ਨਵਾਬ ਰਾਏ ਕੱਲ੍ਹਾ ਨੇ ਗੁਰੂ ਬਖ਼ਸ਼ਿਸ਼ਾਂ ਪ੍ਰਾਪਤ ਕੀਤੀਆਂ
ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਨਵਾਬ ਰਾਏ ਕੱਲ੍ਹਾ ਜੀ ਦੀ ਤਸਵੀਰ ਗੰਗਾ ਸਾਗਰ ਸਮੇਤ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀ ਗਈ।
ਅੰਮ੍ਰਿਤਸਰ, 24 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸੇਵਕ ਨਵਾਬ ਰਾਏ ਕੱਲ੍ਹਾ ਜੀ ਦੀ ਤਸਵੀਰ ਗੰਗਾ ਸਾਗਰ ਸਮੇਤ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀ ਗਈ। ਤਸਵੀਰ ਤੋਂ ਪਰਦਾ ਹਟਾਉਣ ਦੀ ਰਸਮ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਅਤੇ ਦਰਬਾਰ ਸਾਹਿ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਸਾਂਝੇ ਤੌਰ 'ਤੇ ਨਿਭਾਈ।
ਸੰਗਤ ਨੂੰ ਸੰਬੋਧਨ ਕਰਦਿਆਂ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਅੰਦਰ ਅਜਿਹੀਆਂ ਕਈ ਸ਼ਖ਼ਸੀਅਤਾਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਨੇ ਗੁਰੂਆਂ ਪ੍ਰਤੀ ਅਥਾਹ ਸ਼ਰਧਾ ਦਾ ਪ੍ਰਗਟਾਵਾ ਕਰਦਿਆਂ ਗੁਰੂ ਬਖ਼ਸ਼ਿਸ਼ਾਂ ਪ੍ਰਾਪਤ ਕੀਤੀਆਂ ਅਤੇ ਇਨ੍ਹਾਂ ਵਿਚੋਂ ਹੀ ਨਵਾਬ ਰਾਏ ਕੱਲ੍ਹਾ ਜੀ ਵੀ ਇਕ ਹਨ। ਔਰੰਗਜ਼ੇਬ ਦੇ ਜ਼ੁਲਮੀ ਰਾਜ ਸਮੇਂ ਗੁਰੂ ਘਰ ਪ੍ਰਤੀ ਨਿਭਾਈ ਸੇਵਾ ਤੇ ਨਿਸ਼ਠਾ ਲਈ ਦਸਵੇਂ ਪਾਤਸ਼ਾਹ ਜੀ ਨੇ ਰਾਏ ਕੱਲ੍ਹਾ ਨੂੰ ਗੰਗਾ ਸਾਗਰ (ਸੁਰਾਹੀ), ਕਿਰਪਾਨ ਤੇ ਰਹਿਲ ਦੇ ਕੇ ਨਿਵਾਜਿਆ ਸੀ ਜੋ ਅੱਜ ਵੀ ਉਨ੍ਹਾਂ ਦੇ ਵੰਸ਼ਜਾਂ ਕੋਲ ਸੁਰੱਖਿਅਤ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਰਾਏ ਕੱਲ੍ਹਾ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸੰਗਤ ਨੂੰ ਗੁਰੂ ਸਾਹਿਬਾਨ ਅਤੇ ਧਰਮ ਪ੍ਰਤੀ ਸਮਰਪਣ ਦੀ ਪ੍ਰੇਰਨਾ ਪ੍ਰਾਪਤ ਹੋਏਗੀ। ਇਸ ਮੌਕੇ ਨਵਾਬ ਰਾਏ ਕੱਲ੍ਹਾ ਜੀ ਦੀ ਵੰਸ਼ ਵਿਚੋਂ ਪਾਕਿਸਤਾਨ ਦੇ ਸਾਬਕਾ ਸੰਸਦ ਮੈਂਬਰ ਰਾਏ ਅਜੀਜ਼ ਉਲ੍ਹਾ ਖ਼ਾਨ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਨਾਮ ਭੇਜਿਆ ਗਿਆ ਧਨਵਾਦੀ ਪੱਤਰ ਅਤੇ ਸਨਮਾਨ ਸ੍ਰੀ ਸਤਨਾਮ ਸਿੰਘ ਮਾਣਕ ਅਤੇ ਰਾਏਕੋਟ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ ਨੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨੂੰ ਦਿਤਾ।