ਮਾਝੇ ਦੇ ਨਾਰਾਜ਼ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕੀਤੀ ਅਹਿਮ ਮੀਟਿੰਗ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮਾਝੇ ਨਾਲ ਸਬੰਧਤ ਅੱਧੀ ਕੁ ਦਰਜਨ ਅਸੰਤੁਸ਼ਟ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਕ ਅਹਿਮ ਮੀਟਿੰਗ ਕਰ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ..
ਅੰਮ੍ਰਿਤਸਰ, 22 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮਾਝੇ ਨਾਲ ਸਬੰਧਤ ਅੱਧੀ ਕੁ ਦਰਜਨ ਅਸੰਤੁਸ਼ਟ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਇਕ ਅਹਿਮ ਮੀਟਿੰਗ ਕਰ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ।
ਪ੍ਰੋ. ਬਡੂੰਗਰ ਵਲੋਂ ਸੁਣਵਾਈ ਨਾ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਕੋਲ ਉਨ੍ਹਾਂ ਦਾ ਮਾਮਲਾ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਮੁਤਾਬਕ ਮੀਟਿੰਗ ਵਿਚ ਪ੍ਰੋ. ਬਡੂੰਗਰ ਦੀ ਕਾਰਗੁਜ਼ਾਰੀ ਤੇ ਅਸੰਤੁਸ਼ਟੀ ਪ੍ਰਗਟ ਕਰਦਿਆ ਰੋਸ ਪ੍ਰਗਟ ਕੀਤਾ ਹੈ ਕਿ ਮਾਝੇ ਦੇ ਮੈਂਬਰਾਂ ਦੇ ਕੰਮ ਨਹੀਂ ਹੋ ਰਹੇ। ਮਾਲਵੇ, ਦੁਆਬੇ ਤੇ ਹਰਿਆਣੇ ਦੇ ਮੈਂਬਰਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀ ਇਕ ਮੈਂਬਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ ਰੋਸ ਪ੍ਰਗਟ ਕਰਦਿਆਂ ਉਨ੍ਹਾਂ ਕੋਲ ਅਪੀਲ ਕੀਤੀ ਸੀ ਕਿ ਉਹ ਕਿਸੇ ਇਕ ਮੈਂਬਰ ਦੀ ਗੱਲ ਨਹੀਂ ਕਰਦੇ ਸਗੋਂ ਮਾਝੇ ਦੇ ਸਮੁੱਚੇ ਮੈਂਬਰਾਂ ਦੀ ਗੱਲ ਕਰਦੇ ਹਨ ਕਿ ਭਵਿੱਖ ਵਿਚ ਜਲਦੀ ਹੀ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਕਮੇਟੀਆਂ ਦੀਆਂ ਚੋਣਾਂ ਤੇ ਬਾਅਦ ਪੰਚਾਂ ਸਰਪੰਚਾਂ ਦੀਆਂ ਵੀ ਚੋਣਾਂ ਆ ਰਹੀਆਂ ਹਨ ਅਤੇ ਲੋਕਾਂ ਵਿਚ ਜਾਣ ਲਈ ਹਰ ਮੈਂਬਰ ਦੋ-ਦੋ, ਚਾਰ-ਚਾਰ ਬੰਦੇ ਭਰਤੀ ਕੀਤੇ ਜਾਣ ਤਾਕਿ ਚੋਣਾਂ ਵਿਚ ਉਹ ਵੋਟਰਾਂ ਕੋਲ ਜਾ ਕੇ ਦੱਸ ਸਕਣ ਕਿ ਉਨ੍ਹਾਂ ਨੇ ਕੁੱਝ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਵਾਇਆ ਹੈ ਤੇ ਬਾਕੀਆ ਨੂੰ ਵੀ ਜਲਦੀ ਹੀ ਦਿਵਾ ਦਿਤਾ ਜਾਵੇਗਾ। ਪਰ ਕੋਈ ਸੁਣਵਾਈ ਨਹੀਂ ਹੋਈ।