ੴ ਤੋਂ 'ਹੋਸੀ ਭੀ ਸਚੁ' ਤਕ ਮੂਲ ਮੰਤਰ ਉਚਾਰਨਾ ਗੁਰੂ ਤੇ ਪੰਥ ਦੇ ਹੁਕਮਾਂ ਦੀ ਘੋਰ ਉਲੰਘਣਾ:ਗਿ. ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

 ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਬਹਾਨੇ ਕਿਸੇ ਗਰੁਪ ਵਲੋਂ ੴ ਤੋਂ 'ਹੋਸੀ ਭੀ ਸਚੁ' ਤਕ ਦੇ ਮੂਲਮੰਤਰ ਦੀ ਸੰਗੀਤਕ ਵੀਡੀਉ ਜਾਰੀ ਕਰ ਕੇ ਸੋਸ਼ਲ ...

Jagtar Singh Jachak

ਕੋਟਕਪੂਰਾ (ਗੁਰਿੰਦਰ ਸਿੰਘ) : ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਬਹਾਨੇ ਕਿਸੇ ਗਰੁਪ ਵਲੋਂ ੴ ਤੋਂ 'ਹੋਸੀ ਭੀ ਸਚੁ' ਤਕ ਦੇ ਮੂਲਮੰਤਰ ਦੀ ਸੰਗੀਤਕ ਵੀਡੀਉ ਜਾਰੀ ਕਰ ਕੇ ਸੋਸ਼ਲ ਮੀਡੀਏ ਰਾਹੀਂ ਪ੍ਰਚਾਰੀ ਜਾ ਰਹੀ ਹੈ। ਹੋਰ ਦੁਖਦਾਈ ਪੱਖ ਇਹ ਹੈ ਕਿ ਮੂਲਮੰਤਰ ਦਾ ਗਾਇਨ ਕਰਨ ਵਾਲੀ ਬੱਚੀ 'ਅਕਾਲ ਮੂਰਤਿ' ਨੂੰ 'ਕਾਲ ਮੂਰਤਿ' ਹੀ ਉਚਾਰਣ ਕਰ ਰਹੀ ਹੈ। ਭਾਈ ਕਾਹਨ ਸਿੰਘ ਨਾਭਾ ਵਰਗੇ ਅਤਿ ਸੂਝਵਾਨ ਗੁਰਸਿੱਖ ਵਿਦਵਾਨਾਂ ਮੁਤਾਬਕ ਇਹ ਗੁਰੂ ਤੇ ਪੰਥ ਦੇ ਹੁਕਮਾਂ ਦੀ ਘੋਰ ਉਲੰਘਣਾ ਹੈ, 

ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿਖੇ ਆਦਿ-ਮੰਗਲਾ ਚਰਨ ਵਜੋਂ ਅੰਕਤ ਮੂਲ-ਮੰਤਰ (ਮੁੱਢਲਾ ਉਪਦੇਸ਼), ਤਤਕਰੇ ਤੋਂ ਇਲਾਵਾ 33 ਵਾਰ “ੴ ਤੋਂ ਗੁਰ ਪ੍ਰਸਾਦਿ'' ਤਕ ਦੇ ਸੰਪੂਰਨ ਰੂਪ 'ਚ ਹੀ ਦਰਜ ਹੈ। ਅਕਾਲ ਤਖ਼ਤ ਸਾਹਿਬ ਦੁਆਰਾ ਜਾਰੀ ਪੰਥ ਪ੍ਰਵਾਣਤ 'ਸਿੱਖ ਰਹਿਤ ਮਰਿਆਦਾ' ਵਿਚ ਵੀ ਸੰਨ 1932 ਤੋਂ ਮੂਲ ਮੰਤਰ ਦਾ ਇਹੀ ਸੰਪੂਰਨ ਰੂਪ ਛਪ ਰਿਹਾ ਹੈ। ਇਹ ਵਿਚਾਰ ਹਨ ਅੰਤਰਰਾਸ਼ਟਰੀ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਦੇ, ਜੋ ਉਨ੍ਹਾਂ 'ਰੋਜ਼ਾਨਾ ਸਪੋਕਸਮੈਨ' ਨੂੰ ਨਿਊਯਾਰਕ ਤੋਂ ਭੇਜੇ ਈ-ਮੇਲ ਪ੍ਰੈਸ ਨੋਟ ਰਾਹੀਂ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਸਪਸ਼ਟਤਾ ਵਜੋਂ ਛਾਪੇ ਦੀ ਪ੍ਰਚਲਿਤ ਪਾਵਨ ਬੀੜ ਦੀ ਆਧਾਰ ਰੂਪ ਮੰਨੀ ਜਾਂਦੀ ਕਰਤਾਰਪੁਰੀ ਬੀੜ ਦੇ ਪਹਿਲੇ ਪੰਨੇ 'ਤੇ ਅੰਕਤ ਮੂਲ ਮੰਤਰ ਦੀ ਉਪਰੋਕਤ ਫ਼ੋਟੋ ਵੀ ਭੇਜੀ ਹੈ

