ਕਾਂਗਰਸ ਦਾ ਨਹੀਂ ਸਗੋਂ ਕੈਪਟਨ ਦਾ ਜਾਤੀ ਤੌਰ 'ਤੇ ਸਲਾਹਕਾਰ ਹਾਂ: ਸਰਨਾ
ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ
ਅੰਮ੍ਰਿਤਸਰ, 23 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਉਪ੍ਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸਰਨਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵਲੋ ਕਾਂਗਰਸ ਦੇ ਸਲਾਹਕਾਰ ਹੋਣ ਦੇ ਉਠਾਏ ਸਵਾਲ 'ਤੇ ਟਿਪਣੀ ਕਰਦਿਆਂ ਕਿਹਾ ਕਿ ਉਹ ਨਾ ਤਾਂ ਕਾਂਗਰਸ ਪਾਰਟੀ ਤੇ ਨਾ ਹੀ ਕਾਂਗਰਸ ਸਰਕਾਰ ਦੇ ਸਲਾਹਕਾਰ ਹਨ, ਸਗੋਂ ਉਨ੍ਹਾਂ ਦੀ ਕੈਪਟਨ ਪਰਵਾਰ ਨਾਲ ਨਿਜੀ ਨੇੜਤਾ ਹੈ। ਸਰਨਾ ਨੇ ਕਿਹਾ ਕਿ ਪ੍ਰੋ. ਬਡੂੰਗਰ ਨੂੰ ਅਜਿਹੀਆ ਗੱਲਾਂ ਕਰਨ ਦੀ ਬਜਾਏ ਪੰਥ ਦੀ ਚੜ੍ਹਦੀ ਕਲਾ ਲਈ ਹੀ ਵਿਚਾਰ ਪੇਸ਼ ਕਰਨੇ ਚਾਹੀਦੇ ਹਨ ਜਿਸ ਸ਼੍ਰੋਮਣੀ ਕਮੇਟੀ ਦੇ ਉਹ ਪ੍ਰਧਾਨ ਹਨ, ਉਹ ਕਿਸੇ ਇਕ ਧੜੇ ਜਾਂ ਵਰਗ ਦੀ ਨਹੀਂ ਸਗੋ ਸਮੁੱਚੇ ਸਿੱਖਾਂ ਦੀ ਹੈ, ਭਾਵੇਂ ਉਹ ਕਿਸੇ ਵੀ ਪਾਰਟੀ ਜਾਂ ਜਥੇਬੰਦੀ ਨਾਲ ਵੀ ਸਬੰਧਤ ਕਿਉ ਨਾ ਹੋਵੇ। ਪ੍ਰੋ. ਬਡੂੰਗਰ ਜੇ ਵਾਕਿਆ ਹੀ ਵਿਦਵਾਨ ਹਨ ਤਾਂ ਉਨ੍ਹਾਂ ਨੂੰ ਅਪਣੀ ਸ਼ਕਤੀ ਵਿਵਾਦਤ ਮੁਦਿਆਂ 'ਤੇ ਨਸ਼ਟ ਕਰਨ ਦੀ ਬਜਾਏ ਉਸਾਰੀ ਵਿਚਾਰਾਂ 'ਤੇ ਖ਼ਰਚ ਕਰਨੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਸਮੇਤ ਸਾਰੇ ਗੁਰੂ ਘਰਾਂ 'ਤੇ ਲਾਏ ਗਏ ਜੀਐਸਟੀ ਦੀ ਗੱਲ ਕਰਦਿਆਂ ਸ. ਸਰਨਾ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਹੈ ਅਤੇ ਅਕਾਲੀ ਦਲ ਨਾਲ ਸਬੰਧਤ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਮੰਡਲ ਵਿਚ ਕੈਬਨਿਟ ਮੰਤਰੀ ਹਨ। ਜੇ ਕੇਂਦਰ ਸਰਕਾਰ ਉਨ੍ਹਾਂ ਦਾ ਕਹਿਣਾ ਨਹੀਂ ਮੰਨਦੀ ਤਾਂ ਉਨ੍ਹਾਂ ਨੂੰ ਤੁਰਤ ਅਸਤੀਫ਼ਾ ਦੇ ਕੇ ਬਾਹਰ ਆ ਜਾਣਾ ਚਾਹੀਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਸਮੇਂ ਦਿੱਲੀ ਤੋਂ ਨਨਕਾਣਾ ਸਾਹਿਬ ਤਕ ਲਿਜਾਏ ਜਾਣ ਵਾਲੇ ਨਗਰ ਕੀਰਤਨ ਦੀ ਗੱਲ ਕਰਦਿਆਂ ਸ. ਸਰਨਾ ਕਿਹਾ ਕਿ ਸਾਰੀਆ ਧਿਰਾਂ ਨੂੰ ਖੁੱਲ੍ਹਾ ਸੱਦਾ ਦਿਤੇ ਜਾਣ ਦੇ ਨਾਲ ਨਾਲ ਨਿਜੀ ਤੌਰ 'ਤੇ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸੱਦਾ ਪੱਤਰ ਦਿਤਾ ਜਾਵੇਗਾ।