ਮਾਨ ਦਲ ਵਲੋਂ ਵੀ 14 ਅਕਤੂਬਰ ਨੂੰ 'ਸ਼ਹੀਦੀ ਸਮਾਗਮ' ਮਨਾਉਣ ਦਾ ਐਲਾਨ
ਵੀਰਾਂ/ਭੈਣਾਂ ਨੂੰ ਰੋਸ ਵਜੋਂ ਕਾਲੀਆਂ ਦਸਤਾਰਾਂ ਅਤੇ ਕਾਲੇ ਦੁਪੱਟੇ ਸਜਾਉਣ ਦੀ ਅਪੀਲ
ਕੋਟਕਪੂਰਾ : ਤਤਕਾਲੀਨ ਬਾਦਲ ਸਰਕਾਰ ਵਲੋਂ ਬੇਅਦਬੀ ਕਾਂਡ ਮੌਕੇ ਦੋਸ਼ੀਆਂ ਨੂੰ ਬਚਾਉਣ ਅਤੇ ਨਿਰਦੋਸ਼ ਪੰਥਦਰਦੀਆਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਉਣ ਵਾਲੀਆਂ ਘਟਨਾਵਾਂ ਨੂੰ ਨਾ ਤਾਂ ਪੀੜਤ ਪਰਵਾਰ ਕਦੇ ਭੁਲਾ ਸਕਣਗੇ ਤੇ ਨਾ ਹੀ ਪੰਥਦਰਦੀਆਂ ਦੇ ਬਾਦਲ ਸਰਕਾਰ ਦੀ ਪੁਲਿਸ ਵਲੋਂ ਦਿਤੇ ਜ਼ਖ਼ਮ ਭੁਲਾਉਣਯੋਗ ਹਨ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਮਾਨ ਦੇ ਕਿਸਾਨ ਵਿੰਗ ਦੇ ਪ੍ਰਧਾਨ ਬਹਾਦਰ ਸਿੰਘ ਦੇ ਗ੍ਰਹਿ ਅਰਥਾਤ ਨੇੜਲੇ ਪਿੰਡ ਬਹਿਬਲ ਵਿਖੇ ਕਰਦਿਆਂ ਪੰਥਕ ਆਗੂਆਂ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਆਖਿਆ ਕਿ 14 ਅਕਤੂਬਰ 2015 ਨੂੰ ਸ਼ਹੀਦ ਹੋਏ ਭਾਈ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਸਰਾਵਾਂ ਦੀ ਚੌਥੀ ਬਰਸੀ ਮੌਕੇ 14 ਅਕਤੂਬਰ ਨੂੰ ਪਹਿਲਾਂ ਸਹਿਜ ਪਾਠ ਦੇ ਭੋਗ, ਉਪਰੰਤ ਕੀਰਤਨ ਸਮਾਗਮ ਹੋਵੇਗਾ। ਉਨ੍ਹਾਂ ਦਸਿਆ ਕਿ ਉਸ ਦਿਨ ਰੋਸ ਵਜੋਂ ਸਾਰੀਆਂ ਸੰਗਤਾਂ ਕਾਲੇ ਦੁਪੱਟੇ ਤੇ ਦਸਤਾਰਾਂ ਸਜਾ ਕੇ ਉਕਤ ਸ਼ਰਧਾਂਜਲੀ ਸਮਾਗਮ 'ਚ ਸ਼ਮੂਲੀਅਤ ਕਰਨਗੀਆਂ।
ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਦਾਅਵਾ ਕੀਤਾ ਕਿ ਸੌਦਾ ਸਾਧ ਦੀ ਸਰਪ੍ਰਸਤੀ ਹੇਠ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ, ਬਾਦਲ ਸਰਕਾਰ ਨੂੰ ਸੱਭ ਕੁੱਝ ਪਤਾ ਹੋਣ ਦੇ ਬਾਵਜੂਦ ਸੌਦਾ ਸਾਧ ਦੇ ਕਿਸੇ ਚੇਲੇ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਗਿਆ, ਉਲਟਾ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਰੋਸ ਪ੍ਰਗਟ ਕਰ ਰਹੇ ਸਿੱਖ ਨੌਜਵਾਨਾ ਨੂੰ ਹੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ, ਬਰਗਾੜੀ ਮੋਰਚੇ ਤੋਂ ਬਾਅਦ ਕੈਪਟਨ ਸਰਕਾਰ ਵਲੋਂ ਗਠਿਤ ਕੀਤੀ ਐਸਆਈਟੀ ਨੇ ਡੇਰਾ ਪ੍ਰੇਮੀਆਂ ਦੇ ਮੁਖੋਟੇ ਉਤਾਰ ਦਿਤੇ ਅਰਥਾਤ ਬੇਅਦਬੀ ਕਾਂਡ ਦੇ ਦੋਸ਼ੀ ਸਾਹਮਣੇ ਆ ਗਏ ਪਰ ਹੁਣ ਕੈਪਟਨ ਸਰਕਾਰ ਵੀ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ ਤਰ੍ਹਾਂ ਸਿੱਖ ਕੌਮ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਦਸਿਆ ਕਿ 5 ਅਕਤੂਬਰ ਨੂੰ ਸਵੇਰੇ 10:00 ਵਜੇ ਗੁਰਦਵਾਰਾ ਟਿੱਬੀ ਸਾਹਿਬ ਵਿਖੇ ਸਹਿਜ ਪਾਠ ਆਰੰਭ ਹੋਣਗੇ, 13 ਅਕਤੂਬਰ ਨੂੰ ਰਾਤ 7:00 ਵਜੇ ਤੋਂ 10:00 ਵਜੇ ਤਕ ਸ਼ਹੀਦਾਂ ਨੂੰ ਨਮਿਤ ਕੀਰਤਨ ਸਮਾਗਮ ਹੋਵੇਗਾ। ਉਪਰੰਤ 14 ਅਕਤੂਬਰ ਨੂੰ ਸਵੇਰੇ 11:00 ਵਜੇ ਭੋਗ ਪਾਏ ਜਾਣਗੇ ਤੇ ਉਸੇ ਦਿਨ ਬਾਅਦ ਦੁਪਹਿਰ 1:00 ਵਜੇ ਜਿਥੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ, ਉਸ ਸ਼ਹੀਦੀ ਗੇਟ ਕੋਲ ਅਰਦਾਸ ਹੋਵੇਗੀ।