ਮੀਟ ਮਸਾਲੇ ਦੇ ਪੈਕਟ 'ਤੇ ਲੱਗੀ ਦਰਬਾਰ ਸਾਹਿਬ ਦੀ ਫ਼ੋਟੋ: ਕੰਪਨੀ ਨੇ ਮੰਨੀ ਗ਼ਲਤੀ, ਵਾਪਸ ਮੰਗਵਾਇਆ ਮਾਲ
ਮੀਟ ਮਸਾਲੇ ਦੇ ਪੈਕਟ 'ਤੇ ਦਰਬਾਰ ਸਾਹਿਬ ਦੀ ਫ਼ੋਟੋ ਛਾਪਣ ਦੇ ਮਾਮਲੇ ਵਿਚ ਅੱਜ ਮੀਟ ਮਸਾਲੇ ਦਾ ਵਪਾਰ ਕਰਨ ਵਾਲੇ ਸੁਰਿੰਦਰ ਸਿੰਘ ਨੇ ਅਪਣੀ ਗ਼ਲਤੀ ਮੰਨਦਿਆਂ ਸਿੱਖ ਕੌਮ ਤੋਂ..
ਅੰਮ੍ਰਿਤਸਰ, 22 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਮੀਟ ਮਸਾਲੇ ਦੇ ਪੈਕਟ 'ਤੇ ਦਰਬਾਰ ਸਾਹਿਬ ਦੀ ਫ਼ੋਟੋ ਛਾਪਣ ਦੇ ਮਾਮਲੇ ਵਿਚ ਅੱਜ ਮੀਟ ਮਸਾਲੇ ਦਾ ਵਪਾਰ ਕਰਨ ਵਾਲੇ ਸੁਰਿੰਦਰ ਸਿੰਘ ਨੇ ਅਪਣੀ ਗ਼ਲਤੀ ਮੰਨਦਿਆਂ ਸਿੱਖ ਕੌਮ ਤੋਂ ਮੁਆਫ਼ੀ ਮੰਗ ਲਈ ਹੈ ਅਤੇ ਬਾਜ਼ਾਰ ਵਿਚ ਸਪਲਾਈ ਕੀਤਾ ਗਿਆ ਮਾਲ ਵਾਪਸ ਮੰਗਵਾਇਆ ਹੈ।
ਅਕਾਲ ਤਖ਼ਤ ਵਿਖੇ ਪੁੱਜੀਆਂ ਸ਼ਿਕਾਇਤਾਂ 'ਤੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਨੋਟਿਸ ਲੈਂਦਿਆਂ ਆਸਟ੍ਰੇਲੀਆਂ ਦੀ ਸੰਗਤ ਨੂੰ ਫ਼ੋਨ ਅਤੇ ਮੀਡੀਆ ਰਾਹੀਂ ਪ੍ਰੇਰਤ ਕਰਨ 'ਤੇ ਮੈਲਬੋਰਨ (ਆਸਟ੍ਰੇਲੀਆ) ਤੋਂ ਪ੍ਰਧਾਨ ਰਵਿੰਦਰ ਸਿੰਘ ਲੋਪੋਂ ਅਤੇ ਸਿੱਖ ਸੰਗਤ ਨੇ ਤੁਰਤ ਕਾਰਵਾਈ ਕਰਦਿਆਂ ਮਸਾਲੇ ਦਾ ਵਪਾਰ ਕਰਨ ਵਾਲੇ ਸੁਰਿੰਦਰ ਸਿੰਘ ਦੀ ਭਾਲ ਕਰ ਲਈ। ਸੁਰਿੰਦਰ ਸਿੰਘ ਨੇ ਤੁਰਤ ਅਪਣੀ ਭੁੱਲ ਸਵੀਕਾਰ ਕਰਦਿਆਂ ਅਪਣੇ ਵਲੋਂ ਕੀਤੀ ਭੁੱਲ ਪ੍ਰਤੀ ਅਕਾਲ ਤਖ਼ਤ ਅਤੇ ਸਿੱਖ ਪੰਥ ਕੋਲੋਂ ਮੁਆਫੀ ਮੰਗੀ ਹੈ। ਅਕਾਲ ਤਖ਼ਤ ਨੂੰ ਸਮਰਪਿਤ ਹੁੰਦਿਆਂ ਅੱਗੇ ਤੋਂ ਅਜਿਹੀ ਕੋਈ ਵੀ ਗ਼ਲਤੀ ਨਾ ਕਰਨ ਦਾ ਭਰੋਸਾ ਦਿਤਾ ਹੈ ਅਤੇ ਉਸ ਨੇ ਸਪਲਾਈ ਹੋ ਚੁੱਕਾ ਸਾਰਾ ਮਾਲ ਗੁਦਾਮ ਵਿਚ ਮੰਗਵਾ ਲਿਆ ਹੈ।
'ਕਰੀ ਮਾਸਟਰ' ਦੇ ਮਾਲਕ ਸੁਰਿੰਦਰ ਸਿੰਘ ਨੇ ਈਮੇਲ ਰਾਹੀਂ ਭੇਜੇ ਪੱਤਰ ਵਿਚ ਲਿਖਿਆ ਕਿ ਉਨ੍ਹਾਂ ਕੋਲੋਂ ਇਹ ਤਸਵੀਰ ਗ਼ਲਤੀ ਨਾਲ ਪੈਕਿੰਗ ਵਾਲੇ ਡੱਬੇ ਉਪਰ ਛਪ ਗਈ ਸੀ ਜਿਸ ਨੂੰ ਹਟਾ ਦਿਤਾ ਗਿਆ ਹੈ ਅਤੇ ਬਾਜ਼ਾਰ ਵਿਚ ਗਏ ਡਬਿਆਂ ਨੂੰ ਵਾਪਸ ਵੀ ਮੰਗਵਾ ਲਿਆ ਹੈ। ਸੁਰਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਸੱਭ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਅਪਣੀ ਗ਼ਲਤੀ ਲਈ ਸੋਸ਼ਲ ਮੀਡੀਆ ਉਪਰ ਜਨਤਕ ਤੌਰ 'ਤੇ ਵੀ ਮੁਆਫ਼ੀ ਮੰਗਣਗੇ।