ਦਿੱਲੀ ਵਿਧਾਨ ਸਭਾ ਵਿਚ 84 ਦੇ ਮੁੱਦੇ 'ਤੇ ਪੱਗ ਨੂੰ ਲੈ ਕੇ ਖੇਡੀ ਗਈ ਸਿਆਸਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੱਜ ਦਿੱਲੀ ਵਿਧਾਨ ਸਭਾ ਵਿਚ ਸਿੱਖਾਂ ਦੀ ਪੱਗ ਨੂੰ ਲੈ ਕੇ ਸਿਆਸਤ ਖੇਡੀ ਗਈ ਪਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੇ ਸਾਂਝੇ ਵਿਧਾਇਕ ਸ.ਮਨਜਿੰਦਰ ਸਿੰਘ ਸਿਰਸਾ ਨੇ ਦੋਸ਼.......

Politics played against the turban on the 84 issue of Delhi Vidhan Sabha

ਨਵੀਂ ਦਿੱਲੀ : ਅੱਜ ਦਿੱਲੀ ਵਿਧਾਨ ਸਭਾ ਵਿਚ ਸਿੱਖਾਂ ਦੀ ਪੱਗ ਨੂੰ ਲੈ ਕੇ ਸਿਆਸਤ ਖੇਡੀ ਗਈ ਪਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੇ ਸਾਂਝੇ ਵਿਧਾਇਕ ਸ.ਮਨਜਿੰਦਰ ਸਿੰਘ ਸਿਰਸਾ ਨੇ ਦੋਸ਼ ਲਾਉਂਦਿਆਂ ਦਾਅਵਾ ਕੀਤਾ, “ ਸਪੀਕਰ ਦੀ ਹਦਾਇਤ 'ਤੇ ਮੈਨੂੰ ਸਦਨ ਤੋਂ ਬਾਹਰ ਸੁਟ ਦਿਤਾ ਗਿਆ ਤੇ ਮਾਰਸ਼ਲਾਂ ਨੇ ਮੇਰੀ ਪੱਗ ਲਾਹ ਦਿਤੀ, ਜੋ ਸਿੱਖਾਂ ਨੂੰ ਸੱਟ ਮਾਰਨ ਦੇ ਤੁਲ ਹੈ।'' ਤਿਲਕ ਨਗਰ ਤੋਂ 'ਆਪ' ਵਿਧਾਇਕ ਸ.ਜਰਨੈਲ ਸਿੰਘ ਨੇ ਸਿਰਸਾ ਦੇ ਦਾਅਵੇ ਨੂੰ ਝੂਠਲਾਉਂਦੇ ਹੋਏ ਕਿਹਾ, “ਸਿਰਸਾ ਧਰਮ ਦੀ ਰਾਜਨੀਤੀ ਕਰ ਕੇ ਡਰਾਮੇਬਾਜ਼ੀ ਕਰ ਰਹੇ ਹਨ। ਕੋਈ ਪੱਗ ਨਹੀਂ ਲਾਹੀ ਗਈ, ਸਿਰਸਾ ਆਪੇ ਹੀ ਹੇਠਾਂ ਲੰਮੇ ਪੈ ਗਏ ਸਨ।''

ਦਰਅਸਲ ਦਿੱਲੀ ਵਿਧਾਨ ਸਭਾ ਵਿਚ ਅੱਜ ਸਿਰਸਾ ਦੀ ਮੰਗ ਸੀ ਕਿ 21 ਦਸੰਬਰ ਨੂੰ ਵਿਧਾਨ ਸਭਾ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ 'ਭਾਰਤ ਰਤਨ' ਵਾਪਸ ਲੈਣ ਬਾਰੇ ਮਤਾ ਪਾਸ ਕੀਤਾ ਗਿਆ ਸੀ, ਪਿਛੋਂ ਕਾਰਵਾਈ ਵਿਚ ਇਸ ਮਤੇ ਵਿਚ ਛੇੜਛਾੜ ਕੀਤੀ ਗਈ, ਜੋ ਨਿਯਮਾਂ ਵਿਰੁਧ ਹੈ। ਇਸ ਲਈ ਸਪੀਕਰ ਰਾਮ ਨਿਵਾਸ ਗੋਇਲ ਨੂੰ ਬਰਖ਼ਾਸਤ ਕੀਤਾ ਜਾਵੇ। ਪਿਛੋਂ ਸਪੀਕਰ ਨੇ ਸਿਰਸਾ ਨੂੰ ਬਾਹਰ ਕਰਨ ਦੀ ਹਦਾਇਤ ਮਾਰਸ਼ਲਾਂ ਨੂੰ ਦੇ ਦਿਤੀ ਸੀ।

ਫਿਰ ਦੁਪਹਿਰ ਵੇਲੇ ਹੀ ਭਾਜਪਾ ਵਿਰੋਧੀ ਧਿਰ ਦੇ ਆਗੂ ਵਜੇਂਦਰ ਗੁਪਤਾ ਤੇ ਮਨਜਿੰਦਰ ਸਿੰਘ ਸਿਰਸਾ ਤੇ ਭਾਜਪਾ ਵਿਧਾਇਕ ਜਗਦੀਸ਼ ਪ੍ਰਧਾਨ ਨੇ ਵਿਧਾਨ ਸਭਾ ਕੰਪਲੈਕਸ ਵਿਖੇ ਅਪਣੇ ਗੱਲ ਵਿਚ ਤਖ਼ਤੀਆਂ ਪਾ ਕੇ, ਵਿਰੋਧ ਪ੍ਰਗਟਾਇਆ। ਸਿਰਸਾ ਨੇ ਰੋਣਹਾਕਾ ਹੋ ਕੇ, ਪੱਤਰਕਾਰਾਂ ਨਾਲ ਗੱਲਬਾਤ ਕਿਹਾ, “ਅਸੀਂ ਸਪੀਕਰ ਨੂੰ ਬਰਖ਼ਾਸਤ ਕਰਨ ਬਾਰੇ ਚਿੱਠੀ ਦਿਤੀ ਸੀ, ਪਰ ਸਪੀਕਰ ਨੇ ਨਿਯਮ 145 ਦਾ ਹਵਾਲਾ ਦੇ ਕੇ, ਕਿਹਾ ਸੀ ਕਿ 14 ਦਿਨ ਪਹਿਲਾਂ ਨੋਟਿਸ ਦੇਣਾ ਹੁੰਦਾ ਹੈ।'' ਸਿਰਸਾ ਨੇ ਦਸਿਆ,“ਪਿਛੋਂ ਮੈਂ ਸਪੀਕਰ ਨਾਲ ਗੱਲਬਾਤ ਕਰਨ ਲਈ ਗਿਆ

ਕਿ ਇਹ ਮਸਲਾ 84 ਵਿਚ 8 ਹਜ਼ਾਰ ਬੇਗੁਨਾਹ ਸਿੱਖਾਂ ਨੂੰ ਤੇਲ ਪਾ ਕੇ, ਸਾੜ ਦੇਣ ਦਾ ਅਹਿਮ ਮਸਲਾ ਹੈ ਤੇ ਕਾਂਗਰਸ ਵਿਰੁਧ ਮਤਾ ਪਾਸ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸ ਨੂੰ ਕਲੀਨ ਚਿੱਟ ਦੇਣਾ ਠੀਕ ਨਹੀਂ। ਸਪੀਕਰ ਸਾਹਿਬ ਨੇ ਮਾਰਸ਼ਲਾਂ ਨੂੰ ਹਦਾਇਤ ਦਿਤੀ ਕਿ ਮੈਨੂੰ ਹਾਊਸ ਤੋਂ ਬਾਹਰ ਸੁੱਟ ਦਿਉ ਕਿਉਂਕਿ ਆਮ ਆਦਮੀ ਪਾਰਟੀ ਕਾਂਗਰਸ ਨਾਲ ਚੋਣਾਂ ਵਿਚ ਗਠਜੋੜ ਕਰਨਾ ਚਾਹੁੰਦੀ ਹੈ, ਇਸ ਲਈ ਕਾਂਗਰਸ ਵਿਰੁਧ ਮਤਾ ਪਾਸ ਨਹੀਂ ਕਰ ਰਹੇ ਤੇ ਸਦਨ ਮੁਲਤਵੀ ਹੋਣ ਦੇ ਬਾਵਜੂਦ ਮੈਨੂੰ ਬਾਹਰ ਸੁੱਟਿਆ ਗਿਆ।''

ਉਨ੍ਹਾਂ ਦੋਸ਼ ਲਾਇਆ,“ਮਾਰਸ਼ਲਾਂ ਨੇ ਮੇਰੀ ਪੱਗ ਲਾਹ ਦਿਤੀ ਹੈ, ਸਿੱਖ ਵਿਧਾਇਕ ਜਰਨੈਲ ਸਿੰਘ ਨੂੰ ਵੀ ਬੇਨਤੀ ਕੀਤੀ, ਪਰ ਮੇਰੀ ਪੱਗ ਲਾਹ ਦਿਤੀ ਗਈ।'' ਵਿਧਾਨ ਸਭਾ ਦੀ ਕਾਰਵਾਈ ਦਾ ਜੋ ਵੀਡੀਉ ਨਸ਼ਰ ਹੋਇਆ ਹੈ, ਉਸ ਵਿਚ ਸਾਫ਼ ਹੈ ਕਿ ਸਿਰਸਾ ਸਪੀਕਰ ਦੀ ਕੁਰਸੀ ਅੱਗੇ ਲੰਮੇ ਪਏ ਹੋਏ ਅਪਣੀ ਪੱਗ ਨੂੰ ਘੁੱਟ ਕੇ, ਫੜੇ ਹੋਏ ਹਨ ਤੇ ਪੱਗ ਢਿੱਲੀ ਹੋ ਗਈ ਨਜ਼ਰ ਆ ਰਹੀ ਹੈ।