋਵੇ ਤੇ ਉਹ ਜਿੱਤ ਸਕਦੀਆਂ ਹੋਣ। ‘ਕੌਰ ਬ੍ਰਿਗੇਡ’ ਦੀ ਸਰਪ੍ਰਸਤ ਬੀਬੀ ਮਨਦੀਪ ਕੌਰ ਬਖ਼ਸ਼ੀ, ਕਨਵੀਨਰ ਹਰਪ੍ਰੀਤ ਕੌਰ, ਕੋਆਰਡੀਨੇਟਰ ਅਮਰਜੀਤ ਕੌਰ ਪਿੰਕੀ, ਸੀਨੀਅਰ ਆਗੂ ਜਸਵਿੰਦਰ ਕੌਰ, ਧਰਮ ਪ੍ਰਚਾਰ ਮੁਖੀ ਤਰਵਿੰਦਰ ਕੌਰ ਖ਼ਾਲਸਾ ਤੇ ਹੋਰ ਬੀਬੀਆਂ ਨੇ ਵੀ ਅਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ ਤੇ ਸ.ਹਰਜੀਤ ਸਿੰਘ ਜੀਕੇ, ਯੂਥ ਵਿੰਗ ਦੇ ਅੰਤਰਰਾਸ਼ਟਰੀ ਪ੍ਰਧਾਨ ਡਾ.ਪੁਨਪ੍ਰੀਤ ਸਿੰਘ ਆਦਿ ਹਾਜ਼ਰ ਸਨ।