ਬੀਬੀ ਜਗੀਰ ਕੌਰ ਦੀ ਮੁਅੱਤਲੀ ਨਾਲ, ਦੁਆਬੇ 'ਚ ਅਕਾਲੀ ਦਲ ਦੇ ਚਰਮਰਾਏ ਆਧਾਰ ਨੂੰ ਹੋਰ ਸੱਟ ਵੱਜਣ ਦਾ ਖ਼ਦਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਿਆਨਬਾਜ਼ੀਆਂ ਤੇ ਸਿਆਸਤ ਤੇਜ਼ ਹਨ, ਪਰ ਫ਼ਿਲਹਾਲ ਬੀਬੀ ਜਗੀਰ ਕੌਰ ਦੇ ਇਰਾਦੇ ਪਿੱਛੇ ਹਟਣ ਦੇ ਨਹੀਂ।

Bibi Jagir Kaur

 

ਲੁਧਿਆਣਾ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਮਾਮਲੇ 'ਤੇ ਅਕਾਲੀ ਦਲ ਤੇ ਬੀਬੀ ਜਗੀਰ ਕੌਰ ਆਹਮੋ-ਸਾਹਮਣੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ 'ਭਰੋਸੇਯੋਗ' ਸਾਥੀਆਂ ਨਾਲ ਬੈਠਕ ਤੇ ਸਲਾਹ-ਮਸ਼ਵਰੇ ਕਰਕੇ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਮੁਅੱਤਲ ਤਾਂ ਕਰ ਦਿੱਤਾ, ਪਰ ਇਸ ਨਾਲ ਇਕੱਲੀ ਬੀਬੀ ਦਾ ਨੁਕਸਾਨ ਨਹੀਂ ਹੋਇਆ। ਇਸ ਨਾਲ ਅਕਾਲੀ ਦਲ ਨੂੰ ਵੀ ਦੁਆਬੇ 'ਚ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ। 

ਬੀਬੀ ਨੂੰ ਮੁਅੱਤਲ ਕਰਕੇ ਅਕਾਲੀ ਦਲ ਨੇ ਦੁਆਬੇ ਦਾ ਇੱਕ ਵੱਡਾ ਆਗੂ ਗੁਆ ਲਿਆ ਹੈ ਕਿਉਂਕਿ ਬੀਬੀ ਜਗੀਰ ਕੌਰ ਨੂੰ ਦੁਆਬੇ ’ਚ ਇੱਕ ਵੱਡੀ ਲੀਡਰ ਵਜੋਂ ਜਾਣਿਆ ਜਾਂਦਾ ਹੈ। ਇਸ ਨਾਲ ਦੁਆਬੇ 'ਚ ਪਾਰਟੀ ਆਧਾਰ ਨੂੰ ਵੱਡੀ ਠੇਸ ਵੱਜਣ ਦਾ ਸੰਭਾਵੀ ਡਰ ਪੈਦਾ ਹੋ ਗਿਆ ਹੈ। 

ਕੋਰ ਕਮੇਟੀ ’ਚ ਬੀਬੀ ਜਗੀਰ ਕੌਰ ਇੱਕ ਮੋਹਰੀ ਆਗੂ ਸੀ, ਜਿਸ ਨੂੰ ਪਾਰਟੀ ਨੇ ਲਾਂਭੇ ਕਰ ਦਿੱਤਾ ਹੈ। ਦੁਆਬੇ ’ਚ ਬੀਬੀ ਮਹਿੰਦਰ ਕੌਰ ਜੋਸ਼ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। ਇਸੇ ਤਰ੍ਹਾਂ ਬੀਬੀ ਉਪਿੰਦਰ ਕੌਰ ਵੀ ਇਸ ਵਾਰ ਚੋਣਾਂ ’ਚ ਟਿਕਟ ਕੱਟੇ ਜਾਣ ਕਾਰਨ ਘਰ ਬੈਠ ਗਏ ਹਨ। ਉੱਥੇ ਹੀ ਹੁਣ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਬੀਬੀ ਜਗੀਰ ਕੌਰ ਵਿਰੁੱਧ ਕਾਰਵਾਈਆਂ ਕਰਕੇ ਹੋਰ ਕੰਡੇ ਬੀਜ ਲਏ ਹਨ। ਜੇਕਰ ਨੇੜਲੇ ਭਵਿੱਖ ’ਚ ਸ਼੍ਰੋਮਣੀ ਕਮੇਟੀ ਚੋਣਾਂ ਦਾ ਬਿਗੁਲ ਵੱਜ ਗਿਆ, ਤਾਂ ਬੀਬੀ ਦਾ ਧੜਾ ਅਤੇ ਸੁਖਬੀਰ ਬਾਦਲ ਆਹਮੋ-ਸਾਹਮਣੇ ਨਜ਼ਰ ਆ ਸਕਦੇ ਹਨ।

ਬਿਆਨਬਾਜ਼ੀਆਂ ਤੇ ਸਿਆਸਤ ਤੇਜ਼ ਹਨ, ਪਰ ਫ਼ਿਲਹਾਲ ਬੀਬੀ ਜਗੀਰ ਕੌਰ ਦੇ ਇਰਾਦੇ ਪਿੱਛੇ ਹਟਣ ਦੇ ਨਹੀਂ। ਸਮਾਂ ਕੀ ਨਤੀਜਾ ਸਾਹਮਣੇ ਲੈ ਕੇ ਆਉਂਦਾ ਹੈ, ਇਸ ਦੀ ਸਭ ਨੂੰ ਬੇਸਬਰੀ ਨਾਲ ਉਡੀਕ ਰਹੇਗੀ।