ਜਿਸ 'ਚ ਪ੍ਰਤੱਖ ਵੇਖਿਆ ਤੇ ਵਾਚਿਆ ਜਾ ਸਕਦਾ ਹੈ ਕਿ 'ਗੁਰ ਪ੍ਰਸਾਦਿ' ਤਕ ਦੇ ਮੰਗਲਾ ਚਰਨ ਰੂਪ ਮੂਲ ਮੰਤਰ ਨੂੰ ਮੁਢਲੀ ਬਾਣੀ ਦੇ ਸਿਰਲੇਖ ਜਪੁ ਨਾਲੋਂ ਵੱਖ ਕਰਨ ਲਈ ਲਿਖਤੀ ਵਿਥ ਵੀ ਦਿਤੀ ਗਈ ਹੈ ਅਤੇ ਦੋ ਡੰਡੀਆਂ ਪੂਰਨ ਵਿਸ਼ਰਾਮ (ਫੁੱਲ-ਸਟਾਪ) ਦੋ ਵਾਰ ਪਾਇਆ ਗਿਆ ਹੈ। ਇਸ ਉਪਰੰਤ 'ਜਪੁ' ਸਿਰਲੇਖ ਨੂੰ ਜਪੁ ਬਾਣੀ ਦੇ ਪਹਿਲੇ ਸਲੋਕ “ਆਦਿ ਸਚੁ ਜੁਗਾਦਿ ਸਚੁ...'' ਨਾਲੋਂ ਵਖਰਾ ਪ੍ਰਗਟਾਉਣ ਲਈ ਉਪਰੋਕਤ ਪੂਰਨ ਵਿਸ਼ਰਾਮ ਇਕ ਵਾਰ ਦੀ ਥਾਂ ਤਿੰਨ ਵਾਰੀ ਦਰਜ ਕੀਤਾ ਹੈ

ਤਾਕਿ ਕੋਈ ਭੁਲੇਖੇ ਨਾਲ ਜਾਂ ਜਾਣ-ਬੁੱਝ ਕੇ ਵੀ ਗੁਰਬਾਣੀ ਦੀ ਲਿਖਤ ਤੇ ਕਾਵਿਕ ਸ਼ੈਲੀ ਨੂੰ ਵਿਗਾੜਣ ਦੀ ਸ਼ਰਾਰਤ ਨਾਲ “ਆਦਿ ਸਚੁ..'' ਵਾਲੇ ਪਹਿਲੇ ਸਲੋਕ ਨਾਲ ਕਿਸੇ ਤਰ੍ਹਾਂ ਰਲਗਢ ਨਾ ਕਰ ਸਕੇ। 'ਰੋਜ਼ਾਨਾ ਸਪੋਕਸਮੈਨ' ਵਿਚ ਕੁੱਝ ਦਿਨ ਪਹਿਲਾਂ ਖ਼ਬਰ ਪ੍ਰਕਾਸ਼ਤ ਹੋਈ ਸੀ ਕਿ ਸੰਪਰਦਾਈ ਡੇਰੇਦਾਰ ਸ਼੍ਰੋਮਣੀ ਕਮੇਟੀ 'ਤੇ ਦਬਾਅ ਬਣਾ ਰਹੇ ਹਨ ਕਿ ਸੁਲਤਾਨਪੁਰ ਲੋਧੀ ਵਿਖੇ ਉਸਾਰੇ ਜਾ ਰਹੇ 'ਮੂਲਮੰਤਰ ਭਵਨ' ਦੇ ਮੁੱਖ ਦੁਆਰ 'ਤੇ ਮੂਲਮੰਤਰ 'ਨਾਨਕ ਹੋਸੀ ਭੀ ਸਚ' ਤਕ ਲਿਖਿਆ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।