ਜਥੇਦਾਰ ਗਿਆਨੀ ਮੱਲ ਸਿੰਘ ਦੀ ਹੋ ਸਕਦੀ ਹੈ ਛੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿਛਲੇ ਕਈ ਦਿਨਾਂ ਤੋਂ ਬੀਮਾਰੀ ਨਾਲ ਜੂਝ ਰਹੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਜੀ ਕਿਸੇ ਸਮੇਂ ਵੀ ਛੁੱਟੀ ਹੋ ਸਕਦੀ ਹੈ। ਇਸ ਲਈ....

Giyani Mal Singh

ਨੰਗਲ, 24 ਜ਼ੁਲਾਈ (ਕੁਲਵਿੰਦਰ ਭਾਟੀਆ): ਪਿਛਲੇ ਕਈ ਦਿਨਾਂ ਤੋਂ ਬੀਮਾਰੀ ਨਾਲ ਜੂਝ ਰਹੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਜੀ ਕਿਸੇ ਸਮੇਂ ਵੀ ਛੁੱਟੀ ਹੋ ਸਕਦੀ ਹੈ। ਇਸ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਨਵਾਂ ਜਥੇਦਾਰ ਵੀ ਲੱਭ ਲਿਆ ਗਿਆ ਹੈ। ਜੇ ਸੂਤਰਾਂ ਦੀ ਮੰਨੀਏ ਤਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਗਲੇ ਜਥੇਦਾਰ ਸ੍ਰੀ ਦਰਬਾਰ ਸਾਹਿਬ ਤੇ ਗ੍ਰੰਥੀ ਸਿੰਘ ਦੀ ਪਿਛਲੇ ਤਿੰਨ ਸਾਲ ਸੇਵਾ ਨਿਭਾਅ ਰਹੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੋ ਸਕਦੇ ਹਨ। ਇਸ ਨਿਯੁਕਤੀ ਦਾ ਐਲਾਨ 28 ਜੁਲਾਈ ਨੂੰ ਅੰਤ੍ਰਿੰੰਗ ਕਮੇਟੀ ਦੀ ਗੁਰਦਵਾਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿੱਚ ਹੋਣ ਜਾ ਰਹੀ ਮੀਟਿੰਗ ਵਿਚ ਕੀਤੇ ਜਾਣ ਦੀਆਂ ਕਿਆਸਅਰਾਈਆ ਹਨ।
ਦਸਣਾ ਬਣਦਾ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੀ ਅਪਣੀ ਈਮਾਨਦਾਰੀ ਕਾਰਨ ਸ੍ਰੀ ਅਨੰਦਪੁਰ ਸਾਹਿਬ ਵਿਚ ਅਪਣੀ ਅਲਗ ਥਾਂ ਬਣਾ ਚੁੱਕੇ ਹਨ ਅਤੇ ਜਾਣਕਾਰੀ ਮੁਤਾਬਕ ਹੁਣ ਤਕ ਉਹ ਅਪਣੀ ਜਥੇਦਾਰੀ ਦੀਆਂ ਸੇਵਾਵਾਂ ਵਿਚ ਇਕੱਤਰ ਹੋਣ ਵਾਲੀ ਮਾਇਆ 8 ਲੱਖ ਰੁਪਏ ਦੇ ਕਰੀਬ ਸ਼੍ਰੋਮਣੀ ਕਮੇਟੀ ਨੂੰ ਜਮ੍ਹਾਂ ਵੀ ਕਰਵਾ ਚੁੱਕੇ ਹਨ। ਪਿਛਲੇ ਸਾਲ ਉਨ੍ਹਾਂ ਦਾ ਦਿਮਾਗ਼ ਦਾ ਅਪ੍ਰੇਸ਼ਨ ਹੋਇਆ ਸੀ ਅਤੇ ਹੁਣ ਪਿਛਲੇ ਲਗਭਗ 22 ਦਿਨ ਤੋਂ ਉਹ ਬੀਮਾਰ ਚੱਲ ਰਹੇ ਹਨ। ਭਾਵੇਂ ਕਿ ਕੋਈ ਅਜਿਹਾ ਦੋਸ਼ ਨਹੀਂ ਹੈ ਜਿਸ ਕਰ ਕੇ ਉਨ੍ਹਾਂ ਨੂੰ ਹਟਾਇਆ ਜਾ ਸਕਦਾ ਹੈ ਪਰ ਸੂਤਰ ਦਸਦੇ ਹਨ ਕਿ ਉਨ੍ਹਾਂ ਦੀ ਬੀਮਾਰੀ ਦਾ ਬਹਾਨਾ ਲਗਾ ਕੇ ਉਨ੍ਹਾਂ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਜਾ ਸਕਦੀਆਂ ਹਨ।
ਜੇ ਗੱਲ ਕਰੀਏ ਗਿਆਨੀ ਰਘਬੀਰ ਸਿੰਘ ਜੀ ਦੀ ਤਾਂ ਉਨ੍ਹਾਂ ਦੀ ਧਾਰਮਕ ਸਿਖਿਆ ਉਨ੍ਹਾਂ ਟਕਸਾਲੀ ਸਿੰਘ ਗਿਆਨੀ ਜਸਬੀਰ ਸਿੰਘ ਅਤੇ ਗਿਆਨੀ ਮੇਵਾ ਸਿੰਘ ਤੋਂ ਪ੍ਰਾਪਤ ਕੀਤੀ ਹੈ ਅਤੇ ਉਹ ਅਮ੍ਰਿਤਸਰ ਦੇ ਲਾਗੇ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ ਹਨ। ਇਸ ਤੋਂ ਪਹਿਲਾ ਵੀ ਉਨ੍ਹਾਂ ਦਾ ਨਾਮ ਜਥੇਦਾਰ ਲਈ ਕਈ ਵਾਰ ਅੱਗੇ ਆਇਆ ਸੀ ਅਤੇ ਅਕਾਲ ਤਖ਼ਤ ਤੇ ਜਥੇਦਾਰਾਂ ਦੀਆਂ ਮੀÎਿਟੰਗਾਂ ਵਿਚ ਉਨ੍ਹਾਂ ਨੂੰ ਬਤੌਰ ਗ੍ਰੰਥੀ ਸ਼ਾਮਲ ਕੀਤਾ ਜਾਂਦਾ ਹੈ। ਇਸ ਸਬੰਧੀ ਸਪੋਕਸਮੈਨ ਵਲੋਂ ਜਦ ਗਿਆਨੀ ਰਘਬੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਧਿਕਾਰਤ ਤੌਰ 'ਤੇ ਅਜੇ ਕੋਈ ਸੁਨੇਹਾ ਨਹੀ ਆਇਆ ਪਰ ਆਲੇ ਦੁਆਲਿਆਂ ਤੋਂ ਫ਼ੋਨ ਆ ਰਹੇ ਹਨ ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਹੈ।