ਸੁਖਜਿੰਦਰ ਰੰਧਾਵਾ ਨੂੰ ਪੰਥਕ ਮਸਲਿਆਂ ਵਿਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ ਹੈ: ਐਡਵੋਕੇਟ ਧਾਮੀ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਕੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਵੱਲੋਂ ਕੀਤੇ ਗਏ ਸਿੱਖ ਕਤਲੇਆਮ ਬਾਰੇ ਵੀ ਸੰਗਤ ਨੂੰ ਜਾਣੂ ਕਰਵਾਉਣ ਦੀ ਹਿੰਮਤ ਕਰਨਗੇ?

Sukhjinder Randhawa has no right to interfere in Panthic issues: Advocate Dhami

 

ਅੰਮ੍ਰਿਤਸਰ: ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬੀਤੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਿਆ ਗਿਆ ਸੀ ਜਿਸ ਵਿਚ ਬਾਦਲ ਪਿਓ-ਪੁੱਤ ਨੂੰ ਪੰਥ ਵਿਚੋਂ ਖਾਰਜ ਕਰਨ ਦੀ ਅਪੀਲ ਕੀਤੀ ਗਈ ਸੀ। ਸੁਖਜਿੰਦਰ ਰੰਧਾਵਾ ਦੀ ਇਸ ਚਿੱਠੀ 'ਤੇ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਧਾਮੀ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਹਿਲਾਂ ਅਪਣੀ ਪੀੜ੍ਹੀ ਹੇਠ ਸੋਟਾ ਮਾਰਨਾ ਚਾਹੀਦਾ ਹੈ। ਸੁਖਜਿੰਦਰ ਰੰਧਾਵਾ ਨੂੰ ਪੰਥਕ ਮਸਲਿਆਂ ਵਿਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ ਹੈ

 ਕਿਉਂਕਿ ਉਹਨਾਂ ਦੀ ਪਾਰਟੀ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕਰਕੇ ਸਿੱਖ ਕੌਮ ਦੇ ਖ਼ਾਤਮੇ ਦਾ ਯਤਨ ਕੀਤਾ ਸੀ। ਉਨ੍ਹਾਂ ਸਵਾਲ ਕੀਤਾ ਕਿ ਕੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਵੱਲੋਂ ਕੀਤੇ ਗਏ ਸਿੱਖ ਕਤਲੇਆਮ ਬਾਰੇ ਵੀ ਸੰਗਤ ਨੂੰ ਜਾਣੂ ਕਰਵਾਉਣ ਦੀ ਹਿੰਮਤ ਕਰਨਗੇ? ਹਰਜਿੰਦਰ ਧਾਮੀ ਨੇ ਰੰਧਾਵਾ ਨੂੰ ਜੂਨ 1984 ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੋਲ਼ੀਆਂ ਨਾਲ ਜ਼ਖ਼ਮੀ ਕੀਤੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੱਲ ਧਿਆਨ ਦਵਾਉਂਦਿਆਂ ਆਖਿਆ ਕਿ ਕਾਂਗਰਸ ਵੱਲੋਂ ਕੀਤੀ

ਇਹ ਬੇਅਦਬੀ ਸਿੱਖ ਮਾਨਸਿਕਤਾ ਦਾ ਸਦੀਵ ਹਿੱਸਾ ਬਣ ਚੁੱਕੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਨੂੰ ਕਦੀ ਨਹੀਂ ਭੁੱਲਣਗੀਆਂ।
ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਤੇ ਇਸ ਦੇ ਜਥੇਦਾਰ ਸਾਹਿਬ ਦੀ ਸ਼ਾਨ ਬਹੁਤ ਉੱਚੀ ਹੈ। ਪਰ ਕਾਂਗਰਸ ਦੇ ਇਹ ਆਗੂ ਅਕਾਲ ਤਖ਼ਤ ਸਾਹਿਬ ਦੀਆਂ ਪ੍ਰੰਪਰਾਵਾਂ ਨੂੰ ਢਾਹ ਲਗਾਉਣ ਦੇ ਰਸਤੇ ਤੁਰੇ ਹੋਏ ਹਨ। ਇਨ੍ਹਾਂ ਦਾ ਮੰਤਵ ਕੌਮ ਅੰਦਰ ਦੁਬਿਧਾ ਪੈਦਾ ਕਰਨਾ ਹੈ। ਇਹ ਲੋਕ ਅਜਿਹੀਆਂ ਹਰਕਤਾਂ ਕੇਵਲ ਪੰਥ ਨੂੰ ਕਮਜ਼ੋਰ ਕਰਨ ਦੀ ਮਨਸ਼ਾ ਨਾਲ ਹੀ ਕਰ ਰਹੇ ਹਨ। ਉਨ੍ਹਾਂ ਸ. ਸੁਖਜਿੰਦਰ ਸਿੰਘ ਰੰਧਾਵਾ ਨੂੰ ਚੇਤਾਵਨੀ ਦਿੱਤੀ ਕਿ ਉਹ ਆਪਣੀ ਹੱਦ ਅੰਦਰ ਰਹਿਣ ਅਤੇ ਪੰਥਕ ਮਸਲਿਆਂ ਵਿਚ ਦਖ਼ਲ ਨਾ ਦੇਣ